ਸਿ਼ਵ ਸੈਨਾ ਐੱਮ ਪੀ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਹੱਥੋ-ਪਾਈ ਹੁੰਦੀ ਮਸਾਂ ਬਚੀ

shiv sena* ਮੰਤਰੀ ਨੇ ਕਿਹਾ: ਹਵਾਈ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ
* ਸਿ਼ਵ ਸੈਨਿਕ ਐੱਮ ਪੀ ਨੇ ਬਾਅਦ ਵਿੱਚ ਮੁਆਫੀ ਮੰਗ ਲਈ
ਨਵੀਂ ਦਿੱਲੀ, 6 ਅਪ੍ਰੈਲ, (ਪੋਸਟ ਬਿਊਰੋ)- ਏਅਰ ਇੰਡੀਆ ਦੇ ਇੱਕ ਮੈਨੇਜਰ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਘਿਰੇ ਹੋਏ ਸ਼ਿਵ ਸੈਨਾ ਦੇ ਪਾਰਲੀਮੈਂਟ ਮੈਂਬਰ ਰਵਿੰਦਰ ਗਾਇਕਵਾੜ ਦੇ ਮੁੱਦੇ ਤੋਂ ਲੋਕ ਸਭਾ ਵਿੱਚ ਮੋਦੀ ਸਰਕਾਰ ਦੇ ਦੋ ਸੀਨੀਅਰ ਮੰਤਰੀ ਆਪੋ ਵਿੱਚ ਭਿੜ ਗਏ। ਸ਼ਹਿਰੀ ਹਵਾਬਾਜ਼ੀ ਮੰਤਰੀ ਗਜਪਤੀ ਰਾਜੂ ਦੇ ਬਿਆਨ ਉੱਤੇ ਸ਼ਿਵ ਸੈਨਾ ਪਾਰਲੀਮੈਂਟ ਮੈਂਬਰ ਵੀ ਤੈਸ਼ ਵਿੱਚ ਆ ਗਏ ਅਤੇ ਹੱਥੋਪਾਈ ਹੁੰਦੀ ਮਸਾਂ ਬਚੀ। ਬਾਅਦ ਵਿੱਚ ਸਿ਼ਵ ਸੈਨਾ ਐੱਮ ਪੀ ਨੇ ਏਅਰ ਇੰਡੀਆ ਦੇ ਮੈਨੇਜਰ ਨੂੰ ਕੁੱਟਣ ਵਾਲੀ ਘਟਨਾ ਦੀ ਮੁਆਫੀ ਦੀ ਚਿੱਠੀ ਲਿਖ ਦਿੱਤੀ ਹੈ।
ਅੱਜ ਵੀਰਵਾਰ ਨੂੰ ਸ਼ਿਵ ਸੈਨਾ ਦੇ ਮੈਂਬਰ ਪੂਰੀ ਤਿਆਰੀ ਨਾਲ ਪਾਰਲੀਮੈਂਟ ਵਿੱਚ ਪੁੱਜੇ ਸਨ। ਏਅਰ ਇੰਡੀਆ ਦੇ ਮੈਨੇਜਰ ਦੀ ਕੁੱਟ ਮਾਰ ਦੇ ਦੋਸ਼ ਕਾਰਨ ਏਅਰਲਾਈਨ ਕੰਪਨੀਆਂ ਦੀ ਪਾਬੰਦੀ ਝੱਲ ਰਹੇ ਰਵਿੰਦਰ ਗਾਇਕਵਾੜ ਨੇ ਲੋਕ ਸਭਾ ਵਿੱਚ ਖੁਦ ਨੂੰ ਪੀੜਤ ਕਿਹਾ। ਆਪਣੇ ਪੁਰਾਣੇ ਅਧਿਆਪਕ ਦੇ ਕਿੱਤੇ ਅਤੇ ਆਪਣੇ ਸੁਭਾਅ ਦੇ ਨਰਮ ਹੋਣ ਦਾ ਦਾਅਵਾ ਕਰਦੇ ਹੋਏ ਗਾਇਕਵਾੜ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਣ ਦੀ ਲੋੜ ਹੈ। ਉਨ੍ਹਾਂ ਨੇ ਏਅਰ ਇੰਡੀਆ ਤੋਂ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਪਰ ਪਾਰਲੀਮੈਂਟ ਦੀ ਮਰਿਆਦਾ ਨੂੰ ਠੇਸ ਲੱਗਣ ਲਈ ਲੋਕ ਸਭਾ ਵਿੱਚ ਮਾਫ਼ੀ ਮੰਗ ਲਈ।
