ਸਿਆਸੀ ਲੀਡਰ ਬੀਬੀ ਦੇ ਵਿਆਹ ਵਿੱਚ ਆਂਡਿਆਂ ਦਾ ਮੀਂਹ ਵਰ੍ਹ ਗਿਆ

maria vicoria
ਬ੍ਰਾਜ਼ੀਲ, 16 ਜੁਲਾਈ (ਪੋਸਟ ਬਿਊਰੋ)- ਹਰ ਕਿਸੇ ਨੂੰ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਬਿਨਾਂ ਕਿਸੇ ਖਰਾਬੀ ਦੇ ਹੋ ਜਾਣ ਦੀ ਆਸ ਹੁੰਦੀ ਹੈ, ਪਰ ਕਈ ਵਾਰ ਕੁਝ ਲੋਕਾਂ ਕਾਰਨ ਵਿਆਹ ਵਿੱਚ ਭੜਥੂ ਵੀ ਪੈ ਜਾਂਦਾ ਹੈ। ਬ੍ਰਾਜ਼ੀਲ ਦੀ ਇਕ ਮਹਿਲਾ ਨੇਤਾ ਮਾਰੀਆ ਦੇ ਵਿਆਹ ਵਿੱਚ ਜੋ ਹੋਇਆ, ਉਸ ਤੋਂ ਸਭ ਪ੍ਰੇਸ਼ਾਨ ਹੋ ਗਏ। ਮਾਰੀਆ ਨੇ ਖੱਬੇ ਪੱਖੀ ਪਾਰਟੀਆਂ ਉੱਤੇ ਉਸ ਦੇ ਵਿਆਹ ਵਿੱਚ ਖਰਾਬੀ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ।
ਬ੍ਰਾਜ਼ੀਲ ਦੇ ਪਰਾਨਾ ਸੂਬੇ ਵਿੱਚ 25 ਸਾਲ ਮਾਰੀਆ ਵਿਕਟੋਰੀਆ ਬੈਰੋਸ ਵਿਧਾਨ ਸਭਾ ਦੀ ਮੈਂਬਰ ਹੈ ਤੇ ਉਸ ਦੇ ਪਿਤਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮੇਰ ਦੀ ਸਰਕਾਰ ਵਿੱਚ ਸਿਹਤ ਮੰਤਰੀ ਹਨ। ਮਾਰੀਆ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਸਮਰਥਨ ਦੇਣ ਕਾਰਨ ਇਸ ਤਰ੍ਹਾਂ ਕੀਤਾ ਗਿਆ ਹੈ ਅਤੇ ਖੱਬੇ ਪੱਖੀ ਪਾਰਟੀਆਂ ਉਨ੍ਹਾਂ ਨਾਲ ਖਾਰ ਖਾ ਰਹੀਆਂ ਹਨ। ਇਸੇ ਕਾਰਨ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਗਾਲੀ-ਗਲੋਚ ਕਰਕੇ ਹੰਗਾਮਾ ਕੀਤਾ ਹੈ।
ਸ਼ੁੱਕਰਵਾਰ ਨੂੰ ਜਿਹੜੇ ਚਰਚ ਵਿੱਚ ਮਾਰੀਆ ਦਾ ਵਿਆਹ ਹੋ ਰਿਹਾ ਸੀ, ਉਸ ਦੇ ਬਾਹਰ ਸੈਂਕੜੇ ਪ੍ਰਦਰਸ਼ਨ ਕਰਨ ਵਾਲੇ ਲੋਕ ਇਕੱਠੇ ਹੋ ਗਏ। ਇਸ ਮੌਕੇ ਕਈ ਨੇਤਾ ਵੀ ਪੁੱਜੇ ਹੋਏ ਸਨ। ਪ੍ਰਦਰਸ਼ਨਕਾਰੀ ਲੋਕਾਂ ਨੇ ਉੱਥੇ ਆਂਡੇ ਸੁੱਟਣੇ ਅਤੇ ਮਾਰੀਆ ਦੇ ਖਿਲਾਫ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮਾਰੀਆ ਨੂੰ ਇਕ ਗੱਡੀ ਵਿੱਚ ਬਿਠਾ ਕੇ ਚਰਚ ਤੋਂ ਬਾਹਰ ਸੁਰੱਖਿਅਤ ਭੇਜਿਆ ਗਿਆ। ਪ੍ਰੇਸ਼ਾਨ ਮਾਰੀਆ ਨੇ ਕਿਹਾ, ‘ਇਹ ਲੋਕਤੰਤਰ ਦੀ ਕੀਮਤ ਹੈ। ਪ੍ਰਦਸ਼ਨਕਾਰੀਆਂ ਨੇ ਮੇਰੇ ਵਿਆਹ ਸਮਾਗਮ ਵਿੱਚ ਭੜਥੂ ਪਾ ਕੇ ਬਹੁਤ ਗਲਤ ਕੀਤਾ ਹੈ।’