ਸਿਵਿਆਂ ਦੀ ਅੱਗ

-ਪ੍ਰਿੰਸੀਪਲ ਸਰਬਜੀਤ ਸਿੰਘ
ਸੁਖਚੈਨ ਸਿੰਘ ਰਾਤੀਂ ਖੇਤਾਂ ਨੂੰ ਪਾਣੀ ਲਾ ਕੇ ਘਰ ਵਾਪਸ ਆ ਰਿਹਾ ਸੀ। ਉਹ ਜਦੋਂ ਸਿਵਿਆਂ ਦੇ ਨੇੜਿਓਂ ਲੰਘਿਆ ਤਾਂ ਉਥੇ ਚਿੱਟੇ ਕੱਪੜਿਆਂ ਵਾਲਾ ਬੰਦਾ ਘੁੰਮ ਰਿਹਾ ਸੀ। ਉਹ ਡਰਦਾ ਪਿੰਡ ਵੱਲ ਦੌੜਿਆ ਅਤੇ ਪਿੰਡ ਦੇ ਨੇੜੇ ਜਾ ਕੇ ਸਾਹ ਲਿਆ। ਸਵੇਰ ਹੁੰਦਿਆਂ ਸਾਰ ਉਸ ਨੇ ਅਤੇ ਉਸ ਦੀ ਪਤਨੀ ਨੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਸਿਵਿਆਂ ਵਿੱਚ ਰਾਤ ਨੂੰ ਚਿੱਟੇ ਕੱਪੜਿਆਂ ਵਾਲਾ ਭੂਤ ਦੇਖਿਆ ਹੈ। ਉਸੇ ਦਿਨ ਮੁਰਦਾ ਜਲਾਇਆ ਗਿਆ ਸੀ, ਲੋਕਾਂ ਦਾ ਵਿਸ਼ਵਾਸ ਸੀ ਕਿ ਮਰਨ ਵਾਲੇ ਦੀ ਆਤਮਾ ਸਿਵਿਆਂ ਵਿੱਚ ਘੁੰਮਦੀ ਹੋਵੇਗੀ। ਹਫਤੇ ਬਾਅਦ ਪਿੰਡ ਵਿੱਚ ਇਕ ਹੋਰ ਆਦਮੀ ਦੀ ਮੌਤ ਹੋ ਗਈ ਅਤੇ ਪਿੰਡ ਦੇ ਇਕ ਹੋਰ ਬੰਦੇ ਨੇ ਰਾਤ ਨੂੰ ਸਿਵਿਆਂ ਵਿੱਚ ਆਦਮੀ ਦੇਖਿਆ, ਜਿਸ ਨੇ ਸਿਰ ਉਤੇ ਵੀ ਕੁਝ ਚੁੱਕਿਆ ਹੋਇਆ ਸੀ ਅਤੇ ਮੋਢਿਆਂ ਉਤੇ ਚਿੱਟੇ ਰੰਗ ਦਾ ਕੁਝ ਰੱਖਿਆ ਸੀ। ਉਸ ਨੇ ਵੀ ਆਪਣਾ ਇਹ ਵਾਕਿਆਂ ਪਿੰਡ ਵਾਸੀਆਂ ਨਾਲ ਸਾਂਝਾ ਕੀਤਾ, ਤੇ ਬਹੁਤੇ ਲੋਕਾਂ ਨੂੰ ਭੂਤ ਹੋਣ ਦਾ ਵਿਸ਼ਵਾਸ ਪੱਕਾ ਹੋ ਗਿਆ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਲੋਕ ਡਰਨ ਲੱਗੇ ਤੇ ਸਿਵਿਆਂ ਵਾਲੇ ਰਸਤੇ ਜਾਣ ਤੋਂ ਕਤਰਾਉਣ ਲੱਗੇ। ਪਿੰਡ ਦੇ ਕੁਝ ਬੰਦੇ ਭੂਤ ਨੂੰ ਸੱਚ ਮੰਨ ਰਹੇ ਸਨ ਤੇ ਵਿਗਿਆਨਕ ਸੋਚ ਵਾਲੇ ਇਸ ਨੂੰ ਮਨ ਦਾ ਵਹਿਮ ਦੱਸ ਰਹੇ ਸਨ। ਇਨ੍ਹਾਂ ਵਿੱਚੋਂ ਇਕ ਸਖੀਏ ਨੇ ਬਥੇਰਾ ਕਿਹਾ ਕਿ ਭੂਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਇਹ ਸਿਰਫ ਸਾਡੇ ਆਪਣੇ ਮਨ ਦੇ ਚੰਗੇ ਤੇ ਬੁਰੇ ਵਿਚਾਰ ਹੁੰਦੇ ਹਨ, ਘਬਰਾਉਣ ਦੀ ਲੋੜ ਨਹੀਂ। ਸਮਝਾਉਣ ਬੁਝਾਉਣ ਨਾਲ ਜਦੋਂ ਗੱਲ ਨਾ ਬਣੀ ਤਾਂ ਇਕ ਦਿਨ ਸਖੀਏ ਨੇ ਮਨ ਬਣਾ ਲਿਆ ਕਿ ਭੂਤ ਨੂੰ ਮਿਲਿਆ ਜਾਵੇ। ਉਸ ਨੇ ਆਪਣੇ ਸਾਥੀ ਨਾਲ ਲੈ ਕੇ ਸਿਵਿਆਂ ਨੂੰ ਜਾਣ ਦਾ ਫੈਸਲਾ ਕੀਤਾ। ਕੁਦਰਤੀ ਮਹੀਨੇ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਮੌਤ ਹੋ ਗਈ। ਸਖੀਆ ਉਸ ਰਾਤ ਆਪਣੇ ਸਾਥੀਆਂ ਨਾਲ ਮਿਲ ਕੇ ਸਿਵਿਆਂ ਵਿੱਚ ਲੁਕ ਕੇ ਬੈਠ ਗਿਆ। ਰਾਤ ਦੇ ਦਸ ਵਜੇ ਦੇ ਕਰੀਬ ਓਥੇ ਇਕ ਆਦਮੀ ਆਇਆ ਅਤੇ ਸਖੀਏ ਤੇ ਉਸ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਕਹਿਣ ਲੱਗੇ, ਇਸ ਨੂੰ ਪੰਚਾਇਤ ਜਾਂ ਪੁਲਸ ਦੇ ਹਵਾਲੇ ਕੀਤੇ ਜਾਵੇ। ਕੁਝ ਸਾਥੀ ਕੁਟਾਪਾ ਚਾੜ੍ਹਨ ਲਈ ਬੇਤਾਬ ਸਨ। ਇਸ ਤੋਂ ਪਹਿਲਾਂ ਕਿ ਸਖੀਆ ਤੇ ਉਸ ਦੇ ਸਾਥੀ ਉਸ ਦੀ ਕੁੱਟਮਾਰ ਕਰਦੇ, ਉਹ ਹੱਥ ਜੋੜ ਕੇ ਖੜੋ ਗਿਆ ਕਹਿਣ ਲੱਗਾ, ‘ਭਾਈ, ਮੈਂ ਗਰੀਬ ਬੰਦਾ ਹਾਂ ਅਤੇ ਪੰਜ ਕਿਲੋਮੀਟਰ ਦੂਰ ਸ਼ਹਿਰ ਵਿੱਚ ਝੁੱਗੀ ਝੌਂਪੜੀ ਵਿੱਚ ਰਹਿੰਦਾ ਹਾਂ। ਮੈਂ ਬੂਤ ਬਣ ਕੇ ਕਿਸੇ ਨੂੰ ਨਹੀਂ ਡਰਾ ਰਿਹਾ। ਮੈਂ ਪਿੰਡਾਂ ਵਿੱਚ ਘੁੰਮਦਾ ਰਹਿੰਦਾ ਹਾਂ, ਜੇ ਕਿਸੇ ਪਿੰਡ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਰਾਤ ਉਸ ਪਿੰਡ ਦੇ ਸਿਵਿਆਂ ਵਿੱਚ ਚਲਾ ਜਾਂਦਾ ਹਾਂ। ਉਥੇ ਜੋ ਸਾਮਾਨ ਮੈਨੂੰ ਮਿਲਦਾ ਹੈ, ਉਹ ਦੁਕਾਨ ‘ਤੇ ਵੇਚ ਦਿੰਦਾ ਹਾਂ। ਜੇ ਕੋਈ ਚੰਗਾ ਕੱਪੜਾ ਮਿਲਦਾ ਹੈ ਤਾਂ ਬੱਚਿਆਂ ਜਾਂ ਰਿਸ਼ਤੇਦਾਰਾਂ ਨੂੰ ਦੇ ਦਿੰਦਾ ਹਾਂ। ਇਕ ਅੱਧ ਅੱਧ ਜਲੀ ਲੱਕੜ ਬਚੀ ਹੋਵੇ ਤਾਂ ਘਰ ਲੈ ਜਾਂਦਾ ਹਾਂ ਤੇ ਸਾਡਾ ਚੁੱਲ੍ਹਾ ਤਪ ਜਾਂਦਾ ਹੈ।’
ਸਾਰੇ ਹੈਰਾਨ ਪਰੇਸ਼ਾਨ ਹੋ ਗਏ। ਸਾਡੇ ਦੇਸ਼ ਵਿੱਚ ਜਿਉਂਦੇ ਬੰਦੇ ਨੂੰ ਕੋਈ ਪਾਣੀ ਨਹੀਂ ਪੁੱਛਦਾ, ਮਰਨ ਤੋਂ ਬਾਅਦ ਉਸ ਦੇ ਮੂੰਹ ਵਿੱਚ ਦੇਸੀ ਘਿਉ ਪਾਇਆ ਜਾਂਦਾ ਹੈ। ਪਾਠੀਆਂ ਤੇ ਪੰਡਿਤਾਂ ਨੂੰ ਮਹਿੰਗੇ ਕੱਪੜੇ ਦਿੱਤੇ ਜਾਂਦੇ ਹਨ ਅਤੇ ਜਨਤਾ ਨੂੰ ਸੁਆਦੀ ਭੋਜਨ ਖੁਆਇਆ ਜਾਂਦਾ ਹੈ। ਉਸ ਬੰਦੇ ਦੀ ਆਵਾਜ਼ ਫਿਰ ਸਭ ਦੇ ਕੰਨੀਂ ਪਈ, ‘ਮੈਂ ਕੋਈ ਅਪਰਾਧ ਨਹੀਂ ਕੀਤਾ, ਨਾ ਚੋਰੀ ਕੀਤੀ ਹੈ, ਮੈਂ ਚੋਰ ਨਹੀਂ। ਬਾਕੀ ਜੋਂ ਸਜ਼ਾ ਤੁਸੀਂ ਦੇਣੀ ਚਾਹੁੰਦੇ ਹੋ, ਦੇ ਸਕਦੇ ਹੋ। ਸੱਚ ਪੁੱਛੋ ਤਾਂ ਮੇਰੇ ਘਰ ਦਾ ਗੁਜ਼ਾਰਾ ਸਿਵਿਆਂ ਦੀ ਅੱਗ ਨਾਲ ਹੀ ਹੁੰਦਾ ਹੈ।’