ਇਸ ਗੱਲ ਨਾਲ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਢਿੱਲੇ ਪੈਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਨੇ ਸਾਫ ਕਿਹਾ ਕਿ ਗੱਲ ਪਾਰਲੀਮੈਂਟ ਮੈਂਬਰ ਦੀ ਨਹੀਂ, ਇੱਕ ਮੁਸਾਫਰ ਦੀ ਹੈ ਤੇ ਯਾਤਰੀਆਂ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾ ਦਾ ਸੰਕੇਤ ਸਾਫ਼ ਸੀ ਕਿ ਏਅਰਲਾਈਨਜ਼ ਕੰਪਨੀਆਂ ਦੇ ਪਾਬੰਦੀ ਲਾਉਣ ਦੇ ਫ਼ੈਸਲੇ ਵਿੱਚ ਉਹ ਕੋਈ ਦਖ਼ਲ ਨਹੀਂ ਦੇਣਾ ਚਾਹੁੰਦੇ।
ਚੱਲ ਰਹੀ ਬਹਿਸ ਵਿੱਚ ਸਥਿਤੀ ਉਦੋਂ ਬੇਕਾਬੂ ਹੋ ਗਈ, ਜਦੋਂ ਸ਼ਿਵ ਸੈਨਾ ਕੋਟੇ ਦੇ ਕੇਂਦਰੀ ਮੰਤਰੀ ਅਨੰਤ ਗੀਤੇ ਵੀ ਆਪੇ ਤੋਂ ਬਾਹਰ ਹੋ ਗਏ ਅਤੇ ਚੀਕਦੇ ਹੋਏ ਹਵਾਬਾਜ਼ੀ ਮੰਤਰੀ ਰਾਜੂ ਦੀ ਮੇਜ਼ ਤਕ ਪਹੁੰਚ ਗਏ। ਉਹ ਗੁੱਸੇ ਨਾਲ ਰਾਜੂ ਦੀ ਮੇਜ਼ ਉੱਤੇ ਮੁੱਕੇ ਮਾਰਦੇ ਦਿਖਾਈ ਦਿੱਤੇ। ਫਿਰ ਇਕ ਵਕਤ ਏਦਾਂ ਦਾ ਵੀ ਆਇਆ, ਜਦ ਰਾਜੂ ਚਾਰੇ ਪਾਸਿਓਂ ਗੁੱਸੇ ਵਿੱਚ ਆਏ ਸ਼ਿਵ ਸੈਨਾ ਪਾਰਲੀਮੈਂਟ ਮੈਂਬਰਾਂ ਵਿੱਚ ਘਿਰ ਗਏ ਅਤੇ ਸਥਿਤੀ ਧੱਕਾ-ਮੁੱਕੀ ਤਕ ਪਹੁੰਚਣ ਵਾਲੀ ਸੀ, ਜਦੋਂ ਐਨ ਵਕਤ ਉੱਤੇ ਪਾਰਲੀਮੈਂਟੀ ਕਾਰਜ ਮੰਤਰੀ ਐੱਸ ਐੱਸ ਆਹਲੂਵਾਲੀਆ, ਸਮ੍ਰਿਤੀ ਈਰਾਨੀ ਅਤੇ ਕੁਝ ਹੋਰਨਾਂ ਨੇ ਵਿਚ-ਵਿਚਾਲੇ ਪੈ ਕੇ ਬਚਾਅ ਕੀਤਾ। ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਸਰਗਰਮ ਦਿਸੇ ਅਤੇ ਉਨ੍ਹਾਂ ਨੇ ਫ਼ੌਰੀ ਇਕ ਬੈਠਕ ਸੱਦ ਲਈ, ਜਿਸ ਵਿੱਚ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਵੀ ਮੌਜੂਦ ਸਨ। ਪਤਾ ਲੱਗਾ ਹੈ ਕਿ ਰਾਜੂ ਨੂੰ ਸਥਿਤੀ ਸੰਭਾਲਣ ਦੀ ਸਲਾਹ ਦਿੱਤੀ ਗਈ। ਦੁਪਹਿਰ ਤੋਂ ਬਾਅਦ ਰਾਜੂ ਖੁਦ ਅਨੰਤ ਗੀਤੇ ਦੇ ਕਮਰੇ ਵਿੱਚ ਪੁੱਜੇ ਅਤੇ ਗੱਲਬਾਤ ਕੀਤੀ। ਇਸ ਪਿੱਛੋਂ ਰਾਜਨਾਥ ਨੇ ਪਾਰਲੀਮੈਂਟ ਵਿੱਚ ਵੀ ਭਰੋਸਾ ਦਿੱਤਾ ਕਿ ਰਾਜੂ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਕਰ ਕੇ ਜਲਦੀ ਕੋਈ ਹੱਲ ਕੱਢਣਗੇ।
ਇਸ ਤੋਂ ਬਾਅਦ ਸਿ਼ਵ ਸੈਨਾ ਦੇ ਪਾਰਲੀਮੈਂਟ ਮੈਂਬਰ ਰਵਿੰਦਰ ਗਾਇਕਵਾੜ ਦੀ ਇੱਕ ਚਿੱਠੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਏਅਰ ਇੰਡੀਆ ਦੇ ਮੈਨੇਜਰ ਨਾਲ ਵਾਪਰੀ ਘਟਨਾ ਲਈ ਮੁਆਫੀ ਮੰੰਗ ਲਈ ਹੈ।