ਸਿਮਰ ਸੰਧੂ ਵੱਲੋਂ ਬਰੈਂਪਟਨ ਈਸਟ ਕੰਜ਼ਰਵੇਟਿਵ ਉਮੀਦਵਾਰ ਵਜੋਂ ਅਸਤੀਫ਼ਾ

ਬਰੈਂਪਟਨ ਪੋਸਟ ਬਿਉਰੋ: ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਸਿਮਰ ਸੰਧੂ ਨੇ ਪਾਰਟੀ ਹਾਈ ਕਮਾਂਡ ਨੂੰ ਅਸਤੀਫਾ ਦੇ ਦਿੱਤਾ ਹੈ। ਉਸ ਵੱਲੋਂ ਆਪਣਾ ਅਸਤੀਫਾ 407 ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਦਿੱਤਾ ਗਿਆ ਕਿ ਟੋਲ ਵਾਲੀ ਇਸ ਹਾਈਵੇਅ ਦੇ 60 ਹਜ਼ਾਰ ਤੋਂ ਵੱਧ ਗਾਹਕਾਂ ਦਾ ਡਾਟਾ ਚੋਰੀ ਹੋ ਚੁੱਕਾ ਹੈ। ਸਿਮਰ ਸੰਧੂ ਹਾਈਵੇਅ 407 ਦਾ 9 ਸਾਲ ਤੋਂ ਵੱਧ ਮੁਲਾਜ਼ਮ ਰਿਹਾ ਹੈ ਜਿਸ ਵਿੱਚ ਉਹ ਕੰਪਨੀ ਦੇ ਕੁਲੈਕਸ਼ਨ ਵਿਭਾਗ ਵਿੱਚ ਲਿਟੀਗੇਸ਼ਨ ਵਿਸ਼ਲੇਸ਼ਕ ਵਜੋਂ ਕਾਰਜਰਤ ਸੀ।
ਸਿਮਰ ਸੰਧੂ ਨੇ ਆਨਲਾਈਨ ਪਾਏ ਇੱਕ ਬਿਆਨ ਵਿੱਚ ਆਖਿਆ ਹੈ ਕਿ ਉਸ ਉੱਤੇ ਲੱਗੇ ਇਲਜ਼ਾਮ ਬੇ-ਬੁਨਿਆਦ ਹਨ ਅਤੇ ਉਹ ਆਪਣਾ ਨਾਮ ਦੋਸ਼ ਰਹਿਤ ਕਰਨ ਲਈ ਹਰ ਸੰਭਵ ਕੋਸਿ਼ਸ਼ ਕਰੇਗਾ। ਉਮੀਦਵਾਰ ਵਜੋਂ ਦਿੱਤੇ ਅਸਤੀਫੇ ਬਾਰੇ ਸੰਧੂ ਨੇ ਕਿਹਾ ਹੈ ਕਿ ਚੋਣਾਂ ਦਾ ਸਮਾਂ ਬਹੁਤ ਨੇੜੇ ਹੋਣ ਕਾਰਣ ਉਹ ਪਾਰਟੀ ਦੇ ਵੱਡੇ ਹਿੱਤਾਂ ਵਿੱਚ ਅਸਤੀਫਾ ਦੇ ਰਿਹਾ ਹੈ।
ਪਾਰਟੀ ਲੀਡਰ ਡੱਗ ਫੋਰਡ ਦੀ ਸਪੋਕਸਪਰਸਨ ਮੈਲੀਸਾ ਲੈਂਟਮੈਨ ਨੇ ਕਿਹਾ ਹੈ ਕਿ ਸਿਮਰ ਸੰਧੂ ਨੇ ਆਪਣਾ ਅਸਤੀਫਾ ਪਾਰਟੀ ਨੂੰ ਦੇ ਦਿੱਤਾ ਹੈ ਜਿਸਨੂੰ ਕਬੂਲ ਕਰ ਲਿਆ ਗਿਆ ਹੈ। ਮੈਲੀਸਾ ਨੇ ਅੱਗੇ ਆਖਿਆ ਕਿ ਪਾਰਟੀ ਜਲਦ ਹੀ ਕਿਸੇ ਬਦਲਵੇਂ ਉਮੀਦਵਾਰ ਨੂੰ ਨਾਮਜ਼ਦ ਕਰੇਗੀ।
ਭਰੋਸਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਜ਼ਰਵੇਟਿਵਾਂ ਵੱਲੋਂ ਬਰੈਂਪਟਨ ਈਸਟ ਤੋਂ ਸੁਦੀਪ ਵਰਮਾ ਨੂੰ ਨਾਮਜ਼ਦ ਕਰ ਦਿੱਤਾ ਹੈ ਜੋ ਬਰੈਂਪਟਨ ਸੈਂਟਰ ਤੋਂ ਹਰਦੀਪ ਜਸਵਾਲ ਤੋਂ ਬੁਰੀ ਤਰ੍ਹਾ ਹਾਰ ਗਿਆ ਸੀ। ਇਸ ਸੰਬੰਧ ਵਿਚ ਗੁਰਸ਼ਰਨ ਬਾਬੀ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਸੁਦੀਪ ਵਰਮਾ ਨੂੰ ਨਾਮਜ਼ਦ ਕਰਕੇ ਪੀ.ਸੀ ਪਾਰਟੀ ਨੇ ਇਹ ਸੀਟ ਐਨ ਡੀ ਪੀ ਉਮੀਦਵਾਰ ਗੁਰਰਤਨ ਸਿੰਘ ਨੰੁ ਤੋਹਫੇ ਵਜੋਂ ਦੇ ਦਿੱਤੀ ਹੈ। ਪੰਜਾਬੀ ਭਾਈਚਾਰੇ ਦੀਆਂ ਪੀ.ਸੀ ਪਾਰਟੀ ਨਾਲ ਜੁੜੀਆਂ ਹੋਰ ਪ੍ਰਮੁੱਖ ਸ਼ਖਸ਼ਅਿਤਾਂ ਨੇ ਪਾਰਟੀ ਦੀ ਇਸ ਨਾਮਜ਼ਗਦੀ `ਤੇ ਬਹੁਤੀ ਖੁਸ਼ੀ ਪ੍ਰਗਟ ਨਹੀਂ ਕੀਤੀ।
ਸੁਦੀਪ ਵਰਮਾ ਬਰੈਂਪਟਨ ਸੈਂਟਰ ਤੋਂ ਸਿਰਫ਼ 200 ਵੋਟਾਂ ਹੀ ਹਾਸਿਲ ਕਰ ਸਕਿਆ ਸੀ। ਜਦਕਿ ਬਰੈਂਪਟਨ ਈਸਟ ਤੋਂ ਜਰਮਨਜੀਤ ਤੇ ਨਵਲ ਬਜਾਜ ਨਾਮੀਨੇਸ਼ਨ ਵਿਚ ਸਿਮਰ ਸਿੱਧੂ ਤੋਂ ਬਾਅਦ ਦੂਰ ਤੇ ਤੀਜੇ ਸਥਾਨ ਉਤੇ ਰਹੇ ਸਨ। ਲੋਕਲ ਪਾਰਟੀ ਕਾਰਜਕਰਤਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮਿਸੀਸਾਗਾ ਸੈਂਟਰ ਤੋਂ ਤਾਨੀਆ ਦੇ ਹਟਾਏ ਜਾਣ ਤੋਂ ਬਾਅਦ ਦੂਜੇ ਨੰਬਰ ਉਤੇ ਰਹੀ ਲਤਾਲੀਆ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਇਥੋਂ ਜਰਮਨਜੀਤ ਸਿੰਘ ਨੂੰ ਨਾਮਜ਼ਦ ਕਰਨਾ ਚਾਹੀਦਾ ਸੀ। ਇਥੇ ਲਿਬਰਲ ਪਾਰਟੀ ਵੱਲੋਂ ਪਰਮਿੰਦਰ ਸਿੰਘ ਤੇ ਐਨਡੀਪੀ ਵਲੋਂ ਗੁਰਰਤਨ ਸਿੰਘ ਚੋਣ ਲੜ ਰਹੇ ਹਨ।