ਸਿਰਫ ਬੋਲਣ ਲਈ ਹੀ ਨਾ ਬੋਲੋ

-ਸੰਤੋਖ ਸਿੰਘ ਭਾਣਾ
ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਸ਼ਬਦਾਂ ਦਾ ਅਥਾਹ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵੱਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ, ਪਰ ਇਨ੍ਹਾਂ ਦਾ ਮਹੱਤਵ ਅਰਥਾਂ ਉੱਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ਇਹ ਵਿਅਰਥ ਅਤੇ ਬੇਕਾਰ ਹਨ। ਸਾਡੀ ਬੋਲਬਾਣੀ ਸ਼ਬਦਾਂ ਦਾ ਸਮੂਹ ਹੁੰਦੀ ਹੈ। ਬੋਲਬਾਣੀ ਦੀ ਲੋੜ ਅਨੁਸਾਰ ਸੁਚੱਜਤਾ ਨਾਲ ਕੀਤੀ ਗਈ ਵਰਤੋਂ ਨਾਲ ਵੱਡੀਆਂ-ਵੱਡੀਆਂ ਉਲਝਣਾਂ ਅਤੇ ਸਮੱਸਿਆਵਾਂ ਦਾ ਨਿਬੇੜਾ ਸੰਭਵ ਹੈ। ਹਰੇਕ ਥਾਂ ਅਤੇ ਹਰੇਕ ਸਮਾਂ ਬੋਲਣ ਦੇ ਯੋਗ ਨਹੀਂ ਹੁੰਦੇ। ਕਈ ਵਾਰ ਕਿਸੇ ਥਾਂ ‘ਤੇ ਚੁੱਪ ਕਰ ਜਾਣਾ ਜਾਂ ਘੱਟ ਬੋਲਣਾ ਵੀ ਸਾਡੀ ਕਾਮਯਾਬੀ ਅਤੇ ਸਾਡੀ ਸਿਆਣਪ ਲਈ ਫਾਇਦੇਮੰਦ ਹੁੰਦਾ ਹੈ। ਇਹ ਸਭ ਨਿਰਭਰ ਹੈ ਤੁਹਾਡੀ ਉਸਾਰੂ ਤੇ ਸਮਝਦਾਰੀ ਭਰੀ ਬੋਲਚਾਲ ‘ਤੇ। ਕਈ ਵਾਰ ਸਿਰਫ ਦੋ ਸ਼ਬਦਾਂ ਨਾਲ ਹੀ ਗੱਲ ਬਣ ਜਾਂ ਵਿਗੜ ਜਾਂਦੀ ਹੈ।
ਜ਼ਿਆਦਾ ਬੋਲਣ ਵਾਲੇ ਬੰਦੇ ਕੁਝ ਸਮੇਂ ਲਈ ਪਸੰਦ ਕੀਤੇ ਜਾਂਦੇ ਹਨ। ਘੱਟ ਬੋਲਣ ਵਾਲੇ ਆਦਮੀ ਵੱਧ ਸਤਿਕਾਰੇ ਜਾਂਦੇ ਹਨ। ਜੋ ਆਦਮੀ ਵੱਧ ਬੋਲਦੇ ਹਨ, ਉਸ ਦੇ ਪਿੱਛੇ ਇਕ ਖਾਸ ਕਾਰਨ ਇਹ ਹੁੰਦਾ ਹੈ ਕਿ ਕਿਧਰੇ ਨਾ ਕਿਧਰੇ ਉਨ੍ਹਾਂ ਨੂੰ ਆਪਣੇ ਕਮਜ਼ੋਰ ਪੱਖ ਦਾ ਗਿਆਨ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਦਿਮਾਗ ਦੀ ਸ਼ਾਂਤੀ ‘ਤੇ ਸ਼ੱਕ ਹੁੰਦਾ ਹੈ। ਬਸ ਇਹੀ ਕਮਜ਼ੋਰੀਆਂ ਜ਼ਾਹਰ ਨਾ ਹੋ ਜਾਣ, ਇਸੇ ਲਈ ਉਹ ਜ਼ਿਆਦਾ ਬੋਲ ਕੇ ਆਪਣੀ ਮਾਨਸਿਕ ਸ਼ਕਤੀ ਦਾ ਵਿਖਾਵਾ ਕਰਨ ਲਈ ਵਿਆਕੁਲ ਰਹਿੰਦੇ ਹਨ।
ਕਈ ਵਾਰ ਅਸੀਂ ਵੇਖਦੇ ਹਾਂ ਕਿ ਕੁਝ ਬੋਲਣ ਤੋਂ ਪਹਿਲਾਂ ਸਾਹਮਣੇ ਵਾਲਾ ਆਦਮੀ ਕਹਿੰਦਾ ਹੈ ਕਿ ‘ਜ਼ਰਾ ਸੰਖੇਪ ‘ਚ ਹੀ ਗੱਲ ਕਰਨਾ।’ ਇਸ ਦਾ ਮਤਲਬ ਸਾਫ ਹੈ ਕਿ ਤੁਸੀਂ ਜੋ ਕਹਿਣ ਜਾ ਰਹੇ ਹੋ, ਉਸ ਨੂੰ ਸੁਣਨ ਵਿੱਚ ਕਿਸੇ ਨੂੰ ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ ਇਸ ਲਈ ਬੋਲਣ ਦਾ ਮੌਕਾ ਦੇ ਰਹੇ ਹਨ ਤਾਂ ਕਿ ਤੁਸੀਂ ਆਪਣੀ ਬੋਲਣ ਦੀ ਭੁੱਖ ਨੂੰ ਮਿਟਾ ਲਉ।
ਦੁਨੀਆ ਵਿੱਚ ਕਿਸੇ ਵੀ ਆਦਮੀ ਨੂੰ ਸਮਝਣ ਲਈ ਉਸ ਦੇ ਸਾਹਮਣੇ ਬੋਲਣਾ ਜ਼ਰੂਰੀ ਨਹੀਂ ਹੈ, ਉਸ ਨੂੰ ਸੁਣਨਾ ਜ਼ਰੂਰੀ ਹੈ। ਹੱਸਣਾ ਜਿੰਨਾ ਤੁਹਾਡੀ ਸਿਹਤ ਲਈ ਚੰਗਾ ਹੈ, ਜ਼ਿਆਦਾ ਬੋਲਣਾ ਤੁਹਾਡੀ ਸਿਹਤ ਲਈ ਉਨਾ ਹੀ ਖਰਾਬ ਹੈ। ਜਿੱਥੋਂ ਤੱਕ ਸੰਭਵ ਹੋ ਸਕੇ, ਚੁੱਪ ਰਹਿਣ ਦੀ ਆਦਤ ਪਾਓ। ਇਹ ਦੁਨੀਆ ਸ਼ਾਂਤ ਤੇ ਚੁੱਪ ਰਹਿਣ ਵਾਲੇ ਆਦਮੀਆਂ ਨੂੰ ਸਿਆਣੇ ਅਤੇ ਅਕਲਮੰਦ ਇਨਸਾਨ ਸਮਝਦੀ ਹੈ।
ਬਿਹਤਰ ਹੈ ਕਿ ਠੋਕਰ ਪੈਰ ਤੋਂ ਖਾਓ, ਨਾ ਕਿ ਜੀਭ ਤੋਂ। ਜੋ ਲੋਕ ਘੱਟ ਬੋਲਦੇ ਹਨ, ਉਨ੍ਹਾਂ ਦੇ ਸ਼ਬਦਾਂ ਦੀ ਕੀਮਤ ਐਨੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਤਾਰਨ ਵਿੱਚ ਅਸਮਰੱਥ ਹੁੰਦੇ ਹਾਂ। ਅਜਿਹੇ ਲੋਕਾਂ ਨੂੰ ‘ਮੁਆਫ ਕਰਨਾ’ ਕਹਿਣ ਦੀ ਕਦੇ ਵੀ ਲੋੜ ਨਹੀਂ ਪੈਂਦੀ।ਜ਼ਿਆਦਾ ਬੋਲਣਾ ਸਾਡੇ ਸਮਾਜਿਕ ਦੋਸ਼ਾਂ ਵਿੱਚੋਂ ਸਭ ਤੋਂ ਬੁਰਾ ਦੋਸ਼ ਹੈ। ਜੇ ਤੁਹਾਡੇ ਵਿੱਚ ਇਹ ਦੋਸ਼ ਹੈ ਕਿ ਤੁਹਾਡਾ ਸਭ ਤੋਂ ਗੂੜ੍ਹਾ ਦੋਸਤ ਵੀ ਤੁਹਾਨੂੰ ਇਸ ਬਾਰੇ ਨਹੀਂ ਦੱਸੇਗਾ, ਸਗੋਂ ਉਹ ਤੁਹਾਡੇ ਤੋਂ ਕੰਨੀਂ ਕਤਰਾਉਂਦਾ ਫਿਰੇਗਾ।
ਸ਼ਾਂਤ ਰਹਿਕੇ ਸੁਣਨ ਦਾ ਇਕ ਹੋਰ ਫਾਇਦਾ ਇਹ ਹੈ ਕਿ ਅਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਸੁਣਨ ਤੋਂ ਸਮਝ ਜਾਂਦੇ ਹਾਂ ਕਿ ਉਹ ਕੀ ਸੋਚ ਰਿਹਾ ਹੈ ਅਤੇ ਕੀ ਕਰਨਾ ਚਾਹੁੰਦਾ ਹੈ। ਜੇ ਤੁਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਵੱਲ ਧਿਆਨ ਕੇਂਦਰਿਤ ਕਰੋਗੇ ਤਾਂ ਹੀ ਤੁਸੀਂ ਉਸ ਨੂੰ ਆਪਣੀ ਗੱਲ ਸੁਣਨ ਲਈ ਮਜਬੂਰ ਕਰ ਸਕੋਗੇ।
ਲੋਕ ਹਮੇਸ਼ਾ ਉਸ ਆਦਮੀ ਤੋਂ ਨਫਰਤ ਕਰਦੇ ਹਨ ਜੋ ਆਪਣੇ ਦਿਮਾਗ ਦੇ ਇੰਜਣ ਨੂੰ ਚਾਲੂ ਕੀਤੇ ਬਿਨਾਂ ਹੀ ਮੂੰਹ ਨੂੰ ਟਾਪ ਗੇਅਰ ਵਿੱਚ ਪਾ ਲੈਂਦੇ ਹਨ। ਜ਼ਿਆਦਾਤਰ ਬੰਦੇ ਬੋਲਣ ਲਈ ਕਾਹਲੇ ਹੁੰਦੇ ਹਨ। ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ, ਪਰ ਕੁਦਰਤ ਦਾ ਨਿਯਮ ਹੈ ਕਿ ਅਸੀਂ ਦੁੱਗਣਾ ਸੁਣੀਏ ਤੇ ਉਸ ਤੋਂ ਅੱਧਾ ਬੋਲੀਏ। ਕਾਰਨ ਸਾਫ ਹੈ ਸਾਡੀ ਜੀਭ ਇਕ ਹੈ ਤਾਂ ਕੰਨ ਦੋ। ਵੇਖਿਆ ਗਿਆ ਹੈ ਕਿ ਜੋ ਲੋਕ ਜ਼ਿਆਦਾ ਬੋਲਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ। ਜਿਹੜੇ ਬੰਦੇ ਸ਼ਾਂਤ ਰਹਿਣਾ ਜਾਣਦੇ ਹਨ, ਦੁਨੀਆ ਉਨ੍ਹਾਂ ਨੂੰ ਸੁਣਨ ਲਈ ਵਿਆਕੁਲ ਰਹਿੰਦੀ ਹੈ।
ਜ਼ਰੂਰੀ ਨਹੀਂ ਕਿ ਲੋਕ ਇਸ ਲਈ ਬੋਲਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਿਕਲੇ। ਬਹੁਤੇ ਲੋਕਸਿਰਫ ਬੋਲਣ ਲਈ ਬੋਲਦੇ ਹਨ। ਉਹ ਆਪਣੀ ਬੋਲਬਾਣੀ ਰਾਹੀਂ ਆਪਣੇ ਆਪ ਨੂੰ ਸਿੱਧ ਕਰਨ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੂਸਰਿਆਂ ਨੂੰ ਬਿਨਾਂ ਦੇਖੇ ਬੋਲ ਕੇ ਸਭ ਕੁਝ ਦਿਖਾ ਦਿੱਤਾ ਜਾਵੇ। ਬਹੁਤੇ ਲੋਕੀ ਝੂਠੀਆਂ ਘਟਨਾਵਾਂ ਨੂੰ ਆਪਣੀਆਂ ਗੱਲਾਂ ਰਾਹੀਂ ਸੱਚੀਆਂ ਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ ਵਿੱਚ ਵੱਧ ਤੋਂ ਵੱਧ ਬੋਲਦੇ ਹਨ। ਮੌਨ ਰਹਿਣਾ ਹਰ ਹਾਲਤ ਵਿੱਚ ਲਾਭਕਾਰੀ ਹੈ। ਬੋਲਣ ਨਾਲ ਜਿੰਨੇ ਸਮੇਂ ਵਿੱਚ ਅਸੀਂ ਜਿਹੜੇ ਵਿਚਾਰ ਪ੍ਰਗਟ ਕਰਦੇ ਹਾਂ, ਸ਼ਾਂਤ ਰਹਿ ਕੇ ਉਸ ਤੋਂ ਕਈ ਗੁਣਾ ਜ਼ਿਆਦਾ ਵਿਚਾਰ ਅਸੀਂ ਉਨੇ ਹੀ ਸਮੇਂ ਵਿੱਚ ਆਪਣੇ ਮਨ ਵਿੱਚ ਉਤਪਨ ਕਰ ਸਕਦੇ ਹਾਂ। ਜ਼ਿਆਦਾਤਰ ਇਕੱਠਾਂ ਵਿੱਚ ਲੋਕ ਬੋਲਣ ਵਾਲੇ ਨੂੰ ਸੁਣਦੇ ਘੱਟ ਅਤੇ ਵੇਖਦੇ ਜ਼ਿਆਦਾ ਹਨ।
ਇਕ ਹਿੰਦੀ ਲੇਖਿਕਾ ਨੇ ਆਪਣਾ ਸਾਢੇ ਤਿੰਨ ਸੌ ਸਫਿਆ ਦਾ ਨਾਵਲ ਛਪਣ ਲਈ ਪ੍ਰਕਾਸ਼ਕ ਨੂੰ ਭੇਜਿਆ। ਮੈਂ ਉਸ ਨਾਲ ਨਾਵਲ ਦੇ ਜ਼ਿਆਦਾ ਵਿਸਥਾਰ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਅਜੇ ਮੇਰੀ ਗੱਲ ਵੀ ਪੂਰੀ ਨਹੀਂ ਹੋਈ। ਸਮਝਦਾਰ ਆਦਮੀ ਇਕ ਸ਼ਬਦ ਕਹਿੰਦਾ ਹੈ ਅਤੇ ਦੋ ਸ਼ਬਦ ਸੁਣਦਾ ਹੈ। ਖੁੱਲ੍ਹੇ ਦਿਲ ਵਾਲਾ ਆਦਮੀ ਤਦੇ ਮਹੱਤਵਪੂਰਨ ਹੁੰਦਾ ਹੈ ਜੇ ਉਹ ਖੁੱਲ੍ਹੇ ਕੰਨਾਂ ਵਾਲਾ ਵੀ ਹੋਵੇ। ਸਮਝਦਾਰੀ ਇਸ ਵਿੱਚ ਨਹੀਂ ਕਿ ਅਸੀਂ ਕਿਉਂ ਬੋਲਦੇ ਹਾਂ? ਸਗੋਂ ਇਸ ਵਿੱਚ ਹੈ ਕਿ ਅਸੀਂ ਕੀ ਬੋਲਦੇ ਹਾਂ?