ਸਾਰਾ ਕੁਝ ਸੰਸਾਰ ਦੀ ਸੈਰ ਲਈ ਵੇਚਿਆ, ਪਰ ਬਾਜ਼ੀ ਉਲਟੀ ਪੈ ਗਈ


ਮੈਕਸੀਕੋ, 13 ਫਰਵਰੀ (ਪੋਸਟ ਬਿਊਰੋ)- ਕੁਝ ਜਨੂੰਨੀ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਜੋ ਚੰਗਾ ਲੱਗੇ, ਉਹ ਉਸੇ ਕੰਮ ਨੂੰ ਕਰ ਕੇ ਸਾਹ ਲੈਂਦੇ ਹਨ। ਅਜਿਹਾ ਹੀ ਇੱਕ ਜੋੜਾ ਦੁਨੀਆ ਘੁੰਮਣ ਦਾ ਜਨੂੰਨ ਪਾਲ ਬੈਠਾ ਸੀ। ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਅਤੇ ਚੀਜ਼ਾਂ ਤੱਕ ਵੇਚ ਦਿੱਤੀਆਂ, ਪਰ ਇਕ ਹਾਦਸੇ ਨੇ ਉਨ੍ਹਾਂ ਦਾ ਸਭ ਖਤਮ ਕਰ ਦਿੱਤਾ। ਦੁਨੀਆ ਦੀ ਸੈਰ ਸ਼ੁਰੂ ਹੋਣ ਦੇ 2 ਦਿਨ ਬਾਅਦ ਉਨ੍ਹਾਂ ਦੀ ਕਿਸ਼ਤੀ ਡੁੱਬ ਗਈ ਤੇ ਇਸ ਨਾਲ ਸਭ ਕੁਝ ਤਬਾਹ ਹੋ ਗਿਆ।
ਟੈਨਰ ਬ੍ਰਾਡਵੇਲ ਤੇ ਨਿੱਕੀ ਵਾਲਸ਼ ਨੇ 28 ਫੁੱਟ ਲੰਬੀ ਕਿਸ਼ਤੀ ਨਾਲ ਦੁਨੀਆ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਯਾਤਰਾ ਸ਼ੁਰੂ ਹੋਣ ਦੇ 2 ਦਿਨ ਬਾਅਦ ਉਨ੍ਹਾਂ ਦੀ ਕਿਸ਼ਤੀ ਮੈਕਸੀਕੋ ਦੀ ਖਾੜੀ ਵਿਚ ਮੈਡੇਰੀਆ ਬੀਚ ਨੇੜੇ ਡੁੱਬ ਗਈ ਸੀ। ਅਸਲ ਵਿੱਚ ਉਨ੍ਹਾਂ ਦੀ ਕਿਸ਼ਤੀ ਦਾ ਹੇਠਲਾਂ ਹਿੱਸਾ ਕਿਸੇ ਚੀਜ਼ ਨਾਲ ਟਕਰਾ ਗਿਆ, ਜਿਸ ਨਾਲ ਕਿਸ਼ਤੀ ਵਿੱਚ ਪਾਣੀ ਭਰ ਗਿਆ। ਚੰਗੀ ਗੱਲ ਇਹ ਹੋਈ ਕਿ ਸਮੇਂ ਸਿਰ ਐਮਰਜੈਂਸੀ ਅਧਿਕਾਰੀਆਂ ਨੇ ਜੋੜੇ ਨੂੰ ਬਚਾ ਲਿਆ, ਪਰ ਉਨ੍ਹਾਂ ਦਾ ਸਾਰਾ ਸਾਮਾਨ ਡੁੱਬ ਗਿਆ। ਜੋੜੇ ਕੋਲ ਜੋ ਬਚਿਆ, ਉਸ ਵਿੱਚ ਉਨ੍ਹਾਂ ਦਾ 2 ਸਾਲ ਦਾ ਕੁੱਤਾ, ਇਕ ਮੋਬਾਈਲ ਫੋਨ, ਕੁੱਤੇ ਲਈ ਕੁਝ ਖਾਣਾ ਤੇ ਕੱਪੜੇ ਹੀ ਬਚੇ। 26 ਸਾਲ ਦੇ ਬ੍ਰਾਡਵੇਲ ਨੇ ਹਾਦਸੇ ਤੋਂ ਬਾਅਦ ਕਿਹਾ, ‘ਮੈਂ ਦੁਨੀਆ ਦੀ ਸੈਰ ਲਈ ਆਪਣਾ ਸਭ ਕੁਝ ਵੇਚ ਦਿੱਤਾ ਸੀ, ਸਿਰਫ 20 ਮਿੰਟ ਵਿੱਚ ਮੇਰਾ ਸਭ ਕੁਝ ਗੁਆਚ ਗਿਆ।’
ਮੂਲ ਰੂਪ ਤੋਂ ਫਲੋਰਿਡਾ ਦੇ ਰਹਿਣ ਵਾਲੇ ਬ੍ਰਾਡਵੇਲ ਮਾਰਕੀਟਿੰਗ ਦਾ ਕੰਮ ਕਰਦੇ ਸਨ। ਜੋੜੇ ਦਾ ਕਹਿਣਾ ਹੈ ਕਿ ਉਹ ਆਪਣੀ ਲਾਈਫ ਸਟਾਈਲ ਤੋਂ ਬੋਰ ਹੋ ਚੁੱਕੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਵੱਖਰਾ ਕਰਨ ਦਾ ਫੈਸਲਾ ਲਿਆ ਸੀ। ਇਸ ਲਈ ਵਧ ਆਮਦਨ ਲਈ ਬ੍ਰਾਡਵੇਲ ਨੇ ਉਬੇਰ ਕੈਬ ਵੀ ਚਲਾਈ। ਅਪ੍ਰੈਲ 2017 ਵਿੱਚ ਇਸ ਜੋੜੇ ਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਐੱਸ ਯੂ ਵੀ ਸ਼ਾਮਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸ਼ਤੀ ਖਰੀਦੀ ਸੀ। ਆਖਰ ਉਨਾਂ ਨੇ ਇਸ ਮਹੀਨੇ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਪਰ 2 ਦਿਨਾਂ ਦੇ ਅੰਦਰ ਹੀ ਹਾਦਸੇ ਵਿਚ ਉਨ੍ਹਾਂ ਨੂੰ ਆਪਣਾ ਸਭ ਕੁਝ ਗੁਵਾਉਣਾ ਪਿਆ। ਇਸ ਸਭ ਦੇ ਬਾਵਜੂਦ ਉਹ ਅਜੇ ਵੀ ਆਪਣੇ ਸੁਪਨੇ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਨ ਅਤੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਗੇ।