ਸਾਰੇ ਭਾਰਤ ਵਿੱਚ ਉੱਪ ਚੋਣਾਂ ਵਿੱਚ ਭਾਜਪਾ ਤੇ ਉਸ ਦੇ ਸਾਥੀ ਦਲਾਂ ਨੂੰ ਕਰਾਰਾ ਝਟਕਾ


ਨਵੀਂ ਦਿੱਲੀ, 31 ਮਈ, (ਪੋਸਟ ਬਿਊਰੋ)- ਭਾਰਤ ਦੀ ਕੇਂਦਰੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਤੇ ਇਸ ਦੇ ਐਨ ਡੀ ਏ ਗੱਠਜੋੜ ਦੇ ਭਾਈਵਾਲਾਂ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਅੱਜ ਵਿਰੋਧੀ ਧਿਰਾਂ ਨੇ ਲੋਕ ਸਭਾ ਦੇ ਚਾਰ ਅਤੇ ਵੱਖ ਵੱਖ ਵਿਧਾਨ ਸਭਾਵਾਂ ਦੇ 10 ਹਲਕਿਆਂ ਦੀਆਂ ਉੱਪ ਚੋਣਾਂ ਵਿੱਚੋਂ ਕੁੱਲ ਮਿਲਾ ਕੇ 11 ਥਾਂਈਂ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦਾ ਅਹਿਮੀਅਤ ਵਾਲਾ ਲੋਕ ਸਭਾ ਹਲਕਾ ਕੈਰਾਨਾ ਵੀ ਸ਼ਾਮਲ ਹੈ, ਜਿਹੜਾ ਵਿਰੋਧੀ ਪਾਰਟੀਆਂ ਨੇ ਆਪਣੀ ਇੱਕਮੁੱਠਤਾ ਨਾਲ ਇਸ ਵਾਰ ਭਾਜਪਾ ਤੋਂ ਖੋਹ ਲਿਆ। ਇਸ ਤਰ੍ਹਾਂ ਭਾਜਪਾ ਤੇ ਇਸ ਦੇ ਸਾਥੀਆਂ ਨੂੰ ਮਸਾਂ ਤਿੰਨ ਸੀਟਾਂ ਉੱਤੇ ਸਬਰ ਕਰਨਾ ਪਿਆ ਹੈ, ਜਿਨ੍ਹਾਂ ਵਿੱਚੋਂ ਇੱਕ ਪਾਰਲੀਮੈਂਟ ਤੇ ਦੋ ਵਿਧਾਨ ਸਭਾ ਸੀਟਾਂ ਹਨ।
ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਅੱਜ ਆਏ ਉੱਪ ਚੋਣਾਂ ਦੇ ਨਤੀਜਿਆਂ ਦੀ ਇਹ ਕਰਾਰੀ ਹਾਰ ਉਦੋਂ ਪਈ ਹੈ, ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਕਾਰਨ ਇਸ ਨੇ ਇਕ-ਇਕ ਹਲਕੇ ਦੀ ਉੱਪ ਚੋਣ ਨੂੰ ਆਪਣੇ ਵੱਕਾਰ ਦਾ ਮੁੱਦਾ ਬਣਾਇਆ ਪਿਆ ਸੀ। ਵਿਰੋਧੀ ਧਿਰ ਦੀ ਇਸ ਜਿੱਤ ਨੂੰ ਭਾਜਪਾ ਤੇ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਟਦੀ ਹਰਮਨ ਪਿਆਰਤਾਂ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਪੱਖ ਤੋਂ ਬਹੁਤ ਵੱਡੀ ਅਹਿਮੀਅਤ ਵਾਲੇ ਉੱਤਰ ਪ੍ਰਦੇਸ਼ ਦੇ ਕੈਰਾਨਾ ਪਾਰਲੀਮੈਂਟ ਹਲਕੇ ਵਿੱਚ ਪਿਛਲੇ ਸਮੇਂ ਦੌਰਾਨ ਬਹੁਤ ਸਾਰਾ ਫ਼ਿਰਕੂ ਤਣਾਅ ਬਣਿਆ ਰਿਹਾ ਹੈ। ਉਥੋਂ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਤਬੱਸੁਮ ਹਸਨ ਨੇ ਭਾਜਪਾ ਦੀ ਮ੍ਰਿਗਾਂਕਾ ਸਿੰਘ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਤਬੱਸੁਮ ਹਸਨ ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਦੀ ਹਮਾਇਤ ਹਾਸਲ ਸੀ। ਇਹ ਸੀਟ ਭਾਜਪਾ ਉਮੀਦਵਾਰ ਬੀਬੀ ਮ੍ਰਿਗਾਂਕਾ ਸਿੰਘ ਦੇ ਪਿਤਾ ਅਤੇ ਭਾਜਪਾ ਪਾਰਲੀਮੈਂਟ ਮੈਂਬਰ ਹੁਕਮ ਸਿੰਘ ਦੀ ਮੌਤ ਕਾਰਨ ਖ਼ਾਲੀ ਹੋਈ ਸੀ। ਏਦਾਂ ਹੀ ਮਹਾਰਾਸ਼ਟਰ ਰਾਜ ਦੇ ਭੰਡਾਰਾ-ਗੋਂਡੀਆ ਹਲਕੇ ਵਿੱਚੋਂ ਵਿਰੋਧੀ ਧਿਰ ਦੀ ਏਕਤਾ ਕਾਰਨ ਭਾਜਪਾ ਨੂੰ ਹਰਾ ਕੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਗਿਆ। ਮਹਾਰਾਸ਼ਟਰ ਦੇ ਇਕ ਪਾਰਲੀਮੈਂਟ ਹਲਕੇ ਪਾਲਘਰ ਵਿੱਚੋਂ ਵਿਰੋਧੀ ਧਿਰ ਦੀ ਫੁੱਟ ਦਾ ਲਾਹਾ ਲੈ ਕੇ ਭਾਜਪਾ ਆਪਣਾ ਕਬਜ਼ਾ ਕਾਇਮ ਰੱਖਣ ਵਿੱਚ ਸਫਲ ਰਹੀ। ਚੌਥੇ ਲੋਕ ਸਭਾ ਹਲਕੇ ਨਾਗਾਲੈਂਡ ਤੋਂ ਭਾਜਪਾ ਦੀ ਭਾਈਵਾਲ ਐਨ ਡੀ ਪੀ ਪੀ ਜੇਤੂ ਰਹੀ। ਇਸ ਤਰ੍ਹਾਂ ਐਨ ਡੀ ਏ ਗੱਠਜੋੜ ਤੇ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਦੀਆਂ 2-2 ਸੀਟਾਂ ਮਿਲੀਆਂ, ਪਰ ਅਸਲ ਵਿੱਚ ਭਾਜਪਾ ਇਸ ਲਈ ਘਾਟੇ ਵਿੱਚ ਰਹੀ ਕਿ ਉਸ ਨੇ ਕੈਰਾਨਾ ਅਤੇ ਭੰਡਾਰਾ-ਗੋਂਡੀਆ ਦੀਆਂ ਪਾਰਲੀਮੈਂਟ ਸੀਟਾਂ ਗੁਆਈਆਂ ਹਨ, ਜਿਹੜੀਆਂ ਪਹਿਲਾਂ ਉਸ ਦੇ ਕੋਲ ਸਨ।
ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ 10 ਸੀਟਾਂ ਲਈ ਹੋਈਆਂ ਉੱਪ ਚੋਣਾਂ ਵਿੱਚੋਂ ਭਾਜਪਾ ਨੂੰ ਮਸਾਂ ਇਕ ਸੀਟ ਉੱਤਰਾਖੰਡ ਵਿੱਚ ਹਲਕਾ ਥਰਾਲੀ ਤੋਂ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਨੇ ਤਿੰਨ ਵਿਧਾਨ ਸਭਾ ਸੀਟਾਂ (ਪੰਜਾਬ ਦੀ ਸ਼ਾਹਕੋਟ, ਕਰਨਾਟਕ ਦੀ ਰਾਜਾ ਰਾਜੇਸ਼ਵਰੀ ਨਗਰ ਅਤੇ ਮੇਘਾਲਿਆ ਦੀ ਅੰਪਾਤੀ) ਉੱਤੇ ਜਿੱਤ ਦਰਜ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਨੂਰਪੁਰ ਤੋਂ ਸਮਾਜਵਾਦੀ ਪਾਰਟੀ ਤੇ ਬਿਹਾਰ ਦੇ ਜੋਕੀਹਾਟ ਤੋਂ ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ ਨੂੰ ਕਾਮਯਾਬੀ ਮਿਲੀ ਹੈ। ਰਾਸ਼ਟਰੀ ਜਨਤਾ ਦਲ ਦੀ ਜਿੱਤ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਈ ਜ਼ੋਰਦਾਰ ਝਟਕਾ ਮੰਨਿਆ ਜਾਂਦਾ ਹੈ। ਝਾਰਖੰਡ ਦੇ ਦੋਵਾਂ ਹਲਕਿਆਂ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਜੇਤੂ ਰਹੇ ਹਨ। ਕੇਰਲਾ ਦੇ ਇੱਕੋ ਇੱਕ ਹਲਕੇ ਤੋਂ ਸੀ ਪੀ ਆਈ ਐੱਮ ਅਤੇ ਪੱਛਮੀ ਬੰਗਾਲ ਦੇ ਇੱਕੋ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਜੇਤੂ ਰਹੀ ਹੈ। ਮਹਾਰਾਸ਼ਟਰ ਵਿਧਾਨ ਸਭਾ ਦੀ ਇਕ ਸੀਟ ਕਾਂਗਰਸ ਨੇ ਬਿਨਾਂ ਮੁਕਾਬਲਾ ਜਿੱਤ ਲਈ ਸੀ। ਓਥੇ ਭਾਜਪਾ ਨੇ ਜਿਸ ਉਮੀਦਵਾਰ ਨੂੰ ਖੜਾ ਕੀਤਾ ਸੀ, ਉਹ ਕਾਗਜ਼ ਹੀ ਵਾਪਸ ਲੈ ਗਿਆ ਸੀ।
ਮੇਘਾਲਿਆ ਦੀ ਅੰਪਾਤੀ ਵਿਧਾਨ ਸਭਾ ਉੱਪ ਚੋਣ ਕਾਂਗਰਸ ਉਮੀਦਵਾਰ ਮਿਆਨੀ ਡੀ ਸ਼ਿਰਾ ਨੇ ਜਿੱਤ ਲਈ ਅਤੇ ਇਸ ਦੇ ਨਾਲ ਕਾਂਗਰਸ ਉਸ ਰਾਜ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਇਹ ਸੀਟ ਇਸ ਵਾਰ ਦੇ ਜੇਤੂ ਮਿਆਨੀ ਦੇ ਪਿਤਾ ਮੁਕੁਲ ਸੰਗਮਾ ਦੇ ਅਸਤੀਫ਼ਾ ਦੇਣ ਨਾਲ ਖ਼ਾਲੀ ਹੋਈ ਸੀ। ਮੁਕੁਲ ਸੰਗਮਾ ਦੋ ਸੀਟਾਂ ਉਪਰ ਚੋਣ ਜਿੱਤੇ ਸਨ ਤੇ ਉਨ੍ਹਾਂ ਨੂੰ ਇੱਕ ਸੀਟ ਛੱਡਣੀ ਪਈ ਸੀ। ਮੇਘਾਲਿਆ ਵਿਧਾਨ ਸਭਾ ਦੀਆਂ 60 ਸੀਟਾਂ ਵਿਚ ਇਸ ਜਿੱਤ ਨਾਲ ਕਾਂਗਰਸ ਦੇ 21 ਵਿਧਾਇਕ ਹੋ ਗਏ ਹਨ, ਜਿਹੜੇ ਐਨ ਪੀ ਪੀ ਤੋਂ ਇਕ ਵੱਧ ਹਨ। ਇਸ ਵੇਲੇ ਰਾਜ ਵਿਚ ਐਨ ਪੀ ਪੀ ਖੇਤਰੀ ਪਾਰਟੀਆਂ ਅਤੇ ਭਾਜਪਾ ਦੇ ਸਹਿਯੋਗ ਨਾਲ ਗਠਜੋੜ ਸਰਕਾਰ ਚਲਾ ਰਹੀ ਹੈ।
ਅੱਜ ਦੇ ਨਤੀਜਿਆਂ ਦੀ ਖਾਸ ਗੱਲ ਇਹ ਹੈ ਕਿ ਭਾਜਪਾ ਕੋਲੋਂ ਸੀਟਾਂ ਖੁੱਸੀਆਂ ਹਨ, ਪਰ ਉਹ ਕਿਸੇ ਦੀ ਸੀਟ ਖੋਹ ਨਹੀਂ ਸਕੀ। ਉੱਤਰ ਪ੍ਰਦੇਸ਼ ਦੀ ਨੂਰਪੁਰ ਵਿਧਾਨ ਸਭਾ ਸੀਟ ਪਹਿਲਾਂ ਭਾਜਪਾ ਕੋਲ ਸੀ, ਅੱਜ ਓਥੇ ਸਮਾਜਵਾਦੀ ਪਾਰਟੀ ਜਿੱਤ ਗਈ ਹੈ। ਝਾਰਖੰਡ ਦੀਆਂ ਦੋਵਾਂ ਉੱਪ ਚੋਣ ਵਾਲੀਆਂ ਸੀਟਾਂ ਵਿੱਚ ਹਾਕਮ ਧਿਰ ਭਾਜਪਾ ਗੱਠਜੋੜ ਤੇ ਉਸ ਦੇ ਵਿਰੋਧੀ ਗੱਠਜੋੜ ਕੋਲ ਇੱਕ-ਇੱਕ ਸੀਟ ਹੰੁਦੀ ਸੀ, ਪਰ ਅੱਜ ਦੋਵੇਂ ਸੀਟਾਂ ਵਿਰੋਧੀ ਧਿਰ ਜਿੱਤ ਗਈ ਹੈ।
ਇਨ੍ਹਾਂ ਉੱਪ ਚੋਣਾਂ ਵਿੱਚ ਹਾਕਮ ਐਨ ਡੀ ਏ ਗੱਠਜੋੜ ਦੀ ਕਰਾਰੀ ਹਾਰ ਤੋਂ ਜੋਸ਼ ਵਿੱਚ ਵਿਰੋਧੀ ਪਾਰਟੀਆਂ ਵਿੱਚ 2019 ਦੀਆਂ ਆਮ ਚੋਣਾਂ ਲਈ ਭਾਜਪਾ ਵਿਰੋਧੀ ਮਹਾਂਗੱਠਜੋੜ ਕਾਇਮ ਲਈ ਚਰਚਾ ਵਧ ਗਈ ਹੈ। ਕਾਂਗਰਸ ਨੇ ਵਿਰੋਧੀ ਪਾਰਟੀਆਂ ਦੀ ਜਿੱਤ ਨੂੰ ਭਾਜਪਾ ਦੇ ਅੰਤ ਦੀ ਸ਼ੁਰੂਆਤ ਕਿਹਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਸਿੰਘ ਯਾਦਵ ਨੇ ਇਸ ਨੂੰ ਫੁੱਟ ਪਾਊ ਸਿਆਸਤ ਕਰਨ ਵਾਲਿਆਂ ਨੂੰ ਕਰਾਰਾ ਝਟਕਾ ਕਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮੁਤਾਬਕ ਨਤੀਜੇ ਦੱਸਦੇ ਹਨ ਕਿ ਦੇਸ਼ ਵਿੱਚ ਮੋਦੀ ਸਰਕਾਰ ਦੇ ਖ਼ਿਲਾਫ਼ ਬਹੁਤ ਗੁੱਸਾ ਹੈ। ਸੀ ਪੀ ਆਈ ਨੇ ਇਸ ਨੂੰ ਧਰਮ ਨਿਰਪੱਖ ਸ਼ਕਤੀਆਂ ਦੀ ਜਿੱਤ ਕਿਹਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ‘ਲੰਬੀ ਛਾਲ ਮਾਰਨ ਲਈ ਦੋ ਕਦਮ ਪਿੱਛੇ ਜਾਣਾ’ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ 2019 ਦੀਆਂ ਚੋਣਾਂ ਵਿੱਚ ਲੰਬੀ ਛਾਲ ਮਾਰੇਗੀ।