ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਫਿਰੋਜ਼ਪੁਰ ਵਿੱਚ ਰਾਜ ਪੱਧਰੀ ਸਮਾਗਮ ਵਿੱਚ ਸ਼ਰਧਾਂਜਲੀਆਂ

SARAGARHI
* ਸ਼੍ਰੋਮਣੀ ਕਮੇਟੀ ਨੇ ਵੀ ਵੱਖਰਾ ਸ਼ਰਧਾਂਜਲੀ ਸਮਾਗਮ ਕੀਤਾ
ਫ਼ਿਰੋਜ਼ਪੁਰ, 12 ਸਤੰਬਰ, (ਪੋਸਟ ਬਿਊਰੋ)- ਸਾਰਾਗੜ੍ਹੀ ਚੌਕੀ ਉੱਤੇ 12 ਸਤੰਬਰ 1897 ਨੂੰ10 ਹਜ਼ਾਰ ਅਫ਼ਗਾਨਾਂ ਵਲੋਂ ਕੀਤੇ ਹਮਲੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹੀਦੀ ਪਾ ਜਾਣ ਵਾਲੇ 21 ਸਿੱਖ ਫ਼ੌਜੀਆਂ ਨੂੰ ਉਸ ਵੱਡੀ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਰਾਜ ਪੱਧਰੀ ਸਮਾਗਮ ਕੀਤਾ ਗਿਆ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਭਾਰਤੀ ਅਤੇ ਬ੍ਰਿਟਿਸ਼ ਫ਼ੌਜ ਦੇ ਅਧਿਕਾਰੀਆਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਸਿਜਦਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਜਥਾ ਗੁਰਦੁਆਰਾ ਸਾਰਾਗੜ੍ਹੀ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾਗੜ੍ਹੀ ਦੀ ਲੜਾਈ ਬਾਰੇ ਲਿਖੀ ਗਈ ਇੱਕ ਖੋਜ ਭਰਪੂਰ ਪੁਸਤਕ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬ੍ਰਿਟਿਸ਼ ਫ਼ੌਜ ਦੇ ਡੈਲੀਗੇਸ਼ਨ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਆਪਣੇ ਹੱਥੀਂ ਭੇਟ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ, ਜਿੱਥੇ 21 ਸਿੱਖ ਸੈਨਿਕਾਂ ਨੇ 10 ਹਜ਼ਾਰ ਪਠਾਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰ ਕੇ ਸ਼ਹੀਦੀ ਪਾਈ ਸੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਾਰਾਗੜ੍ਹੀ ਯਾਦਗਾਰ ਨੂੰ ਸੁੰਦਰ ਬਣਾਉਣ ਵਾਸਤੇ ਮੰਗ ਨੂੰ ਪੂਰਾ ਕਰਨ ਦਾ ਐਲਾਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਕੰਮ ਲਈ ਜਿੰਨੀ ਰਾਸ਼ੀ ਦੀ ਲੋੜ ਹੋਵੇਗੀ, ਉਹ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ।
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਵੇਗਾ ਅਤੇ ਕਾਂਗਰਸ ਦੇ ਰਾਜ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਯਾਦਗਾਰਾਂ ਨੂੰ ਹੋਰ ਸੁੰਦਰ ਅਤੇ ਪ੍ਰੇਰਨਾ ਸਰੋਤ ਬਣਾਉਣ ਲਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਾਰਾਗੜ੍ਹੀ ਦੇ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਸਮਾਗਮ ਨੂੰ ਮੰਤਰੀ ਸਾਧੂ ਸਿੰਘ ਧਰਮਸੋਤ, ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, ਮੇਜਰ ਜਨਰਲ ਡੰਕਨ ਫਰਾਂਸਿਸ ਕੈਪੇ ਨੇ ਵੀ ਸੰਬੋਧਨ ਕੀਤਾ। ਸਮਾਗਮ ਦੀ ਸਮਾਪਤੀ ਉੱਤੇ ਸਾਰਾਗੜ੍ਹੀ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨ ਕਰਨ ਦੇ ਨਾਲ ਹੀ ਇਸ ਸਮਾਗਮ ਵਿੱਚ ਉਚੇਚੇ ਪਹੁੰਚੇ ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, ਬ੍ਰਿਟੇਨ ਦੀ ਫ਼ੌਜ ਦੇ ਮੇਜਰ ਜਨਰਲ ਡੰਕਨ ਫਰਾਂਸਿਸ ਕੈਪੇ, ਬ੍ਰਿਗੇਡੀਅਰ ਟੀਮੋਥੀ ਜੌਹਨ ਸੀਲ, ਕਰਨਲ ਜੌਨ ਰੀਚਰਡ ਕੈਂਡਲ ਨੂੰ ਸਨਮਾਨਿਤ ਗਿਆ। ਇਸ ਮੌਕੇ ਸਾਰਾਗੜ੍ਹੀ ਮੈਮੋਰੀਅਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੇਜਰ ਜਨਰਲ ਰਾਜੇਸ਼ ਕੁੰਦਰਾ ਜੀ ਓ ਸੀ, ਕਾਂਗਰਸ ਪਾਰਟੀ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਤਿਕਾਰ ਕੌਰ, ਕੁਲਬੀਰ ਸਿੰਘ ਜ਼ੀਰਾ, ਡਾ: ਹਰਜੋਤ ਕਮਲ, ਦਵਿੰਦਰ ਸਿੰਘ ਘੁਬਾਇਆ, ਨੱਥੂ ਰਾਮ, ਤਰਸੇਮ ਸਿੰਘ ਅਟਾਰੀ ਵੀ ਹਾਜ਼ਰ ਸਨ। ਫ਼ਿਰੋਜ਼ਪੁਰ ਤੋਂ ਲੋਕ ਸਭਾ ਦੇ ਅਕਾਲੀ ਮੈਂਬਰ ਸ਼ੇਰ ਸਿੰਘ ਘੁਬਾਇਆ ਵੀ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਾਮਿਲ ਹੋਏ।
ਦੂਸਰੇ ਪਾਸੇ ਅੱਜ ਫਿਰੋਜ਼ਪੁਰ ਵਿੱਚ ਸਾਰਾਗੜ੍ਹੀ ਜੰਗ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਗੁਰਦੁਆਰਾ ਜ਼ਾਮਨੀ ਸਾਹਿਬ ਵਜੀਦਪੁਰ ਵਿਖੇ ਗੁਰਮਤਿ ਸਮਾਗਮ ਕਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਕੀਰਤਨ ਅਤੇ ਕਥਾ ਉਪਰੰਤ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਸਾਰਾ ਇਤਿਹਾਸ ਕੁਰਬਾਨੀਆਂ ਦੀ ਗਾਥਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਜੋਗਿੰਦਰ ਸਿੰਘ ਜਿੰਦੂ ਅਤੇ ਹੋਰ ਬਹੁਤ ਸਾਰੇ ਅਕਾਲੀ ਆਗੂ ਵੀ ਹਾਜ਼ਰ ਸਨ।