ਸਾਬਕਾ ਅਕਾਲੀ ਮੰਤਰੀ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਦੇਹਾਂਤ


ਸ਼ਾਹਕੋਟ, 4 ਫਰਵਰੀ, (ਪੋਸਟ ਬਿਊਰੋ)- ਜਲੰਧਰ ਜਿ਼ਲੇ ਸ਼ਾਹਕੋਟ ਹਲਕਾ ਤੋਂ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਐਤਵਾਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖ ਕੇ ਡਾਕਟਰਾਂ ਨੇ ਜਲੰਧਰ ਦੇ ਬੀ ਬੀ ਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਇਥੇ ਉਨ੍ਹਾਂ ਦੀ ਦੇਰ ਰਾਤ ਮੌਤ ਹੋ ਗਈ।
ਜਥੇਦਾਰ ਅਜੀਤ ਸਿੰਘ (78 ਸਾਲ) ਜਲੰਧਰ ਜਿ਼ਲੇ ਦੇ ਪਹਿਲਾਂ ਲੋਹੀਆਂ ਤੇ ਫਿਰ ਸ਼ਾਹਕੋਟ ਹਲਕੇ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਬਣੇ। ਉਹ ਅਕਾਲੀ ਦਲ ਦੇ ਜ਼ਿਲਾ ਜਥੇਦਾਰ ਸਨ ਅਤੇ ਪੰਜਾਬ ਸਰਕਾਰ ਵਿੱਚ ਜੇਲ, ਮੁੜ-ਵਸੇਬਾ ਅਤੇ ਟ੍ਰਾਂਸਪੋਰਟ ਵਰਗੇ ਮਹੱਤਵ ਪੂਰਨ ਮੰਤਰਾਲਿਆਂ ਦੇ ਮੰਤਰੀ ਰਹਿ ਚੁੱਕੇ ਸਨ। ਜਦੋਂ ਅਕਾਲੀ-ਭਾਜਪਾ ਗੱਠਜੋੜ ਬੁਰੀ ਤਰ੍ਹਾਂ ਹਾਰ ਜਾਂਦਾ ਸੀ, ਅਜੀਤ ਸਿੰਘ ਕੋਹਾੜ ਓਦੋਂ ਵੀ ਜਿੱਤ ਜਾਂਦੇ ਰਹੇ ਸਨ। ਕੈਪਟਨ ਅਮਰਿੰਦਰ ਸਿੰਧ ਦੀ ਪਿਛਲੀ ਵਾਰ ਦੀ ਸਰਕਾਰ ਉਨ੍ਹਾ ਨੂੰ ਗਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਅਗਲੀ ਵਾਰੀ ਫਿਰ ਬਣੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸਰਕਾਰ ਵਿੱਚ ਉਨ੍ਹਾਂ ਨੂੰ ਜੇਲ੍ਹ ਮੰਤਰੀ ਦਾ ਅਹੁਦਾ ਮਿਲ ਗਿਆ ਸੀ। ਜਥੇਦਾਰ ਕੋਹਾੜ ਦੇ ਇੱਕ ਪੁੱਤਰ ਅਤੇ ਦੋ ਧੀਆਂ ਹਨ ਤੇ ਸਾਰੇ ਵਿਆਹੇ ਹੋਏ ਹਨ। ਉਨ੍ਹਾਂ ਦੀ ਇੱਕ ਧੀ ਨੇੜਲੇ ਪਿੰਡ ਗੇਹਲੜਾਂ ਅਤੇ ਦੂਸਰੀ ਰਾਓਵਾਲ ਵਿਆਹੀ ਹੋਈ ਹੈ।