ਸਾਬਕਾ ਡਿਪਲੋਮੈਟ ਹੱਕਾਨੀ ਨੇ ਪਾਕਿ ਨੂੰ ਕਿਹਾ : ਚੀਨ ਦੀ ਕਠਪੁਤਲੀ ਨਾ ਬਣੋ


ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਨੂੰ ਲੜਾਕੂ ਦੇਸ਼ ਬਣਨ ਦੀ ਥਾਂ ਕਾਰੋਬਾਰੀ ਦੇਸ਼ ਬਣਨਾ ਚਾਹੀਦਾ ਅਤੇ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਚੀਨ ਦੀ ਕਠਪੁਤਲੀ ਬਣ ਕੇ ਨਾ ਰਹਿ ਜਾਂਦਾ ਹੋਵੇ।
ਇੱਕ ਇੰਟਰਵਿਊ ਵਿੱਚ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਤੇ ਅੱਤਵਾਦ ਦੇ ਸ਼ੱਕੀ ਡਾਨ ਹਾਫਿਜ਼ ਸਈਦ ਦਾ ਸਮਰਥਨ ਕਰਨਾ ਜਾਂ ਫਿਰ ਕੌਮਾਂਤਰੀ ਭਰੋਸੇਯੋਗਤਾ ਤੇ ਸਨਮਾਨ ਹਾਸਲ ਕਰਨ ਵਿੱਚੋਂ ਕੀ ਜ਼ਿਆਦਾ ਮਹੱਤਵ ਪੂਰਨ ਹੈ। ਪਹਿਲਾਂ ਤੋਂ ਮਜ਼ਬੂਤ ਚੀਨ-ਪਾਕਿ ਸੰਬੰਧਾਂ ਦੇ ਹੋਰ ਮਜ਼ਬੂਤ ਹੋਣ ਵਿਚਾਲੇ ਹੱਕਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੂੰ ਚੀਨ ‘ਤੇ ਨਿਰਭਰ ਰਹਿਣ ਵੱਲ ਨਹੀਂ ਜਾਣਾ ਚਾਹੀਦਾ ਅਤੇ ਚੀਨ ਦੀ ਕਠਪੁਤਲੀ ਬਣਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਤਮ ਨਿਰਭਰ ਅਰਥ ਵਿਵਸਥਾ ਬਣਨ ਦੀ ਲੋੜ ਹੈ।
ਵਰਨਣ ਯੋਗ ਹੈ ਕਿ ਹੱਕਾਨੀ 2008 ਤੋਂ 2011 ਤੱਕ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਸਨ। ਪਿਛਲੇ ਹਫਤੇ ਆਪਣੀ ਨਵੀਂ ਛਪੀ ਕਿਤਾਬ ‘ਰੀਈਮੇਜਿਨਿੰਗ ਪਾਕਿਸਤਾਨ : ਟਰਾਂਸਫਾਰਮਿੰਗ ਆਫ ਡਿਸਫੰਕਸ਼ਨਲ ਨਿਊਕਲੀਅਰ ਸਟੇਟ’ ਨੂੰ ਜਾਰੀ ਕਰਨ ਲਈ ਭਾਰਤ ਆਏ ਹੱਕਾਨੀ ਨੇ ਕਿਹਾ ਕਿ ਇਸਲਾਮਾਬਾਦ ਨੂੰ ਆਰਥਿਕ ਖੇਤਰ ਸਮੇਤ ਆਪਣੀ ਪੂਰੀ ਦਿਸ਼ਾ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਅੱਤਵਾਦ ਵਿਰੁੱਧ ਅਮਰੀਕਾ ਦਾ ਸਖਤ ਰੁਖ ਇਸਲਾਮਾਬਾਦ ਨੂੰ ਚੀਨ ਨਾਲ ਇੱਕ ਮਜ਼ਬੂਤ ਫੌਜੀ ਗਠਜੋੜ ਵੱਲ ਲੈ ਜਾਵੇਗਾ, ਹੱਕਾਨੀ ਨੇ ਕਿਹਾ ਕਿ ਜਿੰਨਾ ਅਮਰੀਕਾ ਤੇ ਭਾਰਤ ਨੇੜੇ ਆਉਣਗੇ, ਓਨਾ ਪਾਕਿਸਤਾਨ ਚੀਨ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਕਸ਼ਮੀਰ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਹ ਹਕੀਕਤ ਹੈ ਕਿ ਕਸ਼ਮੀਰ ਸਮੱਸਿਆ ਦਾ ਹੱਲ ਸੱਤਰ ਸਾਲਾਂ ਵਿੱਚ ਨਹੀਂ ਨਿਕਲਿਆ। ਜੇ ਪਾਕਿਸਤਾਨ ਭਾਰਤ ਨਾਲ ਸੰਬੰਧਾਂ ਨੂੰ ਆਮ ਬਣਾਉਣ ਦੀ ਦਿਸ਼ਾ ਵਿੱਚ ਵਧਣ ਤੋਂ ਪਹਿਲਾਂ ਕਸ਼ਮੀਰ ਸਮੱਸਿਆ ਦੇ ਹੱਲ ‘ਤੇ ਜ਼ੋਰ ਦਿੰਦਾ ਹੈ ਤਾਂ ਹੋਰ ਸੱਤਰ ਸਾਲ ਇੰਤਜ਼ਾਰ ਕਰਨਾ ਪਵੇਗਾ।