ਸਾਰੇ ਭਾਰਤ ਵਿੱਚ ਇੱਕ ਕਰੋੜ ਖਾਤਿਆਂ ਦਾ ਡਾਟਾ ਲੀਕ ਕਰ ਕੇ ਵੇਚ ਦਿੱਤਾ ਗਿਆ

bank accounts in india
ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਇੱਕ ਕਰੋੜ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵੇਚੇ ਜਾਣ ਦਾ ਭੇਦ ਖੁੱਲ੍ਹਾ ਹੈ। ਦਿੱਲੀ ਪੁਲਸ ਨੇ ਇੱਕ ਗਿਰੋਹ (ਮੌਡਿਊਲ) ਦਾ ਪਰਦਾ ਫਾਸ਼ ਕੀਤਾ ਹੈ, ਜਿਹੜਾ ਲੰਮੇ ਸਮੇਂ ਤੋਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਇਹ ਕੰਮ ਕਰ ਰਿਹਾ ਸੀ।
ਦਿੱਲੀ ਸਾਊਥ ਈਸਟ ਦੇ ਡੀ ਸੀ ਪੀ (ਡਿਪਟੀ ਕਮਿਸ਼ਨਰ ਪੁਲਸ) ਆਰ ਬਾਨਿਆ ਨੇ ਦੱਸਿਆ ਕਿ ਇਹ ਗੈਂਗ ਬੈਂਕ ਅਕਾਊਂਟ, ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੇ ਡਿਟੇਲਸ, ਫੇਸਬੁਕ ਤੇ ਵਟਸਐਪ ਦੇ ਡਾਟਾ ਨੂੰ 10 ਜਾਂ 20 ਪੈਸੇ ਪ੍ਰਤੀ ਗ੍ਰਾਹਕ ਦੇ ਹਿਸਾਬ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਨਾਲ ਇਸ ਕੰਮ ਵਿੱਚ ਕੁਝ ਬੈਂਕ ਅਧਿਕਾਰੀ ਵੀ ਸ਼ਾਮਲ ਹਨ। ਪੁਲਸ ਇਸ ਕੇਸ ਵਿੱਚ ਕਈ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਗ੍ਰੇਟਰ ਕੈਲਾਸ਼ ਦੀ ਰਹਿਣ ਵਾਲੀ 80 ਸਾਲਾ ਬਜ਼ੁਰਗ ਔਰਤ ਦੇ ਕੇਸ ਦੀ ਜਾਂਚ ਕਰਦੇ ਹੋਏ ਪੁਲਸ ਨੂੰ ਇਹ ਭੇਦ ਪਤਾ ਲੱਗਾ। ਇਸ ਔਰਤ ਦੇ ਕ੍ਰੈਡਿਟ ਕਾਰਡ ਤੋਂ 1.46 ਲੱਖ ਰੁਪਏ ਉਡਾ ਲਏ ਗਏ ਸਨ। ਇਸ ਕੇਸ ਦੀ ਜਾਂਚ ਵਿੱਚ ਪੁਲਸ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਵੇਚਣ ਵਾਲੇ ਮੌਡਿਊਲ ਦਾ ਪਰਦਾ ਫਾਸ਼ ਕੀਤਾ ਤਾਂ ਪਤਾ ਲੱਗਾ ਕਿ ਇਸ ਵਿੱਚ ਬੈਂਕ ਦੇ ਮੁਲਾਜ਼ਮਾਂ ਅਤੇ ਕਾਲ ਸੈਂਟਰ ਤੋਂ ਜਾਣਕਾਰੀ ਕਢਵਾਈ ਜਾਂਦੀ ਤੇ ਫਿਰ ਉਸ ਨੂੰ ਵੇਚ ਦਿੱਤਾ ਜਾਂਦਾ ਸੀ। ਡੀ ਸੀ ਪੀ ਨੇ ਦਾਅਵਾ ਕੀਤਾ ਕਿ ਮੌਡਿਊਲ ਦੇ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਪੁਲਸ ਨੇ ਇੱਕ ਕਰੋੜ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਰਿਕਵਰ ਕੀਤੀ ਹੈ।