ਸਾਲੇ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਨੌਜਵਾਨ ਨੇ ਭੈਣ ਨੂੰ ਗੋਲੀ ਮਾਰ ਕੇ ਮਾਰਿਆ


ਖਾਨਪੁਰ ਕਲਾਂ (ਸੋਨੀਪਤ), 11 ਮਈ (ਪੋਸਟ ਬਿਊਰੋ)- ਹਰਿਆਣਾ ਦੇ ਇੱਕ ਨੌਜਵਾਨ ਨੇ ਆਪਣੀ ਭੈਣ ਨੂੰ ਆਪਣੇ ਸਾਲੇ ਨਾਲ ਵਿਆਹ ਕਰਨ ਤੋਂ ਨਾਰਾਜ਼ ਹੋ ਕੇ ਗਰਭਵਤੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੋਨੀਪਤ ਦੇ ਲਾਠ ਪਿੰਡ ਦੀ ਹੈ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕਾਰਤੂਸ ਦੇ ਦੋ ਖੋਲ ਮਿਲੇ ਹਨ।
ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ‘ਤੇ ਪੁਲਸ ਨੇ ਤਿੰਨ ਜਣਿਆਂ ‘ਤੇ ਕੇਸ ਦਰਜ ਕੀਤਾ ਹੈ। ਮੂਲ ਰੂਪ ਤੋਂ ਝੱਜਰ ਜ਼ਿਲ੍ਹੇ ਦੇ ਪਿੰਡ ਛਪਾਰ ਦੀ ਰਹਿਣ ਵਾਲੀ ਨਿੱਕੂ ਨੇ ਆਪਣੇ ਭਰਾ ਵਿਕਰਮ ਦੇ ਸਾਲੇ ਦੀਪਕ ਪਿੰਡ ਲਾਠ (ਸੋਨੀਪਤ) ਨਾਲ ਕੋਰਟ ਮੈਰਿਜ ਕੀਤੀ ਸੀ। ਇਸ ਵਿਆਹ ਤੋਂ ਵਿਕਰਮ ਖੁਸ਼ ਨਹੀਂ ਸੀ। ਕੱਲ੍ਹ ਦੁਪਹਿਰ ਬਾਅਦ ਵਿਕਰਮ ਦੋ ਦੋਸਤਾਂ ਦੇ ਨਾਲ ਨਿੱਕੂ ਦੇ ਸਹੁਰੇ ਘਰ ਪਹੁੰਚਿਆ। ਨਿੱਕੂ ਮੰਜੇ ‘ਤੇ ਲੇਟੀ ਸੀ। ਵਿਕਰਮ ਨੇ ਹਾਲਚਾਲ ਪੁੱਛਿਆ ਅਤੇ ਨਿੱਕੂ ਕੋਲ ਬੈਠ ਗਿਆ। ਨਿੱਕੂ ਦਾ ਪਤੀ ਦੀਪਕ ਚਾਹ ਬਣਾਉਣ ਲਈ ਰਸੋਈ ਵਿੱਚ ਚਲਾ ਗਿਆ ਤਾਂ ਵਿਕਰਮ ਨੇ ਜੇਬ ‘ਚੋਂ ਪਿਸਤੌਲ ਕੱਢੀ ਅਤੇ ਨਿੱਕੂ ਦੀ ਪੁੜਪੁੜੀ ‘ਤੇ ਲਾ ਕੇ ਫਾਇਰ ਕਰ ਦਿੱਤੇ। ਗੋਲੀ ਦੀ ਆਵਾਜ਼ ਸੁਣ ਕੇ ਦੀਪਕ ਬਾਹਰ ਆਇਆ ਅਤੇ ਵਿਕਰਮ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।