ਸਿਏਰਾ ਲਿਓਨ ਅਤੇ ਅਲਜੀਰੀਆ ਤੱਕ ਫੈਲੇ ਹਨ ਕਰੀਨਾ ਦੇ ਫੈਨ


ਕਰੀਨਾ ਕਪੂਰ ਖਾਨ ਮਾਂ ਬਣਨ ਪਿੱਛੋਂ ਛੇਤੀ ਹੀ ਸੁਨਹਿਰੀ ਪਰਦੇ ਉਤੇ ਫਿਲਮ ‘ਵੀਰੇ ਦੀ ਵੈਡਿੰਗ’ ਨਾਲ ਵਾਪਸੀ ਕਰਨ ਜਾ ਰਹੀ ਹੈ। ਸਾਲ 2017 ਵਿੱਚ ਉਸ ਨੇ ਖੂਬ ਮਲਟੀ ਕਾਸਟਿੰਗ ਮਤਲਬ ਕਈ ਕੰਮ ਇਕੱਠੇ ਕੀਤੇ। ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਉਸ ਨੂੰ ਸੰਭਾਲਣ ਦੇ ਨਾਲ ਛੇਤੀ ਤੋਂ ਛੇਤੀ ਪਹਿਲਾਂ ਵਰਗੀ ਫਿਗਰ ਹਾਸਲ ਕੀਤੀ ਤੇ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਵੀ ਉਸ ਨੇ ਕੀਤੀ। ਇਸ ਦੇ ਨਾਲ ਹੀ ਘਰ ਅਤੇ ਤੈਮੂਰ ‘ਤੇ ਵੀ ਉਸ ਦਾ ਪੂਰਾ ਧਿਆਨ ਸੀ।
ਵਿਆਹ ਕਰਨ ਅਤੇ ਮਾਂ ਬਣਨ ਪਿੱਛੋਂ ਵੀ ਕਰੀਨਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਘੱਟ ਨਹੀਂ ਹੋਈ। ਇੰਸਟਾਗ੍ਰਾਮ ਉੱਤੇ 100 ਤੋਂ ਵੱਧ ਕਰੀਨਾ ਕਪੂਰ ਦੇ ਫੈਨ ਅਕਾਊਂਟ ਹਨ ਅਤੇ ਫੇਸਬੁਕ ‘ਤੇ ਉਸ ਦੇ ਫੈਨ ਪੇਜ ਅਫਰੀਕਾ ਦੇ ਸਿਏਰਾ ਲਿਓਨ ਅਤੇ ਅਲਜੀਰੀਆ ਤੱਕ ਤੋਂ ਬਣਾਏ ਗਏ ਹਨ। ਇਸ ਬਾਰੇ ਕਰੀਨਾ ਕਹਿੰਦੀ ਹੈ, ‘ਮੈਨੂੰ ਲੱਗਦਾ ਹੈ ਕਿ ਲੋਕ ਮੇਰੇ ਬਾਰੇ ਜ਼ਿਆਦਾ ਜਗਿਆਸੂ ਇਸ ਲਈ ਹਨ ਕਿ ਅਸਲ ‘ਚ ਉਹ ਮੇਰੇ ਬਾਰੇ ਜ਼ਿਆਦਾ ਜਾਣਦੇ ਨਹੀਂ। ਮੈਂ ਹਮੇਸ਼ਾ ਇਮਾਨਦਾਰ ਰਹੀ ਹਾਂ, ਪਰ ਮੈਂ ਕਾਫੀ ਹੱਦ ਤੱਕ ਪ੍ਰਾਈਵੇਟ ਰਹਿਣਾ ਪਸੰਦ ਕਰਦੀ ਹਾਂ। ਮੈਂ ਸੋਸ਼ਲ ਮੀਡੀਆ ਉੱਤੇ ਨਹੀਂ ਹਾਂ, ਸੈਫ ਵੀ ਨਹੀਂ ਹਨ। ਮੈਂ ਉਥੇ ਆਪਣੀਆਂ ਫੋਟੋ ਆਦਿ ਪੋਸਟ ਨਹੀਂ ਕਰਨਾ ਚਾਹੁੰਦੀ। ਮੈਂ ਸਫਲਤਾਵਾਂ ਦੇ ਨਾਲ ਵੀ ਅਸਫਲਤਾਵਾਂ ਤੋਂ ਵੀ ਸਿਖਿਆ ਹੈ। ਇਹ ਸਭ ਕੁਝ ਮੇਰਾ ਅੱਜ ਵਾਲਾ ਰੂਪ ਅਤੇ ਸਥਾਨ ਦੇਣ ਵਾਲੀ ਮੇਰੀ ਜੀਵਨ ਯਾਤਰਾ ਦਾ ਹਿੱਸਾ ਹੈ।’
ਕਰੀਨਾ ਅਤੇ ਸੈਫ ਦਾ ਬੇਟਾ ਤੈਮੂਰ ਪੈਦਾ ਹੋਣ ਵੇਲੇ ਤੋਂ ਸੁਰਖੀਆਂ ਵਿੱਚ ਹੈ। ਉਸ ਨਾਲ ਜੁੜੀ ਹਰ ਛੋਟੀ ਤੋਂ ਛੋਟੀ ਗੱਲ ਜਾਨਣ ਲਈ ਕਰੀਨਾ ਅਤੇ ਸੈਫ ਦੇ ਪ੍ਰਸ਼ੰਸਕਾ ਉਤਸੁਕ ਰਹਿੰਦੇ ਹਨ। ਕਰੀਨਾ ਅਨੁਸਾਰ ਆਪਣੇ ਬੇਟੇ ਦੇ ਪਾਲਣ ਬਾਰੇ ਉਸ ਦਾ ਅਤੇ ਸੈਫ ਦਾ ਨਜ਼ਰੀਆ ਮਿਲਦਾ ਨਹੀਂ। ਉਹ ਦੱਸਦੀ ਹੈ, ‘ਸੈਫ ਇਸ ਮਾਮਲੇ ਵਿੱਚ ਅੰਗਰੇਜ਼ ਹਨ, ਮੈਂ ਪੰਜਾਬੀ ਹਾਂ, ਮੈਂ ਹਮੇਸ਼ਾ ਉਸ ਨਾਲ ਲਾਡ ਕਰਦੀ ਤੇ ਗਲੇ ਲਾਉਂਦੀ ਰਹਿੰਦੀ ਹਾਂ। ਸੈਫ ਕਈ ਵਾਰ ਮੈਨੂੰ ਟੋਕ ਚੁੱਕਾ ਹੈ ਕਿ ਮੈਂ ਉਸ ਨੂੰ ਇੰਨੇ ਜ਼ੋਰ ਨਾਲ ਗਲੇ ਨਾ ਲਾਇਆ ਕਰਾਂ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋਵੇ, ਪਰ ਉਹ ਇੱਕ ਸਾਲ ਦਾ ਹੈ ਤੇ ਮੈਂ ਜਿੰਨਾ ਹੋ ਸਕੇ, ਇਸ ਦਾ ਆਨੰਦ ਲੈ ਲੈਣਾ ਚਾਹੁੰਦੀ ਹਾਂ। ਜ਼ਰੂਰੀ ਹੈ ਕਿ ਅਸੀਂ ਤੈਮੂਰ ਨੂੰ ਖੁਸ਼ੀਆਂ ਦਾ ਮਾਹੌਲ ਦੇਈਏ।”