ਸਾਨੂੰ ਬਾਬਿਆਂ ਤੋਂ ਛੇਤੀ ਛੁਟਕਾਰਾ ਪਾਉਣਾ ਪਵੇਗਾ

-ਪੂਨਮ ਆਈ ਕੌਸ਼ਿਸ਼
ਇੱਕ ਹਫਤੇ ਅੰਦਰ ਤਿੰਨ ਅਹਿਮ ਫੈਸਲੇ ਅਤੇ ਇਨ੍ਹਾਂ ਫੈਸਲਿਆਂ ਦਾ ਦੂਰ-ਰਸ ਪ੍ਰਭਾਵ। ਇਨ੍ਹਾਂ ‘ਚੋਂ ਪਹਿਲਾ ਫੈਸਲਾ ਸੁਪਰੀਮ ਕੋਰਟ ਵੱਲੋਂ ‘ਤਿੰਨ ਤਲਾਕ’ ਨੂੰ ਗੈਰ ਕਾਨੂੰਨੀ ਕਰਾਰ ਦੇਣਾ ਅਤੇ ਇਸ ਨੂੰ ਕੁਰਾਨ ਦੇ ਬੁਨਿਆਦੀ ਸਿਧਾਂਤ ਦੇ ਵਿਰੁੱਧ ਦੱਸਣਾ ਹੈ। ਦੂਜਾ-ਨਿੱਜਤਾ ਦੇ ਅਧਿਕਾਰ ਨੂੰ ਮੂਲ ਅਧਿਕਾਰ ਵਜੋਂ ਮੰਨਣਾ ਅਤੇ ਤੀਜਾ-ਸੀ ਬੀ ਆਈ ਕੋਰਟ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਣਾ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਸਾਡੀ ਨਿਆਂ ਪਾਲਿਕਾ ਸ਼ਲਾਘਾ ਦੀ ਪਾਤਰ ਹੈ।
‘ਤਿੰਨ ਤਲਾਕ’ ਦੇ ਕੇਸ ਨੂੰ ਚੀਫ ਜਸਟਿਸ ਜੇ ਐੱਸ ਖਹਿਰ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਤਿੰਨ-ਦੋ ਦੇ ਬਹੁਮਤ ਨਾਲ ਗੈਰ ਸੰਵਿਧਾਨਕ ਐਲਾਨਿਆ ਹੈ, ਜਿਸ ਨਾਲ 21ਵੀਂ ਸਦੀ ਵਿੱਚ ਮੁਸਲਿਮ ਔਰਤਾਂ ਮੱਧਕਾਲੀ ਮੁਸਲਿਮ ਪਰਸਨਲ ਲਾਅ ਦੇ ਸ਼ਿਕੰਜੇ ਤੋਂ ਮੁਕਤ ਹੋਣਗੀਆਂ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਕਾਨੂੰਨ ਸਾਹਮਣੇ ਬਰਾਬਰੀ ਤੇ ਲਿੰਗ ਦੇ ਆਧਾਰ ‘ਤੇ ਵਿਤਕਰੇ ਵਿਰੁੱਧ ਸੁਰੱਖਿਆ ਮਿਲੇਗੀ, ਸਗੋਂ ਇਹ ਇਸਲਾਮੀ ਮਹਿਲਾਵਾਦ ਨੂੰ ਰੇਖਾਂਕਿਤ ਕਰਦਾ ਹੈ।
ਇਸੇ ਤਰ੍ਹਾਂ ਨੌਂ ਮੈਂਬਰੀ ਡਵੀਜ਼ਨ ਬੈਂਚ ਨੇ ਆਪਣੇ 547 ਸਫਿਆਂ ਦੇ ਫੈਸਲੇ ਵਿੱਚ ਨਿੱਜਤਾ ਦੇ ਅਧਿਕਾਰ ਨੂੰ ਮੂਲ ਅਧਿਕਾਰ ਐਲਾਨਿਆ ਅਤੇ 1954, 1962 ਵਾਲੇ ਆਪਣੇ ਫੈਸਲਿਆਂ ਨੂੰ ਪਲਟ ਦਿੱਤਾ। ਅਦਾਲਤ ਨੇ ਕਿਹਾ ਕਿ ਨਿੱਜਤਾ ਸੰਵਿਧਾਨ ਦੀ ਧਾਰਾ 21 ਦੇ ਤਹਿਤ ਜੀਵਨ ਦੀ ਆਜ਼ਾਦੀ ਤੇ ਨਿੱਜੀ ਆਜ਼ਾਦੀ ਦਾ ਅਟੁੱਟ ਅੰਗ ਹੈ। 92 ਸਾਲਾ ਸਾਬਕਾ ਜੱਜ ਕੇ ਐਸ ਪੁੱਤਾਸਵਾਮੀ ਨੇ ਸਮਾਜਕ ਅਤੇ ਭਲਾਈ ਯੋਜਨਾਵਾਂ ਦੇ ਤਹਿਤ ਲਾਭ ਲੈਣ ਲਈ ‘ਆਧਾਰ’ ਨੂੰ ਲਾਜ਼ਮੀ ਬਣਾਏ ਜਾਣ ਦੇ ਕੇਂਦਰ ਸਰਕਾਰ ਦੇ ਕਦਮ ਨੂੰ ਚੁਣੌਤੀ ਦਿੱਤੀ ਸੀ। ਇਸ ਫੈਸਲੇ ਦਾ ਸਮਲਿੰਗੀ ਲੋਕਾਂ ਦੇ ਵਿਰੁੱਧ ਵਿਤਕਰੇ, ਧਰਮ, ਭੋਜਨ, ਕੱਪੜੇ ਆਦਿ ਦੇ ਮਾਮਲਿਆਂ ਵਿੱਚ ਦੂਰਰਸ ਅਸਰ ਪਵੇਗਾ, ਕਿਉਂਕਿ ਇਹ ਮੁੱਦੇ ਵਿਅਕਤੀ ਦੇ ਨਿੱਜੀ ਜੀਵਨ ਨਾਲ ਜੁੜੇ ਹੁੰਦੇ ਹਨ। ਸਰਕਾਰ ਕੌਮੀ ਸੁਰੱਖਿਆ, ਪ੍ਰਭੂਸੱਤਾ ਅਤੇ ਜਨ ਵਿਵਸਥਾ ਦੇ ਆਧਾਰ ‘ਤੇ ਇਸ ਅਧਿਕਾਰ ‘ਤੇ ਸੀਮਤ ਪਾਬੰਦੀ ਲਾ ਸਕਦੀ ਹੈ।
ਤੀਜੇ ਫੈਸਲੇ ਨੇ ਤਿੰਨ ਰਾਜਾਂ ਵਿੱਚ ਜਨ ਜੀਵਨ ਠੱਪ ਕਰ ਦਿੱਤਾ। ਪੰਚਕੂਲਾ ਵਿੱਚ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਤੇ ਇਹ ਫੈਸਲਾ ਆਉਂਦਿਆਂ ਹੀ ਡੇਰਾ ਮੁਖੀ ਦੇ ਸਮਰਥਕ ਭੜਕ ਉਠੇ ਤੇ ਭਾਰੀ ਹਿੰਸਾ ‘ਤੇ ਉਤਾਰੂ ਹੋ ਗਏ। ਇਸ ਹਿੰਸਾ ਵਿੱਚ ਤਿੰਨ ਦਰਜਨ ਲੋਕ ਮਾਰੇ ਗਏ ਤੇ 200 ਤੋਂ ਜ਼ਿਆਦਾ ਜ਼ਖਮੀ ਹੋਏ। ਪੰਜਾਬ, ਹਰਿਆਣਾ ਵਿੱਚ ਕਈ ਟਰੇਨਾਂ ਰੱਦ ਕੀਤੀਆਂ ਗਈਆਂ, ਸਕੂਲ-ਕਾਲਜ ਬੰਦ ਕਰਨੇ ਪਏ। ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ।
‘ਆਪੇ ਬਣੇ ਭਗਵਾਨਾਂ’ ਪ੍ਰਤੀ ਲੋਕਾਂ ਦੀ ਅੰਨ੍ਹੀ ਭਗਤੀ ਹੁੰਦੀ ਹੈ ਅਤੇ ਲੋਕ ਮੰਨਦੇ ਹਨ ਕਿ ਉਨ੍ਹਾਂ ਕੋਲ ਜਾਦੂਈ ਤਾਕਤਾਂ ਹੁੰਦੀਆਂ ਹਨ, ਜਿਸ ਨਾਲ ਉਹ ਉਨ੍ਹਾਂ ਦੀਆਂ ਬਿਮਾਰੀਆਂ ਠੀਕ ਕਰ ਸਕਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ। ਲੋਕ ਬਿਨਾਂ ਦਲੀਲ ਦੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਆਕਰਸ਼ਿਤ ਹੁੰਦੇ ਅਤੇ ਮੰਨਣ ਲੱਗਦੇ ਹਨ ਕਿ ਉਨ੍ਹਾਂ ਦੇ ‘ਗੁਰੂ ਜੀ’ ਉਨ੍ਹਾਂ ਨੂੰ ਭਗਵਾਨ ਨਾਲ ਮਿਲਾ ਸਕਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ, ਪਰ ਇਸ ਭਰੋਸੇ ਦੀ ਕੋਈ ਦਲੀਲੀ ਵਜ੍ਹਾ ਨਹੀਂ ਹੁੰਦੀ। ਚਮਤਕਾਰ ਕਰਨ ਦੀ ਇਸ ਕਲਾ ਕਾਰਨ ਬਾਬਿਆਂ ਦਾ ਕਾਰੋਬਾਰ ਪਿੰਡ-ਪਿੰਡ ਤੱਕ ਪਹੁੰਚ ਗਿਆ ਹੈ। ਦੇਸ਼ ਵਿੱਚ ਰੇਡੀਓ, ਟੀ ਵੀ ਚੈਨਲਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੇ ਉਪਦੇਸ਼ਾਂ, ਪ੍ਰਵਚਨਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਇਨ੍ਹਾਂ ਬਾਬਿਆਂ ਨੇ ਆਪਣੇ ਵੱਡੇ ਸਾਮਰਾਜ ਸਥਾਪਤ ਕਰ ਲਏ ਹਨ, ਜੋ ਨਾਸਮਝ ਲੋਕਾਂ ਦੀਆਂ ਭਾਵਨਾਵਾਂ ਦਾ ਅਤੇ ਯੌਨ ਸ਼ੋਸ਼ਣ ਤੱਕ ਕਰਦੇ ਹਨ। ਅਸਲ ਵਿੱਚ ਇਹ ਬਾਬੇ ਖੂਬ ਧਨ ਕਮਾਉਣਾ ਚਾਹੁੰਦੇ ਹਨ। ਕੁਝ ਬਾਬੇ ਸਿਆਸੀ ਸੰਪਰਕ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਕੁਝ ਉਦਯੋਗੋਪਤੀਆਂ ਨਾਲ ਸੰਪਰਕ ਬਣਾਉਂਦੇ ਹਨ।
ਗੁਰਮੀਤ ਰਾਮ ਰਹੀਮ ਕੋਈ ਪਹਿਲਾ ਡੇਰਾ ਮੁਖੀ ਨਹੀਂ, ਜਿਸ ਦੀ ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰੀ ਹੋਈ ਹੈ। ਇਸ ਤੋਂ ਪਹਿਲਾਂ ਆਸਾ ਰਾਮ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਹੈ, ਜਿਸ ਦੇ ਦੇਸ਼ ਵਿੱਚ 425 ਤੋਂ ਜ਼ਿਆਦਾ ਆਸ਼ਰਮ ਤੇ 50 ਤੋਂ ਜ਼ਿਆਦਾ ਗੁਰੂਕੁਲ ਹਨ। ਇਸ ਤੋਂ ਇਲਾਵਾ ਸੰਤ ਰਾਮਪਾਲ 2014 ਤੋਂ ਦੇਸ਼ਧਰੋਹ ਹੇਠ ਜੇਲ੍ਹ ਵਿੱਚ ਬੰਦ ਹੈ। ਸਵਾਮੀ ਨਿਤਿਆਨੰਦ ਇੱਕ ਫਿਲਮ ਅਭਿਨੇਤਰੀ ਨਾਲ ਇਤਰਾਜ਼ ਯੋਗ ਹਾਲਤ ਵਿੱਚ ਫੜੇ ਗਏ ਤੇ ਉਨ੍ਹਾਂ ਦੇ ਆਸ਼ਰਮ ਦੀ ਤਲਾਸ਼ੀ ਲੈਣ ‘ਤੇ ਉਥੋਂ ਕੰਡੋਮ ਤੇ ਗਾਂਜਾ ਬਰਾਮਦ ਹੋਇਆ। ਭੁਵਨੇਸ਼ਵਰ ਵਿੱਚ ਸਾਰਥੀ ਬਾਬਾ ਅਤੇ ਨਿਰਮਲ ਬਾਬਾ ਧੋਖਾਧੜੀ, ਬਲੈਕਮੇਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ। ਕੇਰਲਾ ਵਿੱਚ ਲਾਅ ਵਿਸ਼ੇ ਦੀ ਇੱਕ 23 ਸਾਲਾ ਵਿਦਿਆਰਥਣ ਨੇ ਆਪਣੇ ਯੌਨ ਸੌਸ਼ਣ ਦਾ ਬਦਲਾ ਅਜਿਹੇ ਇੱਕ ਬਾਬੇ ਦੇ ਲਿੰਗ ਨੂੰ ਕੱਟ ਕੇ ਲਿਆ। ਇਸ ਤੋਂ ਪਹਿਲਾਂ ਵਿਵਾਦਪੂਰਨ ਚੰਦਰਾ ਸਵਾਮੀ ਨੂੰ ਸਾਰੇ ਜਾਣਦੇ ਹਨ, ਜਦੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਰਾਜ ਦੌਰਾਨ ‘ਪ੍ਰਭਾਵਸ਼ਾਲੀ ਸਵਾਮੀ’ ਰਹੇ ਅਤੇ ਉਹ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ, ਐਲਿਜ਼ਾਬੈਥ ਟੇਲਰ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦੇ ਅਧਿਆਤਮਕ ਗੁਰੂ ਵੀ ਰਹੇ। ਉਨ੍ਹਾਂ ਦਾ ਨਾਂਅ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਆਇਆ ਤੇ 1996 ਵਿੱਚ ਉਨ੍ਹਾਂ ਨੂੰ ਲੰਡਨ ਦੇ ਇੱਕ ਕਾਰੋਬਾਰੀ ਨੂੰ ਧੋਖਾ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਮਈ ਵਿੱਚ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਸੱਤਿਆ ਸਾਈਂ ਬਾਬਾ ਦਾ ਦੇਸ਼ ਦੇ ਕਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਤਾਕਤਵਰ ਲੋਕ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੇ ਭਗਤ ਰਹੇ ਹਨ। ਜਦੋਂ 2011 ਵਿੱਚ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੀ ਜਾਇਦਾਦ ਚਾਲੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਸੀ। ਇਹ ਸੱਚ ਹੈ ਕਿ ਉਨ੍ਹਾਂ ਨੇ ਮੁਫਤ ਇਲਾਜ ਲਈ ਹਸਪਤਾਲ ਤੇ ਮੁਫਤ ਸਿਖਿਆ ਲਈ ਸਕੂਲ ਖੋਲ੍ਹੇ, ਪਰ ਉਹ ਝੂਠੇ ਚਮਤਕਾਰ ਤੇ ਯੌਨ ਸ਼ੋਸ਼ਣ ਦੇ ਵਿਵਾਦਾਂ ਵਿੱਚ ਫਸੇ ਰਹੇ। ਸੈਕਸ ਗੁਰੂ ਰਜਨੀਸ਼ ਨੂੰ ਕੌਣ ਭੁਲਾ ਸਕਦਾ ਹੈ।
ਅੱਜ ਬਾਬਾ ਰਾਮਦੇਵ ਅਤੇ ਸ੍ਰੀ ਸ੍ਰੀ ਰਵੀਸ਼ੰਕਰ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਦੋਵਾਂ ਦੇ ਚਹੇਤੇ ਹਨ। ਬਾਬਾ ਰਾਮਦੇਵ ਯੋਗਾ ਦਾ ਪ੍ਰਚਾਰ ਕਰ ਰਹੇ ਹਨ ਤੇ ਉਨ੍ਹਾਂ ਦਾ ਵੱਡਾ ਕਾਰੋਬਾਰ ਹੈ। ਉਹ ਵੀ ਸਿਆਸੀ ਮੁੱਦਿਆਂ ‘ਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਰਾਜਨੇਤਾ ਇਨ੍ਹਾਂ ਸੰਤਾਂ, ਬਾਬਿਆਂ ਦੀ ਪਨਾਹ ਵਿੱਚ ਜਾਂਦੇ ਹਨ ਤੇ ਇਸ ਦੀ ਵਜ੍ਹਾ ਸਿਰਫ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਨਹੀਂ, ਸਗੋਂ ਉਨ੍ਹਾਂ ਦੇ ਚੇਲਿਆਂ, ਪੈਰੋਕਾਰਾਂ ਤੋਂ ਵੋਟਾਂ ਹਾਸਲ ਕਰਨਾ ਵੀ ਹੈ। ਇਸੇ ਲਈ ਇਹ ਬਾਬੇ, ਸੰਤ ਸੱਤਾ ਦੇ ਕੇਂਦਰ ਬਣ ਗਏ ਹਨ, ਮਿਸਾਲ ਵਜੋਂ ਮੋਦੀ ਦੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਬਾਬਾ ਰਾਮਦੇਵ ਅਤੇ ਸ੍ਰੀ ਸ੍ਰੀ ਰਵੀਸ਼ੰਕਰ ਦੀ ਅਹਿਮ ਭੂਮਿਕਾ ਰਹੀ।
ਹੁਣ ਡੇਰਾ ਮੁਖੀ ਦੀ ਤਾਜ਼ਾ ਘਟਨਾ ਨੇ ਦੱਸ ਦਿੱਤਾ ਹੈ ਕਿ ਸਾਡੇ ਨੇਤਾ ਕਿਸ ਤਰ੍ਹਾਂ ਸੰਤਾਂ, ਬਾਬਿਆਂ ਦੇ ਪੈਰੋਕਾਰ ਬਣਦੇ ਹਨ। ਡੇਰਾ ਮੁਖੀ ਨੂੰ ਜ਼ੈਡ ਪਲੱਸ ਸਕਿਓਰਿਟੀ ਦਿੱਤੀ ਗਈ ਸੀ। 2014 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੰਘ ਦੇ ਮੁਖੀ ਡੇਰਾ ਸੱਚਾ ਸੌਦਾ ਵਿੱਚ ਅਸ਼ੀਰਵਾਦ ਤੇ ਵੋਟਾਂ ਲੈਣ ਲਈ ਗਏ ਸਨ। ਇਹੋ ਨਹੀਂ, ਖੱਟੜ ਸਰਕਾਰ ਦੇ ਤਿੰਨ ਮੰਤਰੀਆਂ ਨੇ ਡੇਰਾ ਮੁਖੀ ਨੂੰ 51 ਲੱਖ ਰੁਪਏ ਦਾਨ ਵਜੋਂ ਦਿੱਤੇ।
ਸਪੱਸ਼ਟ ਹੈ ਕਿ ਇਸ ਸਮਾਜਕ ਬੁਰਾਈ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਇਹ ਸਵਾਮੀ ਤੇ ਬਾਬੇ ਆਮ ਲੋਕਾਂ ਨੂੰ ਭਾਵਨਾਤਮਕ ਤੇ ਅਧਿਆਤਮਕ ਤੌਰ ‘ਤੇ ਪ੍ਰਭਾਵਤ ਕਰਦੇ ਹਨ, ਜੋ ਆਪਣੇ ਆਪ ‘ਚ ਇੱਕ ਵੋਟ ਬੈਂਕ ਬਣ ਗਏ ਹਨ। ਇਸ ਲਈ ਸਾਡੇ ਨੇਤਾਵਾਂ ਨੂੰ ਅਜਿਹੇ ਬਾਬਿਆਂ ਸਾਹਮਣੇ ਝੁਕਣਾ ਨਹੀਂ ਚਾਹੀਦਾ, ਸਗੋਂ ਉਨ੍ਹਾਂ ਨੂੰ ਅਹਿਸਾਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਉਹ ਕਾਨੂੰਨ ਤੋਂ ਉਪਰ ਨਹੀਂ ਹਨ।
ਦੇਖਣਾ ਇਹ ਹੈ ਕਿ ਕੀ ਅਜਿਹੇ