ਸਾਬਕਾ ਕਾਂਗਰਸੀ ਵਿਧਾਇਕ ਦੀ ਗੱਡੀ ਵਿੱਚੋਂ ਚਿੱਟਾ ਵੇਚਦੇ ਦੋ ਤਸਕਰ ਫੜ ਕੇ ਲੋਕਾਂ ਨੇ ਕੁੱਟੇ


ਅੰਮ੍ਰਿਤਸਰ, 11 ਜੁਲਾਈ (ਪੋਸਟ ਬਿਊਰੋ)- ਪਿੰਡਾਂ ਵਿੱਚ ਚਿੱਟੇ ਦੀਆਂ ਪੁੜੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਜੰਡਿਆਲਾ ਗੁਰੂ ਥਾਣੇ ਦੇ ਪਿੰਡ ਧਾਰੜ ਵਿਖੇ ਲੋਕਾਂ ਨੇ ਫੜ ਕੇ ਕੱਲ੍ਹ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਫਿਰ ਰੱਸੀਆਂ ਨਾਲ ਬੰਨ੍ਹ ਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਦੋਵਾਂ ਦੋਸ਼ੀਆਂ ਦੀ ਪਛਾਣ ਜਸਬੀਰ ਸਿੰਘ ਵਾਸੀ ਖਿਲਚੀਆਂ ਤੇ ਅਰਸ਼ਬੀਰ ਸਿੰਘ ਵਾਸੀ ਗੁੰਨੋਵਾਲ ਦੇ ਰੂਪ ਵਿੱਚ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਦੋਸ਼ੀ ਸਿਲੰਡਰ ਡਲਿਵਰੀ ਦੀ ਆੜ ਵਿੱਚ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਚਾਰ-ਚਾਰ ਸੌ ਰੁਪਏ ਵਿੱਚ ਹੈਰੋਇਨ ਦੀਆਂ ਪੁੜੀਆਂ ਵੇਚ ਰਹੇ ਸਨ। ਜਿਸ ਗੱਡੀ ਵਿੱਚ ਦੋਵੇਂ ਸਮੱਗਲਰ ਸਿਲੰਡਰ ਵੇਚਣ ਆਏ ਸਨ, ਉਹ ਜੰਡਿਆਲਾ ਗੁਰੂ ਖੇਤਰ ਦੇ ਇੱਕ ਤਾਕਤਵਰ ਨੇਤਾ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਸੀ। ਫੜੇ ਗਏ ਦੋਵੇਂ ਸਮੱਗਲਰ ਖੁਦ ਵੀ ਨਸ਼ੇ ਦੇ ਆਦੀ ਹਨ। ਥਾਣਾ ਜੰਡਿਆਲਾ ਗੁਰੂ ਦੇ ਮੁਖੀ ਸ਼ਮਿੰਦਰਜੀਤ ਸਿੰਘ ਨੇ ਕਿਹਾ ਕਿ ਦੋਵਾਂ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।