ਸਾਬਕਾ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਦਸ ਸਾਲ ਕੈਦ


ਇਸਲਾਮਾਬਾਦ, 7 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਪਿਛਲੇ ਸਾਲ ਅਦਾਲਤੀ ਹੁਕਮ ਨਾਲ ਗੱਦੀ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅੱਜ ਇੱਕ ਭ੍ਰਿਸ਼ਟਾਚਾਰ ਵਿਰੋਧੀ ਵਿਸ਼ੇਸ਼ ਅਦਾਲਤ ਨੇ 10 ਸਾਲ ਸਖ਼ਤ ਕੈਦ ਅਤੇ 80 ਲੱਖ ਪੌਂਡ ਦੇ ਭਾਰੀ ਜੁਰਮਾਨੇ ਦੀ ਸਜ਼ਾ ਕੀਤੀ ਹੈ। ਨਵਾਜ਼ ਸ਼ਰੀਫ ਦੀ ਗੈਰ ਹਾਜ਼ਰੀ ਵਿੱਚ ਜਸਟਿਸ ਮੁਹੰਮਦ ਬਸ਼ੀਰ ਨੇ ਇਹ ਸਜ਼ਾ ਬੰਦ ਕਮਰਾ ਸੁਣਵਾਈ ਵਿੱਚ ਸੁਣਾਈ ਹੈ।
ਵਰਨਣ ਯੋਗ ਹੈ ਕਿ ਸ਼ਰੀਫ ਪਰਿਵਾਰ ਵਿਰੁੱਧ ਪਨਾਮਾ ਪੇਪਰ ਲੀਕੇਜ ਕੇਸ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਤਿੰਨ ਕੇਸਾਂ ਵਿੱਚੋਂ ਇਹ ਪਹਿਲਾ ਕੇਸ ਹੈ, ਜਿਸ ਵਿੱਚ ਨਵਾਜ਼ ਸ਼ਰੀਫ ਦੀ ਧੀ ਮਰੀਅਮ ਸ਼ਰੀਫ (44) ਨੂੰ ਵੀ ਸੱਤ ਸਾਲ ਕੈਦ ਦੀ ਸਜ਼ਾ ਤੇ 20 ਲੱਖ ਪੌਂਡ ਜੁਰਮਾਨਾ ਅਤੇ ਉਸ ਦੇ ਪਤੀ ਸੇਵਾਮੁਕਤ ਕੈਪਟਨ ਮੁਹੰਮਦ ਸਫ਼ਦਰ ਨੂੰ ਇੱਕ ਸਾਲ ਕੈਦ ਦੀ ਸਜ਼ਾ ਕੀਤੀ ਗਈ ਹੈ। ਕੌਮੀ ਜਵਾਬਦੇਹੀ ਬਿਊਰੋ ਵੱਲੋਂ ਕੇਸ ਲੜਨ ਵਾਲੀ ਟੀਮ ਦੇ ਮੁਖੀ ਸਰਦਾਰ ਮੁਜੱਫਰ ਅੱਬਾਸੀ ਨੇ ਇਸ ਕੇਸ ਦੇ ਵੇਰਵਿਆਂ ਦੀ ਜਾਣਕਾਰੀ ਦੇਂਦੇ ਸਮੇਂ ਇਸ ਫੈਸਲੇ ਉੱਤੇ ਖੁਸ਼ੀ ਪ੍ਰਗਟ ਕੀਤੀ ਤੇ ਆਪਣੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਰੀਫ ਪਰਿਵਾਰ ਨੇ ਲੰਡਨ ਦੇ ਮਕਾਨ ਭ੍ਰਿਸ਼ਟਾਚਾਰ ਦੇ ਧਨ ਨਾਲ ਖ਼ਰੀਦੇ ਸਨ। ਸੌ ਸਫੇ ਵਾਲੇ ਇਸ ਅਦਾਲਤੀ ਫੈਸਲੇ ਲਈ ਬਿਊਰੋ ਨੇ ਕਰੀਬ 21 ਗਵਾਹ ਪੇਸ਼ ਕੀਤੇ ਸਨ।
ਅੱਜ ਦੇ ਫੈਸਲੇ ਦੇ ਵਕਤ ਨਵਾਜ਼ ਸ਼ਰੀਫ ਕੈਂਸਰ ਤੋਂ ਪੀੜਤ ਆਪਣੀ ਪਤਨੀ ਕੁਲਸੂਮ ਨਵਾਜ਼ ਦੇ ਕੋਲ ਲੰਡਨ ਵਿੱਚ ਹਨ। ਉਨ੍ਹਾਂ ਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਦਾਲਤ ਨੇ ਇਸ ਭ੍ਰਿਸ਼ਟਾਚਾਰ ਕੇਸ ਦੇ ਫੈਸਲੇ ਤੋਂ ਪਹਿਲਾਂ ਚਾਰ ਵਾਰ ਕਾਰਵਾਈ ਮੁਲਤਵੀ ਕੀਤੀ ਸੀ। ਇਹ ਕੇਸ ਏਵਨਫੀਲਡ ਹਾਊਸ ਲੰਡਨ ਵਿੱਚ ਚਾਰ ਫਲੈਟਾਂ ਦੀ ਮਾਲਕੀ ਬਾਰੇ ਸੀ ਤੇ ਸ਼ਰੀਫ ਪਰਿਵਾਰ ਅੱਜ ਕੱਲ੍ਹ ਓਥੇ ਹੀ ਰਹਿੰਦਾ ਹੈ। ਅਦਾਲਤ ਨੇ ਇਨ੍ਹਾਂ ਚਾਰੇ ਫਲੈਟਾਂ ਨੂੰ ਪਾਕਿਸਤਾਨ ਸਰਕਾਰ ਦੀ ਮਾਲਕੀ ਐਲਾਨ ਕਰਦੇ ਹੋਏ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਹਨ।
ਅਦਾਲਤ ਦੇ ਇਸ ਫੈਸਲੇ ਨਾਲ ਸੱਤਾਧਾਰੀ ਧਿਰ ਨੂੰ ਭਾਰੀ ਧੱਕਾ ਲੱਗਾ ਹੈ। ਪਾਕਿਸਤਾਨ ਵਿੱਚ 25 ਜੁਲਾਈ ਨੂੰ ਚੋਣਾਂ ਹੋ ਰਹੀਆਂ ਹਨ। ਇਸ ਫੈਸਲੇ ਨਾਲ ਮਰੀਅਮ ਅਤੇ ਉਸ ਦਾ ਪਤੀ ਸਫ਼ਦਰ ਚੋਣ ਲੜਨ ਦੇ ਵੀ ਅਯੋਗ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਫੈਸਲਾ ਆਇਆ ਤਾਂ ਸ਼ਰੀਫ ਤੇ ਉਸ ਦੀ ਪਤਨੀ ਕੁਲਸੂਮ ਨਾਵਾਜ਼ ਏਵਨਫੀਲਡ ਇਮਾਰਤ ਵਿੱਚ ਸਨ। ਇਸ ਕੇਸ ਵਿੱਚ ਸ਼ਰੀਫ ਦੇ ਪੁੱਤਰ ਹਸਨ ਤੇ ਹੁਸੈਨ ਵੀ ਦੋਸ਼ੀ ਹਨ, ਪਰ ਉਹ ਭਗੌੜੇ ਹਨ।