ਸਿ਼ੰਜੋ ਆਬੇ ਨੇ ਉੱਤਰੀ ਕੋਰੀਆ ਨੂੰ ਜਾਪਾਨ ਲਈ ਵੱਡਾ ਖਤਰਾ ਕਿਹਾ


ਟੋਕੀਓ, 5 ਜਨਵਰੀ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਐਟਮੀ ਤਾਕਤ ਹਾਸਲ ਕਰ ਚੁੱਕੇ ਉੱਤਰੀ ਕੋਰੀਆ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਸਮੇਂ ਜਾਪਾਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਨਵੇਂ ਸਾਲ ਦੇ ਚੜ੍ਹਨ ਪਿੱਛੋਂ ਇਕ ਧਾਰਮਿਕ ਸਮਾਗਮ ਮੌਕੇ ਆਬੇ ਨੇ ਕਿਹਾ ਕਿ ਐਟਮੀ ਹਥਿਆਰਾਂ ਨਾਲ ਸਮਰੱਥ ਉੱਤਰੀ ਕੋਰੀਆ ਕਿਸੇ ਵੀ ਸਥਿਤੀ ਵਿੱਚ ਸਾਨੂੰ ਮਨਜ਼ੂਰ ਨਹੀਂ ਹੈ।
ਸਿ਼ੰਜੋ ਆਬੇ ਨੇ ਸੰਸਾਰ ਭਾਈਚਾਰੇ ਨੂੰ ਉੱਤਰੀ ਕੋਰੀਆ ਨੂੰ ਉਸ ਦੀਆਂ ਨਿਊਕਲੀਅਰ ਖਾਹਿਸ਼ਾਂ ਘੱਟ ਕਰਨ ਲਈ ਸਖਤ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਸਥਿਤੀ ਹੋਰ ਵੀ ਵਿਗੜੀ ਹੈ। ਉੱਤਰੀ ਕੋਰੀਆ ਨੇ ਸਤੰਬਰ ਵਿੱਚ ਆਪਣਾ ਛੇਵਾਂ ਅਤੇ ਸਭ ਤੋਂ ਸ਼ਕਤੀਸ਼ਾਲੀ ਐਟਮੀ ਪ੍ਰੀਖਣ ਕੀਤਾ ਸੀ। ਉੱਤਰੀ ਕੋਰੀਆ ਨੇ ਪਿਛਲੇ 29 ਨਵੰਬਰ ਨੂੰ ਇਕ ਮਿਜ਼ਾਈਲ ਦੀ ਪਰਖ ਕੀਤੀ ਸੀ, ਜਿਹੜੀ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਡਿੱਗੀ ਸੀ। ਆਬੇ ਨੇ ਕਿਹਾ ਕਿ ਸੰਸਾਰ ਭਾਈਚਾਰੇ ਨੂੰ ਮਿਲ ਕੇ ਉੱਤਰੀ ਕੋਰੀਆ ਉੱਤੇ ਉਸ ਦੀਆਂ ਨੀਤੀਆਂ ਬਦਲਣ ਲਈ ਦਬਾਅ ਬਣਾਉਣਾ ਪਵੇਗਾ। ਉਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਦੀ ਤੁਲਨਾ ਦੂਜੇ ਵਿਸ਼ਵ ਯੁੱਧ ਨਾਲ ਕਰਦੇ ਹੋਏ ਕਿਹਾ ਕਿ ਉਸ ਹਿੰਸਾ ਦਾ ਅੰਤ ਜਾਪਾਨ ਦੇ ਦੋ ਸ਼ਹਿਰਾਂ ਉੱਤੇ ਦੋ ਐਟਮੀ ਬੰਬ ਹਮਲਿਆਂ ਮਗਰੋਂ ਹੋਇਆ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੂਜੇ ਵਿਸ਼ਵ ਯੁੱਧ ਮਗਰੋਂ ਜਾਪਾਨ ਇਸ ਸਮੇਂ ਸਭ ਤੋਂ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ।