ਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨ

‘ਮੈਨੂੰ ਤੁਹਾਡੀ ਮਦਦ ਦੀ ਲੋੜ ਹੈ- ਤੁਹਾਡੀ ਆਵਾਜ਼ ਦਾ ਸਥਾਨਕ ਐਮ ਪੀ ਪੀਆਂ, ਸਿਹਤ ਮੰਤਰੀ ਅਤੇ ਪ੍ਰੀਮੀਅਰ ਤੱਕ ਇਹ ਜਾਨਣ ਲਈ ਪੁੱਜਣਾ ਜਰੂਰੀ ਹੈ ਕਿ ਉਹ ਬਰੈਂਪਟਨ ਵਿੱਚ ਸਿਹਤ ਸੰਭਾਲ ਦੀ ਸਥਿਤੀ ਨੂੰ ਸੁਧਾਰਨ ਲਈ ਕੀ ਕਰ ਰਹੇ ਹਨ’। ਜੇਕਰ ਇੱਕ ਮਿੰਟ ਵਾਸਤੇ ਪਾਠਕਾਂ ਨੂੰ ਅੰਦਾਜ਼ਾ ਲਾਉਣ ਲਈ ਆਖਿਆ ਜਾਵੇ ਕਿ ਇਹ ਬੇਨਤੀ ਕੌਣ ਕਰ ਰਿਹਾ ਹੈ ਤਾਂ ਬਹੁਤੇ ਸ਼ਾਇਦ ਸੋਚ ਵੀ ਨਾ ਸੱਕਣ ਕਿ ਇਹ ਬੋਲ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਦੇ ਹਨ। ਉਹਨਾਂ ਨੇ ਪਿਛਲੇ ਹਫ਼ਤੇ ਇੱਕ ਖੁੱਲਾ ਪੱਤਰ ਆਪਣੀ ਪੱਤ ਰੱਖਣ ਲਈ ਲਿਖਿਆ ਸੀ ਕਿਉਂਕਿ ਮੰਦੀਆਂ ਸਿਹਤ ਸੇਵਾਵਾਂ ਲਈ ਬਰੈਂਪਟਨ ਨੇ ਕੈਨੇਡਾ ਵਿੱਚ ਕੌਮੀ ਪੱਧਰ ਉੱਤੇ ਝੰਡਾ ਗੱਡ ਦਿੱਤਾ ਸੀ।  ਹਾਹਾਕਾਰ ਤਾਂ ਸਿਰਫ਼ ਮੀਡੀਆ ਵਿੱਚ ਪਈ ਸੀ ਪਰ ਬਰੈਂਪਟਨ ਵਾਸੀ ਤਾਂ ਦਹਾਕਿਆਂ ਤੋਂ ਜਾਣਦੇ ਹਨ ਕਿ ਉਹਨਾਂ ਨਾਲ ਕੀ ਬੀਤ ਰਹੀ ਹੈ। ਕੀ ਮੇਅਰ ਸਾਹਿਬਾ ਨੂੰ ਵੀ ਮੀਡੀਆ ਤੋਂ ਹੀ ਪਤਾ ਲੱਗਿਆ ਸੀ ਕਿ ਬਰੈਂਪਟਨ ਸਿਵਕ ਵਿੱਚ ਵੇਟ ਲਿਸਟ ਕਿੰਨੀ ਵੱਡੀ ਹੈ, ਗਏ ਮਰੀਜ਼ਾਂ ਨਾਲ ਕਿਵੇਂ ਧੱਕਾ ਮੁੱਕੀ ਕੀਤਾ ਜਾਂਦੀ ਹੈ ਅਤੇ ਕਿਵੇਂ ਸੇਵਾ ਦੇ ਨਾਮ ਉੱਤੇ ਉੱਥੇ ਬੇਯਕੀਨੀ ਦਾ ਮਾਹੌਲ ਹੈ ਜੋ ਮਰੀਜ਼ਾਂ ਨੂੰ ਉਡੀਕਦਾ ਰਹਿੰਦਾ ਹੈ! ਲਿਖੇ ਗਏ ਖੁੱਲੇ ਪੱਤਰ ਵਿੱਚ ਮੇਅਰ ਜੈਫਰੀ ਨੇ ਬਰੈਂਪਟਨ ਦੇ ਐਮ ਪੀ ਪੀਆਂ ਹਰਿੰਦਰ ਮੱਲ੍ਹੀ, ਵਿੱਕ ਢਿੱਲੋਂ, ਅ੍ਰਮਿਤ ਮਾਂਗਟ, ਪ੍ਰੀਮੀਅਰ ਕੈਥਲਿਨ ਵਿੱਨ, ਸਿਹਤ ਮੰਤਰੀ ਡਾਕਟਰ ਹੌਸਕਿਨਸ ਦੇ ਫੋਨ ਨੰਬਰ ਅਤੇ ਈ ਮੇਲਾਂ ਵੀ ਦਿੱਤੀਆਂ ਹਨ। ਹੋਕਾ ਦਿੱਤਾ ਗਿਆ ਹੈ ਕਿ ਇਹਨਾਂ ਨਾਲ ਸੰਪਰਕ ਕਰਕੇ ਲੋਕ ਉਹ ਕੰਮ ਕਰਨ ਜੋ ਇਸੇ ਸਰਕਾਰ ਵਿੱਚ ਦਹਾਕੇ ਤੱਕ ਮੰਤਰੀ ਰਹਿਣ ਦੇ ਬਾਵਜੂਦ ਉਹ ਖੁਦ ਨਹੀਂ ਸੀ ਕਰ ਸਕੇ। ਵੈਸੇ ਮੇਅਰ ਜੈਫਰੀ ਪੱਤਰ ਵਿੱਚ ਦਾਅਵਾ ਕਰਦੀ ਹੈ ਕਿ ਬਰੈਂਪਟਨ ਸਿਵਕ ਲਿਆਉਣ ਲਈ ਇੱਕ ਦਹਾਕੇ ਤੱਕ ਉਹਨਾਂ ਨੇ ਕੁਈਨ ਪਾਰਕ ਵਿੱਚ ਹਰ ਰੋਜ਼ ਨਿੱਠ ਕੇ ਕੰਮ ਕੀਤਾ। ਅਗਲੀਆਂ ਵੋਟਾਂ ਤੋਂ ਪਹਿਲਾਂ ਅਜਿਹੀ ਰਾਮ ਦੁਹਾਈ ਪਾਉਣ ਦਾ ਲਾਭ ਤਾਂ ਸਾਫ਼ ਨਜ਼ਰ ਆਉਂਦਾ ਹੈ ਪਰ ਬਰੈਂਟਪਨ ਵਾਸੀਆਂ ਦੇ ਹੱਥ ਪੱਲੇ ਕੀ ਪਵੇਗਾ!  
ਕੈਨੇਡਾ ਭਰ ਵਿੱਚ ਬਦਨਾਮੀ ਹੋਣ ਤੋਂ ਬਾਅਦ 31 ਹੋਰ ਹਸਪਤਾਲ ਬੈੱਡਾਂ ਦਾ ਐਲਾਨ ਕਰਕੇ ਇੱਕ ਨਿੱਕਾ ਜਿਹਾ ਚੋਗਾ ਕੱਲ ਸਿਹਤ ਮੰਤਰੀ ਡਾਕਟਰ ਐਰਿਕ ਹੌਸਕਿਨਸ ਨੇ ਬਰੈਂਪਟਨ ਵਾਸੀਆਂ ਸਾਹਮਣੇ ਸੁੱਟਿਆ ਹੈ। ਪਹਿਲਾਂ ਐਲਾਨੇ ਗਏ 6 ਬੈੱਡਾਂ ਸਮੇਤ ਨਵੇਂ ਬੈੱਡਾਂ ਦੀ ਗਿਣਤੀ 37 ਹੋ ਗਈ ਹੈ। ਬੀਤੇ ਹਫ਼ਤੇ ਜਦੋਂ ਬਰੈਂਪਟਨ ਲਈ 6 ਬੈੱਡਾਂ ਦਾ ਐਲਾਨ ਕੀਤਾ ਗਿਆ ਸੀ, ਉਸ ਦਿਨ ਮਿਸੀਸਾਗਾ ਲਈ 100 ਬੈੱਡਾਂ ਦਾ ਐਲਾਨ ਹੋਇਆ ਸੀ। ਨਵੇਂ ਜਾਰੀ ਅੰਕੜਿਆਂ ਮੁਤਾਬਕ ਬਰੈਂਪਟਨ ਵਿੱਚ ਪੀਲ ਰੀਜਨ ਦੀ 49% ਜਨਸੰਖਿਆ ਵੱਸਦੀ ਹੈ। ਪਿਛਲੇ ਪੰਜ ਸਾਲਾਂ ਵਿੱਚ ਮਿਸੀਸਾਗਾ ਦੀ ਆਬਾਦੀ ਵਿੱਚ 1.1% ਵਾਧੇ ਦੇ ਮੁਕਾਬਲੇ ਬਰੈਂਪਟਨ ਦੀ ਜਨਸੰਖਿਆ ਵਿੱਚ 13.5 % ਵਾਧਾ ਹੋਇਆ ਹੈ। ਮਈ 2017 ਵਿੱਚ ਪ੍ਰੀਮੀਅਰ ਕੈਥਲਿਨ ਵਿੱਨ ਨੇ ਖੁਦ ਮਿਸੀਸਾਗਾ ਵਿੱਚ ਆ ਕੇ ਟ੍ਰਿਲੀਅਮ ਹਸਪਤਾਲ ਲਈ 500 ਬੈੱਡਾਂ ਦਾ ਐਲਾਨ ਕੀਤਾ ਸੀ ਕਿਉਂਕਿ ਇਹ ਚਾਰਲਸ ਸੂਸਾ ਦਾ ਸ਼ਹਿਰ ਜੋ ਹੋਇਆ। ਕੀ ਉਸ ਦਹਾਕੇ ਦੌਰਾਨ ਕਦੇ ਇਹੋ ਜਿਹਾ ਐਲਾਨ ਬਰੈਂਪਟਨ ਲਈ ਹੋਇਆ ਸੀ ਜਿਸ ਦਹਾਕੇ ਵਿੱਚ ਲਿੰਡਾ ਜੈਫਰੀ ਨਿੱਤ ਦਿਨ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਸੁਧਾਰਨ ਲਈ ਕੰਮ ਕਰਦੇ ਸਨ?
  ਮਕਸਦ ਮਿਸੀਸਾਗਾ ਵਿੱਚ ਹੋ ਰਹੇ ਵਿਕਾਸ ਬਾਰੇ ਕੋਈ ਨਾਂਪੱਖੀ ਟਿੱਪਣੀ ਕਰਨਾ ਨਹੀਂ ਹੈ। ਯੁੱਗ 2 ਜੀਵੇ ਮਿਸੀਸਾਗਾ। ਮਿਸੀਸਾਗਾ ਹੀ ਕਿਉਂ, ਸਮੁੱਚਾ ਕੈਨੇਡਾ ਹੀ ਆਪਣਾ ਹੈ। ਮੁੱਦਾ ਸਿਰਫ਼ ਇਹ ਹੈ ਕਿ ਲੋਕਲ ਸਿਆਸਤਦਾਨ ਕਿਵੇਂ ਆਪਣੇ ਫ਼ਰਜ਼ਾਂ ਦੀ ਕੁਤਾਹੀ ਕਰਕੇ ਇਲਜ਼ਾਮ ਹੋਰਾਂ ਉੱਤੇ ਸੁੱਟ ਦੇਂਦੇ ਹਨ। ਬਰੈਂਪਟਨ ਦੀ ਗੱਲ ਇਸ ਲਈ ਕਰਨੀ ਬਣਦੀ ਹੈ ਕਿ ਇੱਥੇ ਪੰਜਾਬੀ ਭਾਈਚਾਰੇ ਦਾ ਵੱਡਾ ਗੜ ਹੈ ਜਿੱਥੇ ਇੱਕ ਖਾਸ ਕਿਸਮ ਦੇ ਵਿਤਕਰੇ ਤਹਿਤ ਹਰ ਪੱਖ ਤੋਂ ਨਿਵੇਸ਼ ਘੱਟ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਬਰੈਂਪਟਨ ਗਾਰਡੀਅਨ ਅਖ਼ਬਾਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਬਰੈਂਪਟਨ ਦੇ ਹਸਪਤਾਲਾਂ ਦਾ ਹਾਲ ‘ਸੈਕੰਡ ਵਰਲਡ’ (Second World)ਵਾਲਾ ਹੈ। ਰੂਸ ਅਤੇ ਉਸ ਨਾਲੋਂ ਟੁੱਟ ਕੇ ਗਰੀਬੀ ਦੀ ਜ਼ਹਾਲਤ ਹੰਢਾ ਰਹੇ ਮੁਲਕਾਂ ਨੂੰ ਸੈਕੰਡ ਵਰਲਡ ਕਿਹਾ ਜਾਂਦਾ ਹੈ।  
  ਬਰੈਂਪਟਨ ਵਾਸੀਆਂ ਲਈ ਸਿਹਤ ਮੰਤਰੀ ਨੇ ਇੱਕ ਹੋਰ ਚੋਗਾ ਪਾਇਆ ਹੈ ਕਿ ਅਗਲੇ ਸਾਲਾਂ ਵਿੱਚ ਪੁਰਾਣੇ ਪੀਲ ਮੈਮੋਰੀਅਲ ਵਿੱਚ ਵਾਧਾ ਕਰਕੇ 100 ਬੈੱਡ ਹੋਰ ਲਿਆਂਦੇ ਜਾਣਗੇ। ਇਹ ਭਾਣਾ ਕਦੋਂ ਵਾਪਰੇਗਾ, ਇਹ ਬਾਰੇ ਕੋਈ ਪਤਾ ਨਹੀਂ ਹੈ। ਬਰੈਂਪਟਨ ਸਿਟੀ ਕਾਉਂਸਲ ਨੇ ਵੀ ਇੱਕ ਹੋਰ ਹਸਪਤਾਲ ਲਈ ਥਾਂ ਮੁਕਰਰ ਕਰਨ ਵਾਸਤੇ ਪਰਸੋਂ ਇੱਕ ਮਤਾ ਪਾਸ ਕੀਤਾ ਹੈ। ਰੱਬ ਕਰੇ ਕਿ ਇਹ ਮਤਾ ਹਸਪਤਾਲ ਦਾ ਰੂਪ ਧਾਰਨ ਕਰਨ ਵਿੱਚ ਦਹਾਕਿਆਂ ਦਾ ਸਮਾਂ ਨਾ ਲਵੇ ਕਿਉਂਕਿ ਅਗਲੇ 10 ਸਾਲ ਵਿੱਚ ਬਰੈਂਪਟਨ ਦੀ ਜਨਸੰਖਿਆ ਦੇ ਵੱਧ ਕੇ ਮਿਸੀਸਾਗਾ ਤੋਂ ਵੱਡਾ ਹੋ ਜਾਣ ਦੀ ਉਮੀਦ ਹੈ।