ਸਾਬਕਾ ਮੁੱਖ ਮੰਤਰੀ ਓ ਇਬੋਬੀ ਸਿੰਘ ਤੇ ਪੰਜ ਅਫਸਰਾਂ ਖਿਲਾਫ ਕੇਸ ਦਰਜ

obibi singh
ਇੰਫਾਲ, 3 ਸਤੰਬਰ (ਪੋਸਟ ਬਿਊਰੋ)- ਮਨੀਪੁਰ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਓ ਇਬੋਬੀ ਸਿੰਘ ਅਤੇ ਪੰਜ ਸਾਬਕਾ ਅਫਸਰਾਂ ਦੇ ਖਿਲਾਫ ਮਨੀਪੁਰ ਡਿਵੈਲਪਮੈਂਟ ਸੁਸਾਇਟੀ (ਐੱਮ ਡੀ ਐੱਸ) ਵਿੱਚ ਬੇਨਿਯਮੀਆਂ ਕਾਰਨ ਕੇਸ ਦਰਜ ਕੀਤਾ ਗਿਆ ਹੈ। ਇਬੋਬੀ ਸਿੰਘ ਸਾਲ 2002 ਤੋਂ 2017 ਤੱਕ ਲਗਾਤਾਰ ਪੰਦਰਾਂ ਸਾਲ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਰਹੇ ਸਨ ਤੇ ਇਸ ਮਾਰਚ ਵਿੱਚ ਉਨ੍ਹਾਂ ਦੀ ਪਾਰਟੀ ਹਾਰ ਗਈ ਸੀ।
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਬੋਬੀ ਸਿੰਘ ਅਤੇ ਸਾਬਕਾ ਚੀਫ ਸੈਕਟਰੀ ਵਾਈ ਨਿੰਗਦਮ ਸਿੰਘ, ਪੁਲਸ ਕਮਿਸ਼ਨਰ ਲਾਮਕੁੰਗਾ ਅਤੇ ਓ ਨਾਬਾਕਿਸ਼ੋਰ ਸਿੰਘ ਦੇ ਖਿਲਾਫ ਕੱਲ੍ਹ ਇੰਫਾਲ ਦੇ ਇੱਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਐੱਮ ਡੀ ਐੱਸ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਡੀ ਐੱਸ ਪੂਨੀਆ ਅਤੇ ਉਨ੍ਹਾਂ ਦੇ ਪ੍ਰਸ਼ਾਸਕੀ ਅਧਿਕਾਰੀ ਰਣਜੀਤ ਸਿੰਘ ਦਾ ਨਾਂਅ ਵੀ ਹੈ। ਪੁਲਸ ਨੇ ਇਹ ਕਾਰਵਾਈ ਯੋਜਨਾ ਵਿਭਾਗ ਦੇ ਜੁਆਇੰਟ ਸੈਕਟਰੀ ਟੀ ਐਚ ਮੁਨਿੰਦਰਾ ਸਿੰਘ ਦੇ ਕਹਿਣ ਉੱਤੇ ਕੀਤੀ। ਉਨ੍ਹਾਂ ਨੇ ਇਹ ਕਾਰਵਾਈ ਪੱਛਮੀ ਇੰਫਾਲ ਦੇ ਐੱਸ ਪੀ ਨੂੰ ਵਿਜੀਲੈਂਸ ਵਿਭਾਗ ਵੱਲੋਂ ਸੌਂਪੀ ਉਸ ਇਨਕੁਆਰੀ ਰਿਪੋਰਟ ਰਾਹੀਂ ਕਰਨ ਲਈ ਜ਼ੋਰ ਦਿੱਤਾ, ਜਿਸ ਵਿੱਚ ਵਿਜੀਲੈਂਸ ਵਿਭਾਗ ਨੇ ਓ ਇਬੋਬੀ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਐੱਮ ਡੀ ਐੱਸ ‘ਚ ਕੀਤੀ ਬਦਇੰਤਜ਼ਾਮੀ, ਗਬਨ ਕਰਨ ਅਤੇ ਫੰਡ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਸੀ।