ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਗੰਭੀਰ, ਏਮਜ਼ ਦਾਖ਼ਲ


* ਮੋਦੀ, ਰਾਹੁਲ, ਅਡਵਾਨੀ ਵੇਖਣ ਲਈ ਹਸਪਤਾਲ ਪੁੱਜੇ
ਨਵੀਂ ਦਿੱਲੀ, 11 ਜੂਨ, (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਾਹ ਦੀ ਤਕਲੀਫ਼ ਤੇ ਗੁਰਦੇ ਦੀ ਸਮੱਸਿਆ ਕਾਰਨ ਅੱਜ ਸ਼ਾਮ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪਿਸ਼ਾਬ ਨਾਲੀ ਵਿੱਚ ਇਨਫੈਕਸ਼ਨ ਹੋਣ ਦਾ ਪਤਾ ਲੱਗਾ ਤੇ ਹਾਲਤ ਗੰਭੀਰ ਦੱਸੀ ਗਈ ਹੈ। ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਉਨ੍ਹਾਂ ਦਾ ਲੋੜੀਂਦਾ ਇਲਾਜ ਕੀਤਾ ਜਾ ਰਿਹਾ ਹੈ।
ਅੱਜ ਸ਼ਾਮ ਪਹਿਲਾਂ ਹਸਪਤਾਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 93 ਸਾਲਾ ਸਾਬਕਾ ਪ੍ਰਧਾਨ ਮੰਤਰੀ ਦਾ ਚੈੱਕਅਪ ਅਤੇ ਹੋਰ ਜ਼ਰੂਰੀ ਟੈਸਟ ਇਸ ਹਸਪਤਾਲ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿੱਚ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਬਿਆਨ ਮੁਤਾਬਕ ਵਾਜਪਾਈ ਨੂੰ ਡਾਕਟਰਾਂ ਦੀ ਸਲਾਹ ਮਗਰੋਂ ਹਸਪਤਾਲ ਵਿੱਚ ਦਾਖ਼ਲ ਕਰਨਾ ਪਿਆ ਹੈ ਅਤੇ ਬਾਕਾਇਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸਪਤਾਲ ਪਹੁੰਚ ਕੇ ਵਾਜਪਾਈ ਦਾ ਹਾਲ-ਚਾਲ ਪਤਾ ਕੀਤਾ। ਸਰਕਾਰੀ ਸੂਤਰਾਂ ਮੁਤਾਬਕ ਨਰਿੰਦਰ ਮੋਦੀ ਕਰੀਬ 50 ਮਿੰਟ ਹਸਪਤਾਲ ਰਹੇ ਤੇ ਉਨ੍ਹਾਂ ਵਾਜਪਾਈ ਦਾ ਹਾਲ-ਚਾਲ ਸੰਬੰਧਤ ਡਾਕਟਰਾਂ ਤੋਂ ਪੁੱਛਿਆ। ਉਹ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ। ਉਨ੍ਹਾਂ ਦੇ ਬਾਅਦ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਜੇ ਪੀ ਨੱਢਾ ਨੇ ਵੀ ਏਮਜ਼ ਦਾ ਦੌਰਾ ਕਰਕੇ ਵਾਜਪਾਈ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ ਤੇ ਹੋਰ ਆਗੂ ਵੀ ਹਸਪਤਾਲ ਵਿੱਚ ਵਾਜਪਾਈ ਦਾ ਹਾਲ-ਚਾਲ ਪਤਾ ਕਰਨ ਗਏ।
ਵਰਨਣ ਯੋਗ ਹੈ ਕਿ 1998 ਤੋਂ 2004 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਨੇ ਸਿਹਤ ਵਿੱਚ ਵਿਗਾੜ ਦੇ ਬਾਅਦ ਆਪਣੇ ਆਪ ਨੂੰ ਜਨਤਕ ਜ਼ਿੰਦਗੀ ਤੋਂ ਖੁਦ ਹੀ ਲਾਂਭੇ ਕਰ ਲਿਆ ਸੀ ਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਰਿਹਾਇਸ਼ ਤਕ ਸੀਮਤ ਹਨ।