ਸਿਰਸਾ ਐਸ ਆਈ ਟੀ ਨੇ ਹਨੀਪ੍ਰੀਤ ਤੋਂ ਜੇਲ੍ਹ ਵਿੱਚ ਦੋ ਘੰਟੇ ਪੁੱਛਗਿੱਛ ਕੀਤੀ


ਚੰਡੀਗੜ੍ਹ, 2 ਫਰਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਵਧਦੀਆਂ ਲੱਗਦੀਆਂ ਹਨ। ਸਿਰਸਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਕੱਲ੍ਹ ਹਨੀਪ੍ਰੀਤ ਤੋਂ ਅੰਬਾਲਾ ਦੀ ਕੇਂਦਰੀ ਜੇਲ ‘ਚ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਅਤੇ ਪੰਚਕੂਲਾ ਤੇ ਸਿਰਸਾ ‘ਚ ਹੋਈਆਂ ਹਿੰਸਾ ਦੀਆਂ ਘਟਨਾਵਾਂ ‘ਚ ਉਸ ਦੀ ਭੂਮਿਕਾ, ਵਿਪਾਸਨਾ, ਅਦਿੱਤਿਆ ਇੰਸਾ ਅਤੇ ਗੋਭੀ ਰਾਮ ਸਮੇਤ ਡੇਰੇ ਨਾਲ ਜੁੜੇ ਸਾਰੇ ਦੋਸ਼ੀਆਂ, ਜਿਨ੍ਹਾਂ ਦੀ ਪੁਲਸ ਨੂੰ ਤਲਾਸ਼ ਹੈ, ਦੇ ਟਿਕਾਣਿਆਂ ਬਾਰੇ ਗਹਿਰੀ ਜਾਣਕਾਰੀ ਮੰਗੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਸਾ ਪੁਲਸ ਦੀ ਐਸ ਆਈ ਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਡੇਰਾ ਮੁਖੀ ਤੋਂ ਕਰੀਬ ਸਾਢੇ ਤਿੰਨ ਘੰਟੇ ਪੁੱਛਗਿੱਛ ਕੀਤੀ ਸੀ। ਸਿਰਸਾ ਪੁਲਸ ਦੇ ਸੂਤਰਾਂ ਅਨੁਸਾਰ ਜ਼ਿਲਾ ਮੈਜਿਸਟਰੇਟ ਅੰਬਾਲਾ ਦੀ ਮਨਜ਼ੂਰੀ ਨਾਲ ਹਨੀਪ੍ਰੀਤ ਤੋਂ ਕੀਤੀ ਗਈ ਪੁੱਛਗਿੱਛ ਲਈ ਸਿਰਸਾ ਪੁਲਸ ਦੇ ਡੀ ਐਸ ਪੀ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ‘ਚ ਕਰੀਬ ਇਕ ਦਰਜਨ ਅਫਸਰਾਂ ਦੀ ਟੀਮ ਅੰਬਾਲਾ ਪਹੁੰਚੀ, ਪਰ ਪੁੱਛਗਿੱਛ ਕਰਨ ਵਾਲੀ ਟੀਮ ਵਿੱਚ ਡੀ ਐਸ ਪੀ ਅਤੇ ਇੰਸਪੈਕਟਰ ਸਮੇਤ ਕੁੱਲ ਸੱਤ ਲੋਕ ਸ਼ਾਮਲ ਸਨ। ਪੁਲਸ ਦੇ ਸੂਤਰਾਂ ਅਨੁਸਾਰ ਹਨੀਪ੍ਰੀਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਪਿੱਛੋਂ ਉਹ ਕਿੱਥੇ-ਕਿੱਥੇ ਰਹੀ, ਉਸ ਨੂੰ ਕਿਸ-ਕਿਸ ਨੇ ਸ਼ਰਨ ਦਿੱਤੀ, ਇਸ ਬਾਰੇ ਵੀ ਪੁੱਛਗਿੱਛ ਕੀਤੀ ਗਈ ਅਤੇ ਡੇਰਾ ਮੁਖੀ ਤੇ ਹਨੀਪ੍ਰੀਤ ਦੇ ਬੈਂਕ ਖਾਤਿਆਂ, ਫਿਲਮਾਂ ‘ਤੇ ਲਾਏ ਪੈਸੇ, ਡੇਰੇ ਦੀਆਂ ਆਰਥਿਕ ਗਤੀਵਿਧੀਆਂ ਅਤੇ ਡੇਰੇ ਦੀਆਂ ਕੰਪਨੀਆਂ ਦੇ ਨਾਲ ਪੰਚਕੂਲਾ ਹਿੰਸਾ ਤੋਂ ਪਹਿਲਾਂ ਬਣਾਈ ਗਈ ਰੂਪਰੇਖਾ ‘ਚ ਹਨੀਪ੍ਰੀਤ ਸਮੇਤ ਕੌਣ-ਕੌਣ ਸ਼ਾਮਲ ਸੀ, ਇਸ ਬਾਰੇ ਵੀ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਐਸ ਆਈ ਟੀ ਵੱਲੋਂ ਹਨੀਪ੍ਰੀਤ ਤੋਂ ਪੁੱਛਗਿੱਛ ਵੇਲੇ ਉਸ ਦੀ ਸੁਰੱਖਿਆ ਲਈ ਜੇਲ ਪ੍ਰਸ਼ਾਸਨ ਦੇ ਡੀ ਐਸ ਪੀ ਅਤੇ ਇਕ ਮਹਿਲਾ ਐਸ ਐਸ ਪੀ ਪੁੱਛਗਿੱਛ ਕਰਨ ਵਾਲੀ ਟੀਮ ਤੋਂ ਕੁਝ ਦੂਰੀ ‘ਤੇ ਮੌਜੂਦ ਸਨ।
ਮਿਲੀ ਜਾਣਕਾਰੀ ਅਨੁਸਾਰ ਹਨੀਪ੍ਰੀਤ ਨੇ ਪੁੱਛਗਿੱਛ ਵਿੱਚ ਬਹੁਤੇ ਸੁਆਲਾਂ ਦੇ ਜਵਾਬ ਸਿੱਧੇ ਦੇਣ ਦੀ ਥਾਂ ਟਾਲਣ ਦਾ ਰਵੱਈਆ ਅਪਣਾਇਆ। ਇੱਕ ਦਿਨ ਪਹਿਲਾਂ ਸਿਰਸਾ ਪੁਲਸ ਦੀ ਐਸ ਆਈ ਟੀ ਵੱਲੋਂ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਡੇਰਾ ਮੁਖੀ ਤੋਂ ਪੁੱਛਗਿੱਛ ਵੇਲੇ ਉਸ ਨੇ ਵੀ ਪੁਲਸ ਦੇ ਬਹੁਤੇ ਸੁਆਲਾਂ ਦੇ ਜਵਾਬ ਟਾਲਣ ਦਾ ਕੰਮ ਹੀ ਕੀਤਾ ਸੀ।