ਸਿਰਸੇ ਵਾਲੇ ਬਾਬੇ ਉੱਤੇ ਰੋਹਤਕ ਦੀ ਜੇਲ ਵਿੱਚ ਸਖਤ ਪਹਿਰਾ

ram rahim
* ਖਾਣਾ ਵੀ ਜਾਂਚ ਕਰਨ ਤੋਂ ਬਾਅਦ ਦਿੱਤਾ ਜਾਂਦੈ
ਚੰਡੀਗੜ੍ਹ, 30 ਸਤੰਬਰ (ਪੋਸਟ ਬਿਊਰੋ)- ਹਰਿਆਣਾ ਦੇ ਰੋਹਤਕ ਜਿ਼ਲੇ ਦੀ ਸੁਨਾਰੀਆ ਕੇਂਦਰੀ ਜੇਲ ਵਿੱਚ ਸਿਰਸੇ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉੱਤੇ ਪਹਿਰਾ ਕਾਫੀ ਸਖਤ ਕਰ ਦਿੱਤਾ ਗਿਆ ਹੈ। ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਸੁਰੱਖਿਆ ਦੇ ਕਾਰਨ ਹੀ ਡੇਰਾ ਮੁਖੀ ਨੂੰ ਖਾਣਾ ਦੇਣ ਤੋਂ ਪਹਿਲਾਂ ਉਸ ਦੀ ਗਹਿਰੀ ਜਾਂਚ ਹੁੰਦੀ ਹੈ ਅਤੇ ਖਾਣਾ ਬਣਾਉਣ ਵਾਲੇ ਨੂੰ ਪਹਿਲਾਂ ਉਸ ਵਿੱਚੋਂ ਕੁਝ ਖਾਣਾ ਖੁਦ ਖਾ ਕੇ ਦਿਖਾਉਣਾ ਪੈਂਦਾ ਹੈ। ਇਸ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਖਾਣਾ ਬਣਾਉਣ ਤੋਂ ਪਹਿਲਾਂ ਸ਼ੁਰੂ ਹੋ ਕੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਖਾਣਾ ਦਿੱਤੇ ਜਾਣ ਤੱਕ ਚੱਲਦੀ ਹੈ। ਇਸ ਖਾਣੇ ਦੇ ਰੋਜ਼ ਦੇ ਨਮੂਨੇ ਵੀ ਸੰਭਾਲੇ ਜਾਂਦੇ ਹਨ। ਜੇਲ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਫੋਨ ਵੀ ਸਰਵਿਲਾਂਸ ਉੱਤੇ ਲਾਏ ਗਏ ਹਨ ਅਤੇ ਸਾਰੇ ਅਧਿਕਾਰੀਆਂ ਦੇ ਫੋਨ ਰਿਕਾਰਡ ਉੱਤੇ ਵੀ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ।
ਇਸੇ ਦੌਰਾਨ ਰਾਮ ਰਹੀਮ ਸਿੰਘ ਦੀਆਂ ਫਿਲਮਾਂ ਤੇ ਕੰਪਨੀਆਂ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਮੈਸੰਜਰ ਆਫ ਗਾਡ ਨਾਂਅ ਦੀ ਉਸ ਦੀ ਫਿਲਮ ਤੋਂ ਲੈ ਕੇ ਜੱਟੂ ਇੰਜੀਨੀਅਰ ਸਮੇਤ ਸਾਰੀਆਂ ਦੀ ਵੱਡੇ ਪੱਧਰ ਉੱਤੇ ਜਾਂਚ ਹੋਵੇਗੀ। ਡੇਰੇ ਉੱਤੇ ਫਿਲਮਾਂ ਦੇ ਬਹਾਨੇ ਕਰੋੜਾਂ ਰੁਪਏ ਦੇ ਲੈਣ ਦੇਣ ਦੀ ਵੀ ਜਾਂਚ ਹੋਵੇਗੀ। ਹਰਿਆਣਾ ਪੁਲਸ ਵੱਲੋਂ ਗ੍ਰਿਫਤਾਰੀ ਤੋਂ ਲਗਾਤਾਰ ਬਚ ਰਹੀ ਹਨੀਪ੍ਰੀਤ ਤੇ ਅਦਿੱਤਿਆ ਇੰਸਾਂ ਸਮੇਤ ਵੱਖ-ਵੱਖ ਫਰਾਰ ਲੋਕ ਆਪਸ ‘ਚ ਵਟਸਐਪ ਰਾਹੀਂ ਇਕ ਦੂਜੇ ਦੇ ਸੰਪਰਕ ‘ਚ ਹਨ। ਵਟਸਐਪ ਸੰਦੇਸ਼ ਜ਼ਰੀਏ ਹੀ ਇਨ੍ਹਾਂ ਲੋਕਾਂ ਨੇ ਹਿੰਸਾ ਦੀ ਆਪਣੀ ਰਣਨੀਤੀ ਚਲਾਈ ਹੈ ਅਤੇ ਹੁਣ ਪੁਲਸ ਦੀ ਗ੍ਰਿਫਤਾਰੀ ਤੋਂ ਬਚਦੇ ਫਿਰ ਰਹੇ ਹਨ।