ਸਾਬਕਾ ਮੰਤਰੀ ਸਰਵਣ ਫਿਲੌਰ ਸਣੇ 13 ਜਣਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਜਾਰੀ

ਸਰਵਣ ਸਿੰਘ ਫਿਲੌਰ

ਸਰਵਣ ਸਿੰਘ ਫਿਲੌਰ

* ਭੋਲਾ ਡਰੱਗ ਕੇਸ ਵਿੱਚ ਈ ਡੀ ਵੱਲੋਂ ਸਖਤ ਕਾਰਵਾਈ
* ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਵੀ ਲਪੇਟਿਆ ਗਿਆ
ਜਲੰਧਰ, 3 ਅਪਰੈਲ, (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਜਗਦੀਸ਼ ਭੋਲਾ ਡਰੱਗ ਕੇਸ ਵਿੱਚ ਪਹਿਲੀ ਵਾਰ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਲਈ ਹੁਕਮ ਜਾਰੀ ਕੀਤੇ ਹਨ। ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ (ਜਿਹੜਾ ਚੋਣਾਂ ਨੇੜੇ ਕਾਂਗਰਸ ਵਿੱਚ ਵੀ ਸ਼ਾਮਲ ਹੋ ਗਿਆ ਸੀ), ਉਸ ਦੇ ਪੁੱਤਰ ਦਮਨਬੀਰ ਸਿੰਘ ਅਤੇ ਸਾਬਕਾ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਸਮੇਤ 13 ਜਣਿਆਂ ਦੀਆਂ 61 ਕਰੋੜ 62 ਲੱਖ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਹੁਕਮ ਹੋ ਗਿਆ ਹੈ। ਇਨ੍ਹਾਂ ਕੁਰਕ ਹੋਣ ਵਾਲੀਆਂ ਜਾਇਦਾਦਾਂ ਵਿੱਚ ਦੋਵੇਂ ਸਾਬਕਾ ਅਕਾਲੀ ਆਗੂਆਂ ਦੇ ਘਰ ਵੀ ਸ਼ਾਮਲ ਹਨ।
ਈ ਡੀ ਨੇ ਇਸ ਡਰੱਗ ਕੇਸ ਵਿੱਚ ਤਿੰਨ ਪਰਵਾਸੀ ਭਾਰਤੀਆਂ ਤੇ ਚਾਰ ਵੱਡੇ ਕਾਰੋਬਾਰੀ ਲੋਕਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਕੇਸ ਦੀ ਜਾਂਚ ਦੀ ਨਿਗਰਾਨੀ ਈ ਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਕਰ ਰਹੇ ਹਨ। ਈ ਡੀ ਦਫ਼ਤਰ ਤੋਂ 31 ਮਾਰਚ ਨੂੰ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਵਿੱਚ ਇਹ ਸਾਫ ਕਿਹਾ ਗਿਆ ਹੈ ਕਿ 13 ਜਣਿਆਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਸਮੇਤ ਖੇਤੀਬਾੜੀ ਵਾਲੀ ਜ਼ਮੀਨ, ਰਿਹਾਇਸ਼ੀ ਮਕਾਨ, 7 ਲਗਜ਼ਰੀ ਕਾਰਾਂ (ਰੇਂਜ ਰੋਵਰ, ਲੈਂਡ ਰੋਵਰ, ਮਰਸਡੀਜ਼, ਬੀ ਐਮ ਡਬਲਿਊ, ਹੌਂਡਾ ਐਕੌਰਡ, ਹੁੰਡੇਈ ਆਦਿ) ਜ਼ਬਤ ਕਰ ਲਈਆਂ ਜਾਣ। ਵਰਨਣ ਯੋਗ ਹੈ ਕਿ ਹੁਣ ਤੱਕ ਈ ਡੀ ਵੱਲੋਂ ਭੋਲਾ ਡਰੱਗ ਕੇਸ ਵਿੱਚ 182 ਕਰੋੜ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਤਾਜ਼ਾ ਹੁਕਮ ਸਾਰਿਆਂ ਤੋਂ ਸਖਤ ਕਿਹਾ ਜਾ ਸਕਦਾ ਹੈ।
ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਤੇ ਉਸ ਦੇ ਪੁੱਤਰ ਦਮਨਬੀਰ ਸਿੰਘ ਦੀ ਕੁਰਕ ਕੀਤੀ ਜਾਣ ਵਾਲੀ ਜਾਇਦਾਦ ਦੀ ਕੀਮਤ ਕਰੀਬ 4 ਕਰੋੜ 86 ਲੱਖ ਦੱਸੀ ਜਾ ਰਹੀ ਹੈ। ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਦੀ ਜਾਇਦਾਦ ਦੀ ਕੀਮਤ 55 ਲੱਖ 45 ਹਜ਼ਾਰ ਰੁਪਏ ਮੰਨੀ ਗਈ ਹੈ। ਜਿਨ੍ਹਾਂ ਹੋਰ ਵਿਅਕਤੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਕੀਤੇ ਗਏ ਹਨ, ਉਨ੍ਹਾਂ ਵਿੱਚ ਕੈਨੇਡਾ ਵਾਸੀ ਸੁਖਰਾਜ ਸਿੰਘ, ਜਸਵਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ਼ ਤਾਰੀ ਦੇ ਨਾਂਅ ਸ਼ਾਮਲ ਹਨ। ਜਾਇਦਾਦ ਜ਼ਬਤੀ ਦੀ ਇਸ ਸੂਚੀ ਅਨੁਸਾਰ ਸਭ ਤੋਂ ਵੱਧ ਜਾਇਦਾਦ ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ ਅਤੇ ਇੰਦਰਜੀਤ ਕੌਰ ਦੀ ਹੈ, ਜਿਸ ਦੀ ਕੀਮਤ 54 ਕਰੋੜ 59 ਲੱਖ ਰੁਪਏ ਤੋਂ ਵੱਧ ਬਣ ਸਕਦੀ ਹੈ। ਇਸ ਸੂਚੀ ਵਿੱਚ ਸਚਿਨ ਸਰਦਾਨਾ, ਦਵਿੰਦਰ ਕਾਂਤ ਸ਼ਰਮਾ ਅਤੇ ਚੂਨੀ ਲਾਲ ਗਾਬਾ ਦੇ ਨਾਂਅ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਟਿਆਲਾ ਦਾ ਹਰਪ੍ਰੀਤ ਸਿੰਘ ਵੀ ਸ਼ਾਮਲ ਹੈ।
ਇਹ ਵੀ ਜ਼ਿਕਰ ਯੋਗ ਹੈ ਕਿ ਇਸ ਕੇਸ ਵਿੱਚ ਈ ਡੀ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵੀ ਸਵਾਲਾਂ ਦੇ ਜਵਾਬ ਦੇਣ ਲਈ ਤਲਬ ਕੀਤਾ ਗਿਆ ਸੀ। ਸਾਬਕਾ ਅਕਾਲੀ ਵਿਧਾਇਕ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਅਵਿਨਾਸ਼ ਚੰਦਰ ਨੂੰ ਈ ਡੀ ਨੇ ਹੁਣ ਤਕ 6 ਵਾਰ ਸੰਮਨ ਭੇਜੇ ਸਨ। ਉਸ ਕੋਲੋਂ ਸਭ ਤੋਂ ਲੰਬੀ ਪੁੱਛ ਪੜਤਾਲ ਹੋਈ ਸੀ। ਇਨ੍ਹਾਂ ਸਾਰੇ ਜਣਿਆਂ ਨੂੰ ਜੂਨ 2014 ਤੋਂ ਈ ਡੀ ਵੱਲੋਂ ਸੰਮਨ ਭੇਜੇ ਜਾ ਰਹੇ ਹਨ। ਇਸ ਕੇਸ ਵਿੱਚ ਹੁਣ ਤਕ 48 ਜਣਿਆਂ ਦੇ ਵਿਰੁੱਧ ਕੇਸ ਦਰਜ ਹੋ ਚੁੱਕੇ ਹਨ।