ਸਾਬਕਾ ਮੁੱਖ ਮੰਤਰੀ ਭੱਠਲ ਤੋਂ ਸਰਕਾਰ ਕਿਰਾਇਆ ਨਹੀਂ ਲੈ ਰਹੀ


ਚੰਡੀਗੜ੍ਹ, 13 ਫਰਵਰੀ (ਪੋਸਟ ਬਿਊਰੋ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਉਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਿਹਰਬਾਨੀ ਦਿਖਾ ਰਹੀ ਹੈ। ਵਿਧਾਇਕ ਨਾ ਹੋਣ ਦੇ ਬਾਵਜੂਦ ਬੀਬੀ ਭੱਠਲ ਬਿਨਾਂ ਕਿਸੇ ਅਧਿਕਾਰ ਮਨਜ਼ੂਰੀ ਤੋਂ ਅੱਜ ਵੀ ਸੈਕਟਰ-2 ਦੀ ਕੋਠੀ ਨੰਬਰ ਅੱਠ ਵਿੱਚ ਰਹਿ ਰਹੀ ਹੈ। ਮਹੱਤਵ ਪੂਰਨ ਗੱਲ ਇਹ ਹੈ ਕਿ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਕੋਲ ਕੋਈ ਅਧਿਕਾਰਕ ਹੁਕਮ ਨਾ ਹੋਣ ਦੇ ਕਾਰਨ ਵਿਭਾਗ ਉਨ੍ਹਾਂ ਤੋਂ ਕੋਈ ਕਿਰਾਇਆ ਵੀ ਨਹੀਂ ਲਿਆ ਜਾ ਰਿਹਾ।
ਵਰਨਣ ਯੋਗ ਹੈ ਕਿ ਬਾਦਲ ਸਕਾਰ ਨੇ ਬੀਬੀ ਭੱਠਲ ਨੂੰ ਸੈਕਟਰ-2 ਵਿੱਚ ਅੱਠ ਨੰਬਰ ਕੋਠੀ ਅਲਾਟ ਕੀਤੀ ਸੀ। ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਕਰੀਬ 11 ਮਹੀਨੇ ਹੋ ਚੁੱਕੇ ਹਨ, ਪ੍ਰੰਤੂ ਅਜੇ ਤੱਕ ਸਰਕਾਰ ਨੇ ਉਨ੍ਹਾਂ ਕੋਲੋਂ ਕੋਠੀ ਵਾਪਸ ਨਹੀਂ ਲਈ। ਇਸ ਦੌਰਾਨ ਰਾਜ ਸਰਕਾਰ ਦੇ ਹਾਊਸਿੰਗ ਵਿਭਾਗ ਵਿੱਚ ਬੀਬੀ ਭੱਠਲ ਤੋਂ ਮਾਰਕੀਟ ਰੇਟ ‘ਤੇ ਕਿਰਾਇਆ ਵਸੂਲਣ ਦੀ ਫਾਈਲ ਘੁੰਮਦੀ ਰਹੀ ਹੈ, ਪਰ ਉਸ ਦੀ ਚਾਲ ਕਾਫੀ ਸੁਸਤ ਹੈ। ਸਰਕਾਰੀ ਕੋਠੀ ਬਾਰੇ ਬੀਬੀ ਭੱਠਲ ਹਮੇਸ਼ਾ ਵਿਵਾਦਾਂ ਵਿੱਚ ਰਹੀ ਹੈ। ਸਾਲ 2007 ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨਾਲ ਦੀ ਕੋਠੀ ਨੰਬਰ 46 ਅਲਾਟ ਹੋਈ ਸੀ। ਸਾਲ 2012 ਵਿੱਚ ਸੁਨੀਲ ਜਾਖੜ ਵਿਰੋਧੀ ਧਿਰ ਦੇ ਨੇਤਾ ਬਣੇ ਤਾਂ ਇਹ ਕੋਠੀ ਉਨ੍ਹਾਂ ਨੂੰ ਅਲਾਟ ਹੋ ਗਈ, ਪ੍ਰੰਤੂ ਲੰਬੇ ਸਮੇਂ ਤੱਕ ਭੱਠਲ ਨੇ ਕੋਠੀ ਖਾਲੀ ਨਹੀਂ ਕੀਤੀ। ਫਿਰ ਇਹ ਕੇਸ ਅਦਾਲਤ ਤੱਕ ਗਿਆ ਤਾਂ ਭੱਠਲ ਨੇ 46 ਨੰਬਰ ਕੋਠੀ ਖਾਲੀ ਕਰ ਦਿੱਤੀ, ਪ੍ਰੰਤੂ ਉਨ੍ਹਾਂ ਨੇ ਅਪਰਾਧੀ ਤੱਤਾਂ ਵੱਲੋਂ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਤੋਂ ਕੋਠੀ ਦੀ ਮੰਗ ਕੀਤੀ। ਬਾਦਲ ਸਰਕਾਰ ਨੇ ਉਨ੍ਹਾਂ ਨੂੰ ਸੈਕਟਰ-2 ਵਿੱਚ ਹੀ ਅੱਠ ਨੰਬਰ ਕੋਠੀ ਅਲਾਟ ਕਰ ਦਿੱਤੀ, ਜਦ ਕਿ ਕਿਸੇ ਵੀ ਸਾਬਕਾ ਮੁੱਖ ਮੰਤਰੀ ਨੂੰ ਕੋਠੀ ਅਲਾਟ ਕਰਨ ਦਾ ਕੋਈ ਨਿਯਮ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੂੰ ਕੋਠੀ ਅਲਾਟ ਕਰਨ ਦਾ ਕੋਈ ਨਿਯਮ ਨਾ ਹੋਣ ਕਾਰਨ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐੱਨ ਓ ਸੀ ਲੈਣ ਲਈ ਭੱਠਲ ਨੇ 84 ਲੱਖ ਰੁਪਏ ਸਰਕਾਰ ਨੂੰ ਜਮ੍ਹਾ ਕਰਵਾਏ ਸਨ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਦੇ ਬਾਅਦ ਸੰਬੰਧਤ ਵਿਭਾਗ ਦੇ ਕੈਬਨਿਟ ਮੰਤਰੀ ਨੇ ਇਹ ਰਕਮ ਮੁਆਫ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ।