ਸਿਰਸਾ ਡੇਰੇ ਵੋਟਾਂ ਮੰਗਣ ਗਏ 39 ਸਿੱਖ ਆਗੂੂਆਂ ਨੂੰ ਅਕਾਲ ਤਖਤ ਤੋਂ ਧਾਰਮਿਕ ਸਜ਼ਾ ਲੱਗੀ

tt* ਸਾਬਤ-ਸੂਰਤ 21 ਆਗੂਆਂ ਨੂੰ ‘ਤਨਖਾਹ’, ਬਾਕੀਆਂ ਨੂੰ ‘ਸੇਵਾ’ ਦਾ ਹੁਕਮ
* ਰਾਜਾ ਵੜਿੰਗ ਨੇ ਕਿਹਾ: ਬਾਦਲ ਪਿਤਾ-ਪੁੱਤਰ ਤੇ ਮਜੀਠੀਏ ਨੂੰ ਵੀ ਸੱਦੋ
ਅੰਮ੍ਰਿਤਸਰ, 17 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਤੋਂ ਵੋਟਾਂ ਮੰਗਣ ਦਾ ਤਰਲਾ ਕਰਨ ਜਾਣ ਵਾਲੇ ਸਿੱਖ ਸਿਆਸੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਅੱਜ ਏਥੇ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੌਰਾਨ ਤਨਖਾਹ ਲਾਈ ਗਈ। ਧਾਰਮਿਕ ਸਜ਼ਾ (ਤਨਖ਼ਾਹ) ਲਾਉਣ ਸਮੇਂ ਸਾਬਤ ਸੂਰਤ ਸਿੱਖ ਆਗੂਆਂ ਅਤੇ ਪਤਿਤ ਸਿੱਖਾਂ ਨੂੰ ਦੋ ਥਾਂਈਂ ਵੰਡ ਕੇ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੇ ਆਪੋ-ਆਪਣੇ ਸਪੱਸ਼ਟੀਕਰਨ ਵੀ ਸੌਂਪੇ।
ਅਕਾਲ ਤਖਤ ਸਾਹਿਬ ਦੀ ਅੱਜ ਦੀ ਬੈਠਕ ਦੀ ਖਾਸ ਗੱਲ ਇਹ ਸੀ ਕਿ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਇਸ ਵਿੱਚ ਸ਼ਾਮਲ ਹੋਣ ਦੀ ਤਾਂ ਪਾਸੇ ਬੈਠੇ ਪਾਠ ਕਰਦੇ ਰਹੇ। ਸਿਆਸੀ ਆਗੂਆਂ ਵਿੱਚੋਂ ਵੀ ਤਲਬ ਕੀਤੇ 44 ਜਣਿਆਂ ਵਿੱਚੋਂ ਚਾਰ ਜਣੇ ਹਾਜ਼ਰ ਨਹੀਂ ਹੋਏ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਅਜਾਇਬ ਸਿੰਘ ਭੱਟੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁੱਤਰ ਅਰਜਨ ਸਿੰਘ ਬਾਦਲ (ਸਾਰੇ ਕਾਂਗਰਸੀ) ਤੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਸ਼ਾਮਲ ਹਨ। ਗੈਰਹਾਜ਼ਰ ਆਗੂਆਂ ਨੂੰ ਅਗਲੀ ਮੀਟਿੰਗ ਸਮੇਂ ਪੇਸ਼ ਹੋਣ ਦੇ ਲਈ ਕਹਿ ਦਿੱਤਾ ਗਿਆ ਹੈ। ਪੰਜ ਸਿੰਘ ਸਾਹਿਬਾਨ ਨੇ ਜਿਹੜੇ 39 ਆਗੂਆਂ ਨੂੰ ਅੱਜ ਤਨਖਾਹ ਲਾਈ, ਉਨ੍ਹਾਂ ਵਿੱਚ 27 ਅਕਾਲੀ ਦਲ, 11 ਕਾਂਗਰਸ ਅਤੇ ਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੂੰ ਇਸ ਦੋਸ਼ ਤੋਂ ਮੁਆਫ਼ ਕਰ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਸਾਬਤ ਕੀਤਾ ਕਿ ਉਹ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਸ਼ਾਮਲ ਹੀ ਨਹੀਂ ਸਨ।
ਅੱਜ ਦੀ ਮੀਟਿੰਗ ਮਗਰੋਂ ਜਿਹੜੇ ‘ਸਾਬਤ ਸੂਰਤ’ 21 ਸਿੱਖ ਆਗੂਆਂ ਨੂੰ ਪੰਥਕ ਰਵਾਇਤ ਮੁਤਾਬਕ ਅਕਾਲ ਤਖ਼ਤ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਤਨਖਾਹ ਸੁਣਾਈ, ਇਨ੍ਹਾਂ ਵਿੱਚ 20 ਅਕਾਲੀ ਦਲ, ਇਕ ਕਾਂਗਰਸੀ (ਅਜੀਤ ਇੰਦਰ ਸਿੰਘ ਮੋਫਰ) ਸ਼ਾਮਲ ਹਨ। ਅਕਾਲੀ ਦਲ ਦੇ ਆਗੂਆਂ ਵਿੱਚ ਅਜੀਤ ਸਿੰਘ ਸ਼ਾਂਤ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਵਨਿੰਦਰ ਕੌਰ ਲੂੰਬਾ, ਇੰਦਰ ਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਸਿੰਘ ਰਾਜੂ, ਜੀਤ ਮਹਿੰਦਰ ਸਿੰਘ ਸਿੱਧੂ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾ, ਈਸ਼ਰ ਸਿੰਘ ਮਿਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ ਤੇ ਦੀਦਾਰ ਸਿੰਘ ਭੱਟੀ ਸ਼ਾਮਲ ਹਨ। ਇਹ ਸਾਰੇ ਜਣੇ ਸਾਂਝੇ ਰੂਪ ਵਿੱਚ ਪੰਜ ਦਿਨ ਵੱਖ ਵੱਖ ਸੇਵਾਵਾਂ ਭੁਗਤਣਗੇ। ਇਕ ਦਿਨ ਇਹ ਸਾਰੇ ਇਕੱਠੇ ਹੋ ਕੇ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਦਰਸ਼ਨੀ ਡਿਊਢੀ ਤੱਕ ਸ੍ਰੀ ਹਰਿਮੰਦਰ ਸਾਹਿਬ ਵਾਲੇ ਰਸਤੇ ਦੀ ਸਫ਼ਾਈ ਕਰਨਗੇ, ਇਕ ਦਿਨ ਦੋ ਘੰਟੇ ਜੋੜਾ ਘਰ ਵਿੱਚ ਜੋੜਿਆਂ ਨੂੰ ਪਾਲਿਸ਼ ਕਰਨ ਦੀ ਸੇਵਾ ਕਰਨਗੇ, ਇਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸਫ਼ਾਈ ਅਤੇ ਧੁਆਈ ਕਰਨਗੇ, ਇਕ ਦਿਨ ਦੋ ਘੰਟੇ ਲੰਗਰ ਵਰਤਾਉਣ ਦੀ ਸੇਵਾ ਕਰ ਕੇ ਇਕ ਦਿਨ ਇਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਸੁਣਨਗੇ। ਇਸ ਪਿੱਛੋਂ 501 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 5100-5100 ਰੁਪਏ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਨਗੇ।
ਇਨ੍ਹਾਂ ਨਾਲ ‘ਪਤਿਤ ਸਿੱਖ’ ਮੰਨੇ ਜਾਂਦੇ 18 ਆਗੂਆਂ ਨੂੰ ਆਪੋ-ਆਪਣੇ ਹਲਕੇ ਦੇ ਗੁਰਦੁਆਰਿਆਂ ਵਿੱਚ 10 ਦਿਨ ਝਾੜੂ ਫੇਰਨ ਤੇ ਲੰਗਰ ਦੀ ਸੇਵਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ 10 ਕਾਂਗਰਸੀ, ਸੱਤ ਅਕਾਲੀ ਦਲ ਦੇ ਅਤੇ ਇਕ ਆਮ ਆਦਮੀ ਪਾਰਟੀ ਦਾ ਆਗੂ ਹੈ। ਕਾਂਗਰਸ ਵੱਲੋਂ ਸਾਧੂ ਸਿੰਘ ਧਰਮਸ਼ੋਤ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ, ਕੇਵਲ ਸਿੰਘ, ਕਰਨ ਕੌਰ, ਦਰਸ਼ਨ ਸਿੰਘ, ਰਣਦੀਪ ਸਿੰਘ ਨਾਭਾ, ਰਜਿੰਦਰ ਸਿੰਘ ਸਮਾਣਾ, ਖੁਸ਼ਬਾਜ ਸਿੰਘ ਜਟਾਣਾ, ਦਮਨ ਕੌਰ ਥਿੰਦ, ਨਰਿੰਦਰ ਸਿੰਘ (ਆਪ ਪਾਰਟੀ) ਤੇ ਅਕਾਲੀ ਦਲ ਦੇ ਸੁਰਿੰਦਰ ਪਾਲ ਸਿੰਘ, ਗੁਲਜ਼ਾਰ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਬੁਢਲਾਡਾ, ਦਰਸ਼ਨ ਸਿੰਘ ਕੋਟਫੱਤਾ, ਦਿਲਰਾਜ ਸਿੰਘ ਭੂੰਦੜ ਅਤੇ ਜਗਦੀਪ ਸਿੰਘ ਨਕਈ ਸ਼ਾਮਲ ਹਨ।
ਅਕਾਲ ਤਖਤ ਸਾਹਿਬ ਦੀ ਅੱਜ ਦੀ ਮੀਟਿੰਗ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨਾ ਸਾਹਿਬ ਤੋਂ ਗਿਆਨੀ ਇਕਬਾਲ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਤੋਂ ਗਿਆਨੀ ਮੱਲ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਸਨ। ਮਈ 2007 ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਿਹੜੇ ਚਾਰ ਆਗੂ ਅੱਜ ਹਾਜ਼ਰ ਨਹੀਂ ਹੋਏ, ਉਨ੍ਹਾਂ ਨੂੰ ਅਗਲੀ ਮੀਟਿੰਗ ਸਮੇਂ ਹਾਜ਼ਰ ਹੋਣਾ ਪਵੇਗਾ। ਗੁਰਸਿੱਖ ਅਤੇ ਪਤਿਤ ਸਿੱਖਾਂ ਨੂੰ ਵੱਖ ਵੱਖ ਧਾਰਮਿਕ ਸੇਵਾ ਲਾਏ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਪਤਿਤ ਸਿੱਖਾਂ ਨੂੰ ਅਕਾਲ ਤਖ਼ਤ ਉਤੇ ਤਲਬ ਨਹੀਂ ਕੀਤਾ ਜਾ ਸਕਦਾ, ਪਰ ਇਨ੍ਹਾਂ ਸਾਰਿਆਂ ਤੋਂ ਹੋਈ ਭੁੱਲ ਲਈ ਇਨ੍ਹਾਂ ਦੀ ਦੀ ਸਹਿਮਤੀ ਨਾਲ ਸੇਵਾ ਲਾਈ ਗਈ ਹੈ।
ਹੈਰਾਨੀ ਦੀ ਗੱਲ ਇਹ ਸੀ ਕਿ ਦੋਸ਼ੀ ਵਜੋਂ ਤਨਖ਼ਾਹ ਸੁਣਾਏ ਜਾਣ ਤੋਂ ਪਹਿਲਾਂ ਇਨ੍ਹਾਂ ਸਾਰੇ ਸਿਆਸੀ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਈ ਪੀ ਵਾਂਗ ਮਾਣ ਦਿੱਤਾ ਗਿਆ। ਇਨ੍ਹਾਂ ਨੂੰ ਅਕਾਲ ਤਖ਼ਤ ਦੀ ਮੁੱਖ ਇਮਾਰਤ ਦੇ ਹੇਠਾਂ ਬਣੇ ਭੌਰੇ ਵਿੱਚ ਏ ਸੀ ਦੀ ਠੰਢੀ ਹਵਾ ਵਿੱਚ ਬਿਠਾ ਕੇ ਚਾਹ-ਪਾਣੀ ਛਕਾਇਆ ਗਿਆ, ਜਦੋਂ ਕਿ ਆਮ ਤੌਰ ਉੱਤੇ ਸੱਦੇ ਗਏ ਦੋਸ਼ੀਆਂ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਅੱਗੇ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ।
ਇਸ ਮੌਕੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਸਿੰਘ ਸਾਹਿਬਾਨ ਨੂੰ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਸਾਡੇ ਵਾਲੇ ਦੋਸ਼ ਹੇਠ ਦੋਵਾਂ ਬਾਦਲ ਪਿਤਾ-ਪੁੱਤਰ ਨੂੰ ਵੀ ਸਪੱਸ਼ਟੀਕਰਨ ਦੇਣ ਦੇ ਲਈ ਤਲਬ ਕਰਨ ਤੇ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਡੇਰਾ ਸਿਰਸਾ ਦਾ ਸਮਰਥਨ ਕਿਉਂ ਲਿਆ, ਅਕਾਲ ਤਖ਼ਤ ਵਿਖੇ ਇਸ ਮਾਮਲੇ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ। ਕਾਂਗਰਸੀ ਆਗੂ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਫੈਸਲੇ ਕਾਰਨ ਹੀ ਉਹ ਡੇਰਾ ਸਿਰਸਾ ਦੀ ਮਦਦ ਮੰਗਣ ਗਏ ਸਨ। ਬੀਬੀ ਦਮਨ ਕੌਰ ਨੇ ਕਿਹਾ ਕਿ ਜੋ ਤਨਖਾਹ ਲਾਈ ਗਈ ਹੈ, ਉਸ ਨੂੰ ਉਹ ਸਿਰ ਮੱਥੇ ਪ੍ਰਵਾਨ ਹੈ।