ਸਾਬਕਾ ਰਾਸ਼ਟਰਪਤੀ ਸਰਕੋਜੀ ਉੱਤੇ ਲੀਬੀਆ ਦੇ ਗੱਦਾਫ਼ੀ ਤੋਂ ਮਾਇਆ ਲੈਣ ਦੇ ਦੋਸ਼ ਤੈਅ


ਪੈਰਿਸ, 21 ਮਾਰਚ, (ਪੋਸਟ ਬਿਊਰੋ)- ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਉੱਤੇ ਚੋਣ ਪ੍ਰਚਾਰ ਦੇ ਲਈ ਲੀਬੀਆ ਦੇ ਮਰਹੂਮ ਤਾਨਸ਼ਾਹ ਮੁਅਮਰ ਗੱਦਾਫ਼ੀ ਤੋਂ ਲੱਖਾਂ ਡਾਲਰ ਦੀ ਮਦਦ ਲੈਣ ਦੇ ਦੋਸ਼ ਲਾਏ ਗਏ ਹਨ। ਉਨ੍ਹਾ ਉੱਤੇ ਇਹ ਦੋਸ਼ 2007 ਦੀਆਂ ਚੋਣਾਂ ਦੇ ਕਾਰਨ ਲੱਗਾ ਹੈ, ਜਿਨ੍ਹਾਂ ਨੂੰ ਜਿੱਤ ਕੇ ਉਹ ਰਾਸ਼ਟਰਪਤੀ ਬਣੇ ਸਨ। ਦੋਸ਼ੀ ਕਰਾਰ ਦਿੱਤੇ ਗਏ ਤਾਂ ਨਿਕੋਲਸ ਸਰਕੋਜੀ ਨੂੰ ਦਸ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਵਰਨਣ ਯੋਗ ਹੈ ਕਿ ਇਸ ਦੀ ਜੁਡੀਸ਼ਲ ਜਾਂਚ 2013 ਵਿੱਚ ਸ਼ੁਰੂ ਹੋ ਗਈ ਸੀ, ਪਰ ਪੁੱਛਗਿੱਛ ਲਈ ਸਰਕੋਜੀ ਨੂੰ ਪਹਿਲੀ ਵਾਰ ਇਸ ਮੰਗਲਵਾਰ ਹਿਰਾਸਤ ਵਿੱਚ ਲਿਆ ਗਿਆ। ਦੋ ਦਿਨ ਦੀ ਪੁੱਛਗਿੱਛ ਮਗਰੋਂ ਉਨ੍ਹਾਂ ਉੱਤੇ ਦੋਸ਼ ਤੈਅ ਕੀਤੇ ਗਏ ਹਨ। ਸਾਲ 2007 ਤੋਂ 2012 ਤਕ ਰਾਸ਼ਟਰਪਤੀ ਰਹੇ ਸਰਕੋਜੀ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਤੇ ਇਸ ਮੌਕੇ ਮੈਜਿਸਟਰੇਟ ਨੂੰ ਦਿੱਤੇ ਬਿਆਨ ਵਿੱਚ ਕਿਹਾ, ‘ਇਸ ਬੁਣੇ ਜਾ ਰਹੇ ਝੂਠ ਦੇ ਜਾਲ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਸ ਦੀ ਕੀਮਤ ਮੈਂ 2012 ਦੀਆਂ ਚੋਣਾਂ ਹਾਰ ਕੇ ਚੁਕਾਈ ਹੈ। ਮੇਰੇ ਖਿਲਾਫ਼ ਕੋਈ ਸਬੂਤ ਨਹੀਂ ਹਨ। ਸਿਰਫ਼ ਮਰਹੂਮ ਗੱਦਾਫ਼ੀ, ਉਨ੍ਹਾਂ ਦੇ ਬੇਟੇ ਦੇ ਬਿਆਨਾਂ ਅਤੇ ਅਖ਼ਬਾਰਾਂ ਵਿੱਚ ਕੀਤੇ ਖੋਖ਼ਲੇ ਦਾਅਵਿਆਂ ਦੇ ਆਧਾਰ ਉੱਤੇ ਮੇਰੇ ਉੱਤੇ ਦੋਸ਼ ਲਾਏ ਗਏ ਹਨ, ਇਹ ਸਭ ਇਸ ਲਈ ਹੋਇਆ ਕਿ ਮੈਂ ਲੀਬੀਆ ਵਿੱਚ ਨਾਟੋ ਫ਼ੌਜ ਦੀ ਕਾਰਵਾਈ ਦੀ ਹਮਾਇਤ ਕੀਤੀ ਸੀ, ਜਿਸ ਨਾਲ ਤਾਨਾਸ਼ਾਹ ਗੱਦਾਫ਼ੀ ਦੀ ਸੱਤਾ ਚਲੀ ਗਈ ਸੀ।
ਇਸ ਕੇਸ ਨੇ ਤੂਲ ਉਦੋਂ ਫੜਿਆ, ਜਦੋਂ ਇਕ ਫਰਾਂਸੀਸੀ-ਲਿਬਨਾਨੀ ਵਪਾਰੀ ਨੇ ਲੀਬੀਆ ਤੋਂ ਮਿਲੇ ਹੋਏ 62 ਲੱਖ ਡਾਲਰਾਂ ਨਾਲ ਭਰਿਆ ਸੂਟਕੇਸ ਸਰਕੋਜੀ ਤਕ ਪਹੁੰਚਾਉਣ ਦਾ ਦਾਅਵਾ ਕੀਤਾ ਸੀ।