ਸਿੰਗਾਪੁਰ ਦੇ ਹੋਟਲ ਦਾ ਖਰਚਾ ਕਿਮ ਜੋਂਗ ਨਹੀਂ ਉਠਾ ਸਕਦਾ


ਵਾਸ਼ਿੰਗਟਨ, 4 ਜੂਨ (ਪੋਸਟ ਬਿਊਰੋ)- ਦੁਨੀਆ ਨੂੰ ਐਟਮੀ ਤਜਰਬਿਆਂ ਨਾਲ ਹਿਲਾ ਦੇਣ ਵਾਲੇ ਉੱਤਰ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਦੇ ਕੋਲ ਸਿੰਗਾਪੁਰ ਦੇ ਇੱਕ ਹੋਟਲ ਦਾ ਬਿਲ ਦੇਣ ਲਈ ਪੈਸੇ ਨਹੀਂ ਹਨ।
ਵਰਨਣ ਯੋਗ ਹੈ ਕਿ 12 ਜੂਨ ਨੂੰ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਿੰਗਾਪੁਰ ਦੇ ਫੁਲਰਟਨ ਹੋਟਲ ਵਿੱਚ ਪ੍ਰਸਤਾਵਿਤ ਬੈਠਕ ਹੋਣੀ ਹੈ। ਫੁਲਰਟਨ ਹੋਟਲ ਦੇ ਰਾਸ਼ਟਰਪਤੀ ਸੁਈਟ ਦਾ ਇੱਕ ਰਾਤ ਦਾ ਬਿਲ ਛੇ ਹਜ਼ਾਰ ਡਾਲਰ (ਕਰੀਬ ਚਾਰ ਲੱਖ ਰੁਪਏ) ਹੈ। ਉੱਤਰ ਕੋਰੀਆ ਉਤੇ ਅੰਤਰਰਾਸ਼ਟਰੀ ਪਾਬੰਦੀਆਂ ਦੇ ਕਾਰਨ ਉਸ ਦੀ ਅਰਥ ਵਿਵਸਥਾ ਬਹੁਤ ਕਮਜ਼ੋਰ ਹੋ ਗਈ ਹੈ। ਇਸ ਲਈ ਕਿਮ ਦੇ ਕੋਲ ਹੋਟਲ ਦਾ ਬਿਲ ਦੇਣ ਦੇ ਲਈ ਧਨ ਨਹੀਂ ਹੈ। ਅੜਿੱਕਾ ਇਸ ਗੱਲ ‘ਤੇ ਹੈ ਕਿ ਕਿਮ ਦੇ ਵੱਡੇ ਵਫਦ ਦਾ ਖਰਚ ਕੌਣ ਚੁੱਕੇਗਾ? ਮੀਡੀਆ ਰਿਪੋਰਟ ਮੁਤਾਬ ਅਮਰੀਕਾ ਕਿਮ ਅਤੇ ਉਸ ਦੇ ਵਫਦ ਦਾ ਖਰਚ ਚੁੱਕਣ ਲਈ ਤਿਆਰ ਹੈ, ਪਰ ਡਰ ਇਹ ਹੈ ਕਿ ਕਿਮ ਇਸ ਨੂੰ ਆਪਣਾ ਅਪਮਾਨ ਨਾ ਸਮਝ ਲਵੇ। ਸੰਭਾਵਨਾ ਹੈ ਕਿ ਅਮਰੀਕਾ ਸਿੰਗਾਪੁਰ ਨੂੰ ਖਰਚ ਚੁੱਕਣ ਲਈ ਕਹੇਗਾ।
ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਾ ਹੀਦਰ ਨੋਅਰਟ ਨੇ ਕਿਹਾ ਕਿ ਸਿੰਗਾਪੁਰ ਵਿੱਚ ਉੱਤਰ ਕੋਰੀਆਈ ਵਫਦ ਦੇ ਰਹਿਣ ਦਾ ਖਰਚਾ ਅਮਰੀਕਾ ਨਹੀਂ ਦੇ ਰਿਹਾ। ਉਨ੍ਹਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਉਹ ਸਿੰਗਾਪੁਰ ਨੂੰ ਇਹ ਪ੍ਰਬੰਧ ਕਰਨ ਲਈ ਕਹਿਣਗੇ। ਇਸ ਦੌਰਾਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਕਿਹਾ ਹੈ ਕਿ ਉਹ ਉਤਰ ਕੋਰੀਆ ਜਾ ਕੇ ਉਥੋਂ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਨ। ਇਹ ਕਿਸੇ ਰਾਸ਼ਟਰ ਮੁਖੀ ਦੀ ਰਾਜਧਾਨੀ ਪਿਓਂਗਯਾਂਗ ਆ ਕੇ ਕਿਮ ਜੋਂਗ ਉਨ ਨਾਲ ਪਹਿਲੀ ਮੁਲਾਕਾਤ ਹੋਵੇਗੀ। ਕੁਝ ਦਿਨ ਪਹਿਲਾਂ ਸਰਹੱਦੀ ਪਿੰਡ ਵਿੱਚ ਉੱਤਰ ਕੋਰੀਆ ਦੇ ਇਲਾਕੇ ਵਿੱਚ ਬਣੇ ਭਵਨ ਵਿੱਚ ਆ ਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਈ ਇਨ ਨੇ ਕਿਮ ਜੋਂਗ ਨਾਲ ਮੁਲਾਕਾਤ ਕੀਤੀ ਸੀ। ਉਸ ਮੁਲਾਕਾਤ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਦਰਮਿਆਨ ਗੱਲਬਾਤ ਦੇ ਲਈ ਪ੍ਰਕਿਰਿਆ ਫਿਰ ਤੋਂ ਸ਼ੁਰੂ ਹੋਈ ਸੀ।