ਸਿਸਟਰ ਨਿਵੇਦਿਤਾ ਦੇ ਘਰ ਨੂੰ ਵਿਸ਼ੇਸ਼ ਪਛਾਣ ਹਾਸਲ ਹੋਈ


ਲੰਡਨ, 14 ਨਵੰਬਰ (ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਥੇ ਸਵਾਮੀ ਵਿਵੇਕਾਨੰਦ ਦੀ ਸ਼ਾਗਿਰਦ ਸਿਸਟਰ ਨਿਵੇਦਿਤਾ ਦੇ ਘਰ ਨੂੰ ਵਿਸ਼ੇਸ਼ ਪਛਾਣ ਦੇਣ ਵਾਸਤੇ ਲਾਈ ਗਈ ਨੀਲੇ ਰੰਗ ਵਾਲੀ ਨੇਮ-ਪਲੇਟ ਦਾ ਉਦਘਾਟਨ ਕੀਤਾ। ਸਾਲ 1898 ਵਿੱਚ ਭਾਰਤ ਆਉਣ ਤੋਂ ਪਹਿਲਾਂ ਨਿਵੇਦਿਤਾ ਦੱਖਣੀ-ਪੱਛਮੀ ਲੰਡਨ ਦੇ ਵਿੰਬਲਡਨ ਹਾਈ ਸਟਰੀਟ ਵਿਚਲੇ ਇਸੇ ਮਕਾਨ ਵਿੱਚ ਰਹਿੰਦੀ ਹੁੰਦੀ ਸੀ। ਭਾਰਤ ਤੋਂ ਵਾਪਸ ਮੁੜਨ ਦੇ ਬਾਅਦ ਵੀ ਜਨਵਰੀ 1902 ਤੱਕ ਉਹ ਇਸੇ ਜਗ੍ਹਾ ਹੀ ਰਹਿੰਦੀ ਰਹੀ ਸੀ।
ਸਕਾਟਿਸ਼-ਆਇਰਿਸ਼ ਸਮਾਜ ਸੇਵੀ ਨਿਵੇਦਿਤਾ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਲੰਡਨ ਦੇ ਇੱਕ ਸਕੂਲ ਤੋਂ ਅਧਿਆਪਕਾ ਦੇ ਰੂਪ ਵਿੱਚ ਕੀਤੀ ਸੀ। ਉਨ੍ਹਾਂ ਨੇ ਇਥੇ ਰਸਕਿਨ ਸਕੂਲ ਦੀ ਸਥਾਪਨਾ ਕੀਤੀ ਸੀ। ਸਾਲ 1898 ਵਿੱਚ ਉਹ ਭਾਰਤ ਪਹੁੰਚੀ ਅਤੇ ਕੋਲਕਾਤਾ ਵਿੱਚ ਲੜਕੀਆਂ ਲਈ ਇੱਕ ਸਕੂਲ ਖੋਲ੍ਹਿਆ। ਨਿਵੇਦਿਤਾ ਦਾ ਅਸਲੀ ਨਾਂਅ ਮਾਰਗ੍ਰੇਟ ਐਲਿਜ਼ਾਬੈਥ ਨੋਬਲ ਸੀ ਅਤੇ ਨਿਵੇਦਿਤਾ ਨਾਂਅ ਉਨ੍ਹਾਂ ਨੂੰ ਸਵਾਮੀ ਵਿਵੇਕਾਨੰਦ ਨੇ ਦਿੱਤਾ ਸੀ। ਬ੍ਰਿਟੇਨ ਵਿੱਚ ਇਤਿਹਾਸਕ ਇਮਾਰਤਾਂ ਅਤੇ ਯਾਦਗਾਰਾਂ ਦੀ ਸੰਭਾਲ ਕਰਨ ਵਾਲੇ ਸੰਗਠਨ ਇੰਗਲਿਸ਼ ਹੈਰੀਟੇਜ ਵੱਲੋਂ ਆਪਣੀ ਮੁਹਿੰਮ ਹੇਠ ਸਿਸਟਰ ਦੀ 150ਵੀਂ ਜੈਅੰਤੀ ਉੱਤੇ ਇਸ ਨੇਮ-ਪਲੇਟ ਦਾ ਉਦਘਾਟਨ ਕਰਨ ਦੇ ਬਾਅਦ ਮਮਤਾ ਬੈਨਰਜੀ ਨੇ ਕਿਹਾ, ‘‘ਸਿਸਟਰ ਨਿਵੇਦਿਤਾ ਨੇ ਆਪਣਾ ਪੂਰਾ ਜੀਵਨ ਭਾਰਤ ਦੇ ਲਈ ਸਮਰਪਿਤ ਕਰ ਦਿੱਤਾ ਸੀ।”