ਸਾਬਕਾ ਜਥੇਦਾਰ ਗੁਰਮੁਖ ਸਿੰਘ ਨੇ ਸਿਰਸੇ ਵਾਲੇ ਨੂੰ ਮਾਫੀ ਦੇਣ ਵਿੱਚ ਆਪਣੀ ਭੂਮਿਕਾ ਦੇ ਚਰਚੇ ਰੱਦ ਕੀਤੇ

jathedar gurmukh singh
* ਅਕਾਲ ਤਖਤ ਤੋਂ ਫਾਰਗ ਹੋਏ ਪੰਜ ਪਿਆਰਿਆਂ ਨੂੰ ਸਪੱਸ਼ਟੀਕਰਨ ਜਾ ਦਿੱਤਾ
ਅੰਮ੍ਰਿਤਸਰ, 12 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 24 ਸਤੰਬਰ 2015 ਨੂੰ ਬਿਨਾਂ ਮੰਗੀ ਮੁਆਫੀ ਦੇਣ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਰਹੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਉਸ ਵਕਤ ਦੇ ਜਥੇਦਾਰ ਗੁਰਮੁਖ ਸਿੰਘ ਨੇ ਲਗਭਗ ਦੋ ਸਾਲ ਮਗਰੋਂ ਅੱਜ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਫਾਰਗ ਕੀਤੇ ਹੋਏ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਇਸ ਮਾਮਲੇ ਵਿੱਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਪੰਜ ਪਿਆਰਿਆਂ ਵੱਲੋਂ ਇਸ ਬਾਰੇ ਫ਼ੈਸਲਾ ਅਗਲੇ ਦਿਨਾਂ ਵਿੱਚ ਲਿਆ ਜਾਣ ਦੀ ਆਸ ਹੈ।
ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਾਰਗ ਕੀਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਮੇਜਰ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ ਖਾਲਸਾ, ਤਰਲੋਕ ਸਿੰਘ ਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਮੋਗਾ ਨੇੜੇ ਪਿੰਡ ਡੱਲਾ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਕਰਨਾ ਸੀ। ਉੱਥੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਆਏ ਅਤੇ ਉਨ੍ਹਾਂ ਨੇ ਲਿਖਤੀ ਸਪੱਸ਼ਟੀਕਰਨ ਦਿਤਾ ਹੈ, ਜਿਹੜਾ ਲੈ ਗਿਆ ਹੈ, ਪਰ ਇਸ ਦਾ ਫ਼ੈਸਲਾ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ, ਸਰਬ ਉਚਤਾ, ਪ੍ਰਭੂਸੱਤਾ ਅਤੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰ ਕਰਨ ਪਿੱਛੋਂ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਓਦੋਂ ਪੰਜ ਪਿਆਰਿਆਂ ਵੱਲੋਂ ਪੰਜ ਸਿੰਘ ਸਾਹਿਬਾਨ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ, ਪਰ ਉਦੋਂ ਕੋਈ ਜਥੇਦਾਰ ਪੇਸ਼ ਨਹੀਂ ਸੀ ਹੋਇਆ। ਹੁਣ ਕਰੀਬ ਦੋ ਸਾਲਾਂ ਪਿੱਛੋਂ ਭਾਈ ਗੁਰਮੁਖ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਹੈ, ਜਿਹੜਾ ਪੰਜ ਪਿਆਰਿਆਂ ਨੇ ਰੱਖ ਲਿਆ ਹੈ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗੁਰਮੁਖ ਸਿੰਘ ਇਸ ਤੋਂ ਪਹਿਲਾਂ ਮੀਡੀਆ ਕੋਲ ਕਹਿ ਚੁੱਕੇ ਹਨ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਹਦਾਇਤਾਂ ਅਕਾਲੀ ਸਰਕਾਰ ਨੇ ਦਿੱਤੀਆਂ ਸਨ। ਇਸ ਪਿੱਛੋਂ ਉਨ੍ਹਾਂ ਨੂੰ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਹਰਿਆਣਾ ਦੇ ਗੁਰਦੁਆਰੇ ਵਿੱਚ ਮੁਖ ਗ੍ਰੰਥੀ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ।
ਪਿੰਡ ਡਾਲਾ ਦੇ ਗੁਰਦੁਆਰਾ ਸੰਗਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਸਪੱਸ਼ਟੀਕਰਨ ਦੇਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਗੁਰਮੁਖ ਸਿੰਘ ਨੇ ਕਿਹਾ ਕਿ ਮੈਂ ਦੋ ਸਾਲ ਬਾਅਦ ਅੱਜ ਪੰਜ ਪਿਆਰਿਆਂ ਅੱਗੇ ਪੇਸ਼ ਹੋਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਵਿਸਾਖੀ ਅਪ੍ਰੈਲ 2017 ਦੇ ਦਿਨ ਦਮਦਮਾ ਸਾਹਿਬ ਵਿਖੇ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਵੀ ਸਪੱਸ਼ਟੀਕਰਨ ਦੇ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਦੇ ਹੋਏ ਮੈਂ ਸਾਫ ਕਿਹਾ ਕਿ ਸੀ ਕਿ ਸਿਰਸੇ ਵਾਲੇ ਦੀ ਚਿੱਠੀ ਲੈ ਕੇ ਆਉਣ ਨਾਲ ਮੇਰਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੇ ਮੈਨੂੰ ਜਾਣ-ਬੁੱਝ ਕੇ ਬਦਨਾਮ ਕੀਤਾ, ਪਰ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਮੈਂ ਅੱਜ ਤੱਕ ਆਰ ਐੱਸ ਐੱਸ ਜਾਂ ਸਿੱਖ-ਵਿਰੋਧੀ ਲੋਕਾਂ ਨੂੰ ਨਾ ਮਿਲਿਆ ਤੇ ਨਾ ਕਦੇ ਮਿਲਾਂਗਾ। ਚਿੱਠੀ ਲਿਆਉਣ ਦੀ ਪੜਤਾਲ ਹੋਵੇ ਤਾਂ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
ਅੱਜ ਏਥੇ ਪੰਜ ਪਿਆਰਿਆਂ ਭਾਈ ਮੰਗਲ ਸਿੰਘ, ਸਤਨਾਮ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਤਿਰਲੋਕ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਦੇ ਮੁੱਦੇ ਉੱਤੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ 21 ਅਕਤੂਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਤਾਂ ਉਨ੍ਹਾਂ ਨੂੰ 23 ਅਕਤੂਬਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਅੱਜ ਤਕਰੀਬਨ ਦੋ ਸਾਲ ਬਾਅਦ ਪੇਸ਼ ਹੋਏ ਤਾਂ ਇਹ ਦੇਰ ਨਾਲ ਲਿਆ ਦਰੁਸਤ ਫੈਸਲਾ ਹੈ।