ਸਿਆਸਤ ਤੋਂ ਸੰਨਿਆਸ ਲੈ ਰਹੇ ਹਨ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ

ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ

ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ

ਓਟਵਾ, 10 ਅਗਸਤ (ਪੋਸਟ ਬਿਊਰੋ) : ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਪ੍ਰੋਵਿੰਸ਼ੀਅਲ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ। ਇਸ ਸਬੰਧੀ ਉਨ੍ਹਾਂ ਵੀਰਵਾਰ ਨੂੰ ਐਲਾਨ ਕੀਤਾ। ਪਰ ਉਹ ਉਦੋਂ ਤੱਕ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਨਵੇਂ ਪ੍ਰੀਮੀਅਰ ਦੀ ਚੋਣ ਨਹੀਂ ਕਰ ਲਈ ਜਾਂਦੀ।
ਐਲਾਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਖੇ 51 ਸਾਲਾ ਵਾਲ ਨੇ ਆਖਿਆ ਕਿ ਅਜੇ ਤੱਕ ਉਨ੍ਹਾਂ ਕੋਲ ਕੋਈ ਹੋਰ ਕੰਮ ਨਹੀਂ ਹੈ। ਵਾਲ ਨੇ ਇਹ ਵੀ ਆਖਿਆ ਕਿ ਉਹ ਕੁੱਝ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਹਨ। ਉਨ੍ਹਾਂ ਇਹ ਵੀ ਆਖਿਆ ਕਿ ਅੱਗੇ ਉਹ ਚਾਹੇ ਕੁੱਝ ਵੀ ਕਰਨ ਪਰ ਪ੍ਰੀਮੀਅਰ ਬਣਨਾ ਉਨ੍ਹਾਂ ਦੀ ਜਿ਼ੰਦਗੀ ਦਾ ਸੱਭ ਤੋਂ ਮਾਣ ਵਾਲਾ ਸਮਾਂ ਰਹੇਗਾ।
ਵਾਲ ਲੱਗਭਗ 10 ਸਾਲਾਂ ਤੱਕ ਪ੍ਰੀਮੀਅਰ ਰਹੇ। ਸਸਕੈਚਵਨ ਪਾਰਟੀ ਨੇ ਨਵੰਬਰ 2007 ਵਿੱਚ ਆਫਿਸ ਸਾਂਭਿਆ। ਵਾਲ ਨੂੰ ਲਗਾਤਾਰ ਦੇਸ਼ ਭਰ ਵਿੱਚ ਸੱਭ ਤੋਂ ਹਰਮਨਪਿਆਰਾ ਪ੍ਰੀਮੀਅਰ ਮੰਨਿਆ ਜਾਂਦਾ ਰਿਹਾ। ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਕੀਤੀ ਵੀਡੀਓ ਵਿੱਚ ਵਾਲ ਨੇ ਆਖਿਆ ਕਿ ਹੁਣ ਉਨ੍ਹਾਂ ਦੇ ਰਿਟਾਇਰ ਹੋਣ ਦਾ ਸਮਾਂ ਆ ਗਿਆ ਹੈ। ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਇਹ ਵੀ ਆਖਿਆ ਕਿ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੀ ਥਾਂ ਉੱਤੇ ਜੋ ਵੀ ਪ੍ਰੀਮੀਅਰ ਬਣੇਗਾ ਉਹ ਸਸਕੈਚਵਨ ਨੂੰ ਵੱਧ ਤੋਂ ਵੱਧ ਸਮਾਂ ਦੇਵੇ।
ਉਨ੍ਹਾਂ ਆਖਿਆ ਕਿ ਹੁਣ ਅਹੁਦਾ ਛੱਡਣ ਦਾ ਉਨ੍ਹਾਂ ਲਈ ਸਹੀ ਸਮਾਂ ਹੈ। ਉਹ ਆਪਣੇ ਪਰਿਵਾਰ ਨਾਲ ਰਲ ਕੇ ਕੁੱਝ ਹੋਰ ਕਰਨਾ ਚਾਹੁੰਦੇ ਹਨ। ਇੰਜ ਲੱਗ ਰਿਹਾ ਸੀ ਕਿ ਵਾਲ ਪ੍ਰੈੱਸ ਕਾਨਫਰੰਸ ਦੌਰਾਨ ਰੋ ਪੈਣਗੇ। ਖਾਸਤੌਰ ਉੱਤੇ ਜਦੋਂ ਉਨ੍ਹਾਂ ਆਪਣੇ ਪਰਿਵਾਰ ਤੇ ਅਮਲੇ ਦੀ ਗੱਲ ਕੀਤੀ, ਜਿਸ ਨੇ ਦਹਾਕੇ ਤੱਕ ਉਨ੍ਹਾਂ ਦੇ ਆਫਿਸ ਵਿੱਚ ਬਣੇ ਰਹਿਣ ਉੱਤੇ ਉਨ੍ਹਾਂ ਦੀ ਸੇਵਾ ਕੀਤੀ। ਉਨ੍ਹਾਂ ਆਖਿਆ ਕਿ ਉਹ ਬੜੇ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਇਹੋ ਜਿਹਾ ਪਰਿਵਾਰ ਤੇ ਮਾਪੇ ਮਿਲੇ।