ਸਾਬਕਾ ਆਈ ਏ ਐਸ ਅਫਸਰ ਮਨਦੀਪ ਸਿੰਘ ਨੇ ਭਿ੍ਰਸ਼ਟਾਚਾਰ ਕੇਸ ਦੀ ਪੇਸ਼ੀ ਭੁਗਤੀ

ias mandeep singh
ਮੁਹਾਲੀ, 19 ਮਈ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਦੇ ਕੇਸ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ ਮਨਦੀਪ ਸਿੰਘ ਦੇ ਖਿਲਾਫ ਸੁਣਵਾਈ ਕੱਲ੍ਹ ਮੁਹਾਲੀ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਸ਼ਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਵਿੱਚ ਹੋਈ। ਪੇਸ਼ੀ ਦੌਰਾਨ ਦੋਸ਼ੀ ਅਧਿਕਾਰੀ ਨੇ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਦੀ ਅਧੂਰੀ ਕਾਪੀ ਦੇਣ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਉਸ ਨੂੰ ਚਲਾਨ ਦੀ ਪੂਰੀ ਕਾਪੀ ਦੇਣ ਦੀ ਅਪੀਲ ਕੀਤੀ। ਅਦਾਲਤ ਨੇ ਕੇਸ ਦੀ ਸੁਣਵਾਈ ਤਿੰਨ ਜੂਨ ‘ਤੇ ਪਾ ਦਿੱਤੀ ਹੈ।
ਆਈ ਏ ਐਸ ਅਧਿਕਾਰੀ ਮਨਦੀਪ ਸਿੰਘ ਦੇ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਸੰਪਤੀ ਬਣਾਉਣ ਦਾ ਦੋਸ਼ ਹੈ। ਉਹ 31 ਮਈ 2015 ਨੂੰ ਰਿਟਾਇਰ ਹੋਇਆ ਸੀ। ਵਿਜੀਲੈਂਸ ਬਿਊਰੋ ਨੇ ਕਰੀਬ ਦੋ ਸਾਲ ਪਹਿਲਾਂ ਓਦੋਂ ਦੇ ਆਈ ਏ ਐਸ ਅਫਸਰ ਮਨਦੀਪ ਸਿੰਘ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਸੀ। ਇਸ ਕੇਸ ਵਿੱਚ ਅਧਿਕਾਰੀ ਦੇ ਦੋ ਸਾਥੀਆਂ ਮੱਖਣ ਸਿੰਘ ਅਤੇ ਅਵਤਾਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਦੇ ਮੁਤਾਬਕ ਇਸ ਕੇਸ ਦੀ ਲੰਮੀ ਜਾਂਚ ਦੌਰਾਨ ਸਾਰੇ ਦੋਸ਼ ਸਹੀ ਪਾਏ ਗਏ ਹਨ। ਵਿਜੀਲੈਂਸ ਨੇ ਸਾਬਕਾ ਐਸ ਏ ਐਸ ਅਧਿਕਾਰੀ ਨੂੰ ਗੁਪਤ ਸੂਚਨਾ ਉੱਤੇ 27 ਫਰਵਰੀ ਨੂੰ ਇਥੋਂ ਦੇ ਹੋਟਲ ਨੇੜਿਓਂ ਗ੍ਰਿਫਤਾਰ ਕੀਤਾ ਸੀ। ਉਸ ਦੇ ਦੋ ਸਾਥੀ ਮੱਖਣ ਸਿੰਘ ਤੇ ਅਵਤਾਰ ਸਿੰਘ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕੇ ਸਨ। ਮਨਦੀਪ ਸਿੰਘ ਆਪਣੀ ਸਰਵਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਮੋਗਾ, ਟਰਾਂਸਪੋਰਟ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਅਹੁਦਿਆਂ ‘ਤੇ ਰਹਿ ਚੁੱਕਾ ਹੈ। ਇਸ ਦੌਰਾਨ ਅਧਿਕਾਰੀ ਨੇ ਭਿ੍ਰਸ਼ਟਾਚਾਰ ਤਰੀਕਿਆਂ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ।