ਸਿਆਸਤ

-ਡਾ. ਅਮਰੀਕ ਸਿੰਘ ਕੰਡਾ
ਭੇਡ ਦਾ ਲੇਲਾ ਨਦੀ ਦੀ ਢਲਾਨ ‘ਤੇ ਪਾਣੀ ਪੀ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਸ਼ੇਰ ‘ਤੇ ਪਈ। ਸ਼ੇਰ ਵੀ ਪਾਣੀ ਪੀਣ ਲੱਗਿਆ। ਲੇਲੇ ਨੂੰ ਆਪਣੇ ਪੜਦਾਦੇ ਦੀ ਕਹਾਣੀ ਯਾਦ ਆ ਗਈ। ਇਸੇ ਤਰ੍ਹਾਂ ਹੀ ਉਸ ਦਾ ਪੜਦਾਦਾ ਵੀ ਇਕ ਵਾਰੀ ਪਾਣੀ ਪੀਣ ਲੱਗਾ ਸੀ ਤਾਂ ਪਾਣੀ ਜੂਠਾ ਕਰ ਰਿਹਾ ਹੋਣ ਦਾ ਬਹਾਨਾ ਬਣਾ ਕੇ ਸ਼ੇਰ ਉਸ ਦੇ ਪੜਦਾਦੇ ਨੂੰ ਖਾ ਗਿਆ ਸੀ। ਲੇਲੇ ਦੀ ਮੰਮੀ ਨੇ ਉਸ ਨੂੰ ਇਹ ਕਹਾਣੀ ਕਈ ਵਾਰ ਸੁਣਾਈ ਸੀ।
ਇਹ ਕਹਾਣੀ ਯਾਦ ਕਰਕੇ ਲੇਲਾ ਥਰ-ਥਰ ਕੰਬ ਰਿਹਾ ਸੀ। ਸ਼ੇਰ ਉਸ ਕੋਲ ਆ ਕੇ ਕਹਿਣ ਲੱਗਾ, ‘ਹੋਰ ਬੇਟੇ, ਕੀ ਹਾਲ ਐ?’
‘ਠੀਕ ਐ ਅੰਕਲ ਜੀ!’ ਲੇਲੇ ਨੇ ਕੰਬਦਿਆਂ ਕਿਹਾ।
‘ਹੋਰ ਮੰਮੀ ਡੈਡੀ ਦਾ ਕੀ ਹਾਲ ਐ?’
‘ਸਭ ਠੀਕ ਠਾਕ ਆ ਅੰਕਲ ਜੀ।’
‘ਤੂੰ ਆਪਣੀ ਸਿਹਤ ਦੇ ਨਾਲ-ਨਾਲ ਮੰਮੀ ਡੈਡੀ ਦਾ ਵੀ ਧਿਆਨ ਰੱਖਿਆ ਕਰ। ਤੂੰ ਸਮਝ ਗਿਆ ਨਾ ਬੇਟੇ? ਮੇਰੇ ਤੱਕ ਕੋਈ ਵੀ ਕੰਮ ਹੋਵੇ ਜਦੋਂ ਮਰਜ਼ੀ ਆ ਜਾਵੀਂ। ਚੰਗਾ ਬੇਟੇ ਮੈਂ ਚੱਲਦਾ ਹਾਂ।’
ਲੇਲਾ ਸੋਚ ਰਿਹਾ ਸੀ ਕਿ ਮੰਮੀ ਡੈਡੀ ਤਾਂ ਕਹਿੰਦੇ ਸੀ ਸ਼ੇਰ ਅੰਕਲ ਕੋਲੋਂ ਬਚ ਕੇ ਰਿਹਾ ਕਰੋ, ਪਰ ਇਹ ਤਾਂ ਬਹੁਤ ਹੀ ਚੰਗੇ ਅੰਕਲ ਹਨ। ਮੈਨੂੰ ਐਵੇਂ ਹੀ ਡਰਾਉਂਦੇ ਰਹੇ ਤੇ ਮੈਂ ਐਵੇਂ ਡਰਦਾ ਰਿਹਾ।
ਸ਼ੇਰਨੀ ਇਹ ਸਾਰਾ ਦਿ੍ਰਸ਼ ਵੇਖ ਰਹੀ ਸੀ। ਉਸ ਨੇ ਆਉਂਦੇ ਹੀ ਸ਼ੇਰ ਨੂੰ ਗੁੱਸੇ ‘ਚ ਕਿਹਾ, ‘ਮੈਂ ਤੁਹਾਨੂੰ ਸ਼ਿਕਾਰ ਕਰਨ ਭੇਜਿਆ ਸੀ ਤੇ ਤੁਸੀਂ ਲੇਲੇ ਨਾਲ ਗੱਲਾਂ ਮਾਰ ਕੇ ਆ ਗਏ! ਮੈਨੂੰ ਕਿੰਨੀ ਭੁੱਖ ਲਗੀ ਐ ਤੇ ਤੁਸੀਂ ਕੂਲਾ ਕੂਲਾ ਲੇਲਾ ਛੱਡ ਦਿੱਤਾ।’
‘ਓ ਭਾਗਵਾਨੇ ਤੂੰ ਤਾਂ ਨਿਰੀ ਕਮਲੀ ਹੈਂ। ਅਗਲੇ ਹਫਤੇ ਜੰਗਲ ਵਿੱਚ ਚੋਣਾਂ ਹਨ। ਆਪਾਂ ਚੋਣਾਂ ਜਿੱਤ ਕੇ ਜਨਤਾ ਨੂੰ ਹੀ ਖਾਣਾ ਹੈ..।’ ਇਹ ਸੁਣ ਕੇ ਸ਼ੇਰਨੀ ਵੀ ਮੁਸਕੁਰਾਉਣ ਲੱਗੀ।