ਸਾਬਕਾ ਫੌਜੀ ਰਾਸ਼ਟਰਪਤੀ ਮੁਸ਼ੱਰਫ ਵੱਲੋਂ ਬੇਨਜ਼ੀਰ ਕੇਸ ਵਿੱਚ ਖੁਦ ਗਵਾਹੀ ਦੇਣ ਦੀ ਪੇਸ਼ਕਸ਼

musharaf
ਕਰਾਚੀ, 19 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਇੱਕ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿੱਚ ਵੀਡੀਓ ਲਿੰਕ ਰਾਹੀਂ ਗਵਾਹੀ ਦੇਣ ਦੀ ਥਾਂ ਨਿੱਜੀ ਤੌਰ ਉੱਤੇ ਪੇਸ਼ ਹੋਣਾ ਚਾਹੁੰਦੇ ਹਨ। ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਦਾ 2007 ਵਿੱਚ ਕਤਲ ਹੋਇਆ ਸੀ, ਜਿਸ ਵਿੱਚ ਉਸ ਵਕਤ ਦੇ ਫੌਜੀ ਰਾਸ਼ਟਰਪਤੀ ਮੁਸ਼ੱਰਫ ਉੱਤੇ ਦੋ ਵਾਰ ਦੋਸ਼ ਲੱਗ ਚੁੱਕਾ ਹੈ।
ਡਾਅਨ ਅਖਬਾਰ ਦੀ ਰਿਪੋਰਟ ਮੁਤਾਬਕ ਜਨਰਲ ਮੁਸ਼ੱਰਫ ਦੇ ਵਕੀਲ ਅਖਤਰ ਸ਼ਾਹ ਨੇ ਰਾਵਲਪਿੰਡੀ ਵਿਚਲੀ ਅੱਤਵਾਦ ਰੋਕੂ ਅਦਾਲਤ ਵਿੱਚ ਚੱਲਦੇ ਇਸ ਹਾਈ ਪ੍ਰੋਫਾਈਲ ਕਤਲ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਦਾ ਕਲਾਈਂਟ ਵੀਡੀਓ ਲਿੰਕ ਰਾਹੀਂ ਗਵਾਹੀ ਦਰਜ ਕਰਾਉਣ ਦਾ ਇਛੁੱਕ ਨਹੀਂ। ਉਨ੍ਹਾਂ ਨੇ ਕਿਹਾ ਕਿ ਮੁਸ਼ੱਰਫ ਨਿੱਜੀ ਤੌਰ ਉੱਤੇ ਪੇਸ਼ ਹੋ ਕੇ ਖੁੱਲ੍ਹੀ ਅਦਾਲਤ ਵਿੱਚ ਗਵਾਹੀ ਦੇਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਤੋਂ ਪੱਕੇ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੈ। ਵਕੀਲ ਦੇ ਮੁਤਾਬਕ ਮੁਸ਼ੱਰਫ ਕਈ ਪਾਬੰਦੀਸ਼ੁਦਾ ਅਤੇ ਅੱਤਵਾਦੀ ਸੰਗਠਨਾਂ ਦੀ ਹਿੱਟ ਲਿਸਟ ਵਿੱਚ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਗੰਭੀਰ ਖਤਰਾ ਹੈ। ਪਾਕਿਸਤਾਨ ਸਰਕਾਰ ਪਹਿਲਾਂ ਅਜਿਹੀ ਅਪੀਲ ਨੂੰ ਰੱਦ ਕਰ ਚੁੱਕੀ ਹੈ। ਸਾਬਕਾ ਰਾਸ਼ਟਰਪਤੀ ਪਰਵੇਜ਼ ਦੇ ਖਿਲਾਫ ਦੇਸ਼ ਧਰੋਹ ਦਾ ਦੋਸ਼ ਤੈਅ ਹੈ ਤੇ ਸਰਕਾਰ ਨੇ ਵਿਸ਼ੇਸ਼ ਅਦਾਲਤ ਨੂੰ ਦਿੱਤੇ ਜਵਾਬ ਵਿੱਚ ਕਿਹਾ ਸੀ ਕਿ ਕੋਈ ਭਗੌੜਾ ਅਦਾਲਤ ਸਾਹਮਣੇ ਆਪਣੀ ਸ਼ਰਤ ਤੈਅ ਕਰ ਕੇ ਨਹੀਂ ਆ ਸਕਦਾ ਅਤੇ ਆਪਣੀ ਮਰਜ਼ੀ ਨਹੀਂ ਥੋਪ ਸਕਦਾ, ਉਹ ਇਹ ਤੈਅ ਨਹੀਂ ਕਰ ਸਕਦਾ ਕਿ ਕਦੋਂ ਅਤੇ ਕਿੰਨੇ ਸਮੇਂ ਲਈ ਪੇਸ਼ ਹੋਵੇਗਾ। ਜਨਰਲ ਮੁਸ਼ੱਰਫ ਨੇ ਪੰਜ ਮਈ ਨੂੰ ਵੀ ਵਿਸ਼ੇਸ਼ ਅਦਾਲਤ ਵਿੱਚ ਅਜਿਹੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਅਦਾਲਤ ਤੋਂ ਫੌਜੀ ਸੁਰੱਖਿਆ ਤਰੀਕੇ ਨਾਲ ਦੁਬਈ ਵਾਪਸ ਜਾਣ ਦਾ ਰਸਤਾ ਦਿੱਤੇ ਜਾਣ ਦਾ ਭਰੋਸਾ ਮੰਗਿਆ ਸੀ। ਮੁਸ਼ੱਰਫ ਅਜੇ ਦੁਬਈ ਵਿੱਚ ਹਨ। ਅੱਤਵਾਦ ਰੋਕੂ ਅਦਾਲਤ ਨੇ ਉਨ੍ਹਾਂ ਨੂੰ ਅਤੇ ਹੋਰ ਦੋਸ਼ੀਆਂ ਨੂੰ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤਾ ਸੀ।