ਸਾਬਕਾ ਜਥੇਦਾਰ ਨੰਦਗੜ੍ਹ ਦੇ ਮੁਤਾਬਕ ਵਿਖਾਵਾ ਹੁੰਦੀ ਹੈ ਜਥੇਦਾਰਾਂ ਦੀ ਮੀਟਿੰਗ


ਤਰਨ ਤਾਰਨ, 14 ਨਵੰਬਰ (ਪੋਸਟ ਬਿਊਰੋ)- ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਹੈ ਕਿ ਇੱਕ ਪਰਵਾਰ ਹੁਣ ਅਕਾਲ ਤਖਤ ਸਮੇਤ ਸਿੱਖ ਤਖਤਾਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੱਤਰੇਤ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਮੀਟਿੰਗ ਤਾਂ ਵਿਖਾਵਾ ਹੁੰਦੀ ਹੈ, ਫੈਸਲੇ ਉਪਰੋਂ ਹੋ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਤੋਂ ਜਾਰੀ ਕੀਤੇ ਜਾਂਦੇ ਫੈਸਲੇ ਸਿਆਸੀ ਦਖਲ ਅਤੇ ਦਬਾਅ ਹੇਠ ਹੁੰਦੇ ਹਨ।
ਗੁਰਮਤਿ ਚੇਤਨਾ ਮਾਰਚ ਵੇਲੇ ਕੱਲ੍ਹ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਸਿਆਸੀ ਦਖਲ ਅੰਦਾਜ਼ੀ ਦਾ ਭਾਈਵਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਦਬਾਅ ਹੇਠ ਨਹੀਂ ਆਏ, ਜਿਸ ਕਾਰਨ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਗਿਆ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਸੱਚ ਬੋਲਣ ਦੀ ਜੁਰੱਅਤ ਕੀਤੀ ਤਾਂ ਉਸ ਨੂੰ ਘਰ ਦਾ ਰਾਹ ਵਿਖਾਉਣ ਵਿੱਚ ਇੱਕ ਮਿੰਟ ਦੇਰੀ ਨਹੀਂ ਲਾਈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਲਾਲਚ ਦਿੱਤੇ ਗਏ ਤੇ ਧਮਕੀਆਂ ਦੇਣ ਦੀ ਕੋਸ਼ਿਸ਼ ਹੋਈ, ਪਰ ਉਹ ਗੁਰੂ ਆਸਰੇ ਅੜੇ ਰਹੇ। ਉਨ੍ਹਾਂ ਕਿਹਾ ਕਿ ਤੱਕੜੀ ਅਕਾਲੀ ਦਲ ਬਾਦਲ ਦਾ ਨਹੀਂ, ਪੰਥ ਦਾ ਚੋਣ ਨਿਸ਼ਾਨ ਹੈ ਤੇ ਇਸ ਨੂੰ ਬਾਦਲ ਦਲ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ।