ਸਾਬਕਾ ਅਕਾਲੀ ਮੰਤਰੀ ਮਲੂਕਾ ਤੇ ਜੋੜੀਦਾਰਾਂ ਖ਼ਿਲਾਫ਼ 2012 ਦਾ ਚੋਣ ਹਿੰਸਾ ਦਾ ਕੇਸ ਫਿਰ ਖੁੱਲ੍ਹਿਆ

maluka
ਬਠਿੰਡਾ, 3 ਅਗਸਤ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਸਾਲ 2012 ਦੀਆਂ ਚੋਣਾਂ ਦੌਰਾਨ ਹਿੰਸਾ ਦੇ ਇੱਕ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਖ਼ਿਲਾਫ਼ ਦਰਜ ਕੇਸ ਹੁਣ ਫਿਰ ਖੁੱਲ੍ਹ ਗਿਆ ਹੈ। ਇਸ ਵਿੱਚ ਹੋਰ ਵੀ ਡੇਢ ਦਰਜਨ ਲੋਕ ਸ਼ਾਮਲ ਹਨ। ਜ਼ਿਲ੍ਹਾ ਪੁਲੀਸ ਨੇ ਚੋਣ ਨਤੀਜਿਆਂ ਪਿੱਛੋਂ ਕੇਸ ਰੱਦ ਕਰ ਦਿੱਤਾ ਸੀ, ਪਰ ਮੁੱਦਈ ਧਿਰ ਨੇ ਮਗਰੋਂ ਪੁਲੀਸ ਦੀ ਕੇਸ ਰੱਦ ਕਰਨ ਦੀ ਰਿਪੋਰਟ ਪ੍ਰਵਾਨ ਕਰਨ ਤੋਂ ਇਨਕਾਰ ਕਰ ਕੇ ਅਦਾਲਤੀ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਨੇ ਸਾਬਕਾ ਮੰਤਰੀ ਮਲੂਕਾ ਤੇ ਸਾਥੀਆਂ ਖ਼ਿਲਾਫ਼ ਕੇਸ ਰੱਦ ਕਰ ਦਿੱਤਾ ਸੀ ਤਾਂ ਸਿ਼ਕਾਇਤ ਕਰਨ ਵਾਲੇ ਸੁਖਪਾਲ ਸਿੰਘ ਨੇ ਰਾਮਪੁਰਾ ਫੂਲ ਦੀ ਅਦਾਲਤ ਨੂੰ ਇਸਤਗਾਸਾ ਪੇਸ਼ ਕਰ ਦਿੱਤਾ ਸੀ, ਜਿਸ ਉੱਤੇ ਜੁਡੀਸ਼ਲ ਮੈਜਿਸਟਰੇਟ ਨੇ ਬੀਤੀ 6 ਜੁਲਾਈ ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਨੂੰ ਫਿਰ ਸੰਮਨ ਜਾਰੀ ਕਰ ਕੇ ਤਲਬ ਕਰ ਲਿਆ ਹੈ। ਉਸ ਪਿੱਛੋਂ ਸਿਕੰਦਰ ਸਿੰਘ ਮਲੂਕਾ ਅਤੇ ਹੋਰਨਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਤੋਂ ਅਗੇਤੀ ਜ਼ਮਾਨਤ ਲੈ ਲਈ ਸੀ। ਅੱਜ ਸਿਕੰਦਰ ਸਿੰਘ ਮਲੂਕਾ ਤੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਰਾਮਪੁਰਾ ਫੂਲ ਦੀ ਜੁਡੀਸ਼ਲ ਅਦਾਲਤ ਵਿੱਚ ਜ਼ਮਾਨਤਾਂ ਭਰ ਦਿੱਤੀਆਂ। ਅਦਾਲਤ ਨੇ ਇਸ ਕੇਸ ਲਈ ਸੁਣਵਾਈ ਦੀ ਅਗਲੀ ਤਰੀਕ 30 ਅਗਸਤ ਤੈਅ ਕੀਤੀ ਹੈ।
ਵਰਨਣ ਯੋਗ ਹੈ ਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪਿੰਡ ਦਿਆਲਪੁਰਾ ਭਾਈਕਾ ਵਿੱਚ ਦੋ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਇੱਕ ਕੇਸ ਸਿਕੰਦਰ ਸਿੰਘ ਮਲੂਕਾ ਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਹੋਇਆ ਸੀ, ਦੂਸਰਾ ਕੇਸ ਮੌਜੂਦਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਦੇ ਸਾਥੀਆਂ ਉੱਤੇ ਦਰਜ ਹੋਇਆ ਸੀ। ਕਾਂਗਰਸ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ 2012 ਚੋਣਾਂ ਵਿੱਚ ਦਰਜ ਕੇਸਾਂ ਦਾ ਭਵਿੱਖ ਪੁਲਸ ਵੱਲੋਂ ਉਦੋ ਹੀ ਖਤਮ ਹੋਇਆ ਸਮਝ ਲਿਆ ਗਿਆ ਸੀ, ਜਦੋਂ ਅਕਾਲੀ ਸਰਕਾਰ ਦੋਬਾਰਾ ਬਣ ਗਈ ਸੀ। ਪੁਲੀਸ ਨੇ ਉਨ੍ਹਾਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਚਲਾਨ ਪੇਸ਼ ਕਰ ਦਿੱਤਾ, ਪਰ ਸਿਕੰਦਰ ਸਿੰਘ ਮਲੂਕਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਕੇਸ ਦੀ ਕੈਂਸਲੇਸ਼ਨ ਰਿਪੋਰਟ ਦੇ ਦਿੱਤੀ ਸੀ, ਜਿਸ ਨੂੰ ਮੁਦੱਈ ਨੇ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ ਤੇ ਜ਼ਿਲ੍ਹਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੇਸ ਰੱਦ ਕਰਨ ਦਾ ਫ਼ੈਸਲਾ ਦਿੱਤਾ ਸੀ। ਦੂਸਰੀ ਧਿਰ ਵੱਲੋਂ ਇਸਤਗਾਸਾ ਪਾਉਣ ਪਿੱਛੋਂ ਉਨ੍ਹਾਂ ਦੀ ਧਿਰ ਦੇ ਦੋ ਜਣਿਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਪਹੁੰਚ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਕੇਸ ਮੁੜ ਸ਼ੁਰੂ ਹੋ ਗਿਆ ਹੈ, ਪਰ ਹਾਈ ਕੋਰਟ ਨੇ ਇਸ ਕੇਸ ਵਿੱਚ ਰਾਮਪੁਰਾ ਫੂਲ ਦੀ ਅਦਾਲਤ ਦੀ ਕਾਰਵਾਈ ਉੱਤੇ ਸਟੇਅ ਜਾਰੀ ਕਰ ਦਿੱਤਾ ਹੈ ਤੇ ਹਾਈ ਕੋਰਟ ਵਿੱਚ ਅਗਲੀ ਸੁਣਵਾਈ 17 ਅਗਸਤ ਨੂੰ ਹੋਣੀ ਹੈ।