ਸਾਲ ਦੇ ਅੰਤ ਤੱਕ ਬੈਂਕ ਖਾਤੇ ਆਧਾਰ ਕਾਰਡ ਨਾਲ ਨਾ ਜੁੜਵਾਏ ਤਾਂ ਜਾਮ ਕਰ ਦਿੱਤੇ ਜਾਣਗੇ

adhaar card
ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ)- ਇਸ ਸਾਲ ਦੀ 31 ਦਸੰਬਰ 2017 ਤਕ ਆਧਾਰ ਨੰਬਰ ਨਾਲ ਬੈਂਕਾਂ ਦੇ ਜਿਹੜੇ ਖਾਤੇ ਲਿੰਕ ਨਾ ਹੋਏ, ਉਹ ਬਲਾਕ ਕਰ ਦਿੱਤੇ ਜਾਣਗੇ। ਅਜਿਹੇ ਵਿੱਚ ਬੈਂਕਿੰਗ ਲੈਣ-ਦੇਣ ਨਹੀਂ ਹੋ ਸਕੇਗਾ ਤੇ ਖਾਤਾ ਰੁਕ ਜਾਵੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੈਂਕ ਖਾਤਿਆਂ ਨੂੰ 31 ਦਸੰਬਰ ਤੱਕ ਆਧਾਰ ਕਾਰਡ ਨਾਲ ਜੋੜਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਐੱਨ ਆਰ ਆਈਜ਼ ਅਤੇ ਓ ਸੀ ਆਈਜ਼ ਹਸਤੀ ਵਾਲਿਆਂ ਨੂੰ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੁਝ ਰਾਹਤ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਐੱਨ ਆਰ ਆਈ ਅਤੇ ਓ ਸੀ ਆਈ ਕਾਰਡ ਧਾਰਕ, ਜਿਨ੍ਹਾਂ ਦਾ ਖਾਤਾ ਭਾਰਤ ਵਿੱਚ ਹੈ, ਪਰ ਆਧਾਰ ਕਾਰਡ ਨਹੀਂ ਹੈ, ਉਨ੍ਹਾਂ ਨੂੰ ਬੈਂਕ ਵਿੱਚ ਆਧਾਰ ਨੰਬਰ ਵੈਰੀਫਿਕੇਸ਼ਨ ਕਰਾਉਣਾ ਜ਼ਰੂਰੀ ਨਹੀਂ ਹੈ। ਇਸ ਦੀ ਜਾਣਕਾਰੀ ਆਧਾਰ ਕਾਰਡ ਅਥਾਰਟੀ ਯੂ ਆਈ ਡੀ ਏ ਆਈ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਹੈ, ਉਹ ਆਪਣਾ ਖਾਤਾ ਇਸ ਨਾਲ ਓਥੇ ਬੈਠੇ ਲਿੰਕ ਕਰ ਸਕਦੇ ਹਨ ਅਤੇ ਅਜਿਹਾ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਦੇ ਜ਼ਰੀਏ ਵੀ ਕੀਤਾ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਲਗਭਗ ਸਾਰੀਆਂ ਸਰਕਾਰੀ ਸਕੀਮਾਂ ਵਿੱਚ ਆਧਾਰ ਨੰਬਰ ਹੁਣ ਜ਼ਰੂਰੀ ਕੀਤਾ ਗਿਆ ਹੈ। ਰਸੋਈ ਗੈਸ ਦੀ ਸਬਸਿਡੀ ਤੋਂ ਲੈ ਕੇ ਮੋਬਾਈਲ ਤਕ ਨਾਲ ਆਧਾਰ ਨੰਬਰ ਜੋੜਨਾ ਜ਼ਰੂਰੀ ਹੈ। ਮੋਬਾਈਲ ਨੰਬਰ ਨੂੰ 6 ਫਰਵਰੀ 2018 ਤਕ ਆਧਾਰ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਹੈ ਅਤੇ 31 ਦਸੰਬਰ 2017 ਤਕ ਇਨਕਮ ਟੈਕਸ ਨੰਬਰ (ਪੈਨ) ਅਤੇ ਆਧਾਰ ਨੂੰ ਆਪਸ ਵਿੱਚ ਲਿੰਕ ਕਰਨਾ ਜ਼ਰੂਰੀ ਹੈ। ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੇ ਬਿਨਾਂ ਰਿਟਰਨ ਨਹੀਂ ਮੰਨੀ ਜਾਵੇਗੀ ਅਤੇ ਨਾ ਰਿਫੰਡ ਮਿਲੇਗਾ। ਸਰਕਾਰ ਦਾ ਤਰਕ ਹੈ ਕਿ ਇਸ ਨਾਲ ਟੈਕਸ ਚੋਰੀ ਕਰਨ ਵਾਲਿਆਂ ਅਤੇ ਦੋ-ਦੋ ਪੈਨ ਬਣਾ ਕੇ ਰੱਖਣ ਵਾਲਿਆਂ ਉੱਤੇ ਲਗਾਮ ਲੱਗੇਗੀ। ਇਨਕਮ ਟੈਕਸ ਦੀ ਵੈੱਬਸਾਈਟ ਉੱਤੇ ਜਾ ਕੇ ਆਸਾਨੀ ਨਾਲ ਪੈਨ ਅਤੇ ਆਧਾਰ ਨੂੰ ਲਿੰਕ ਕੀਤਾ ਜਾ ਸਕਦਾ ਹੈ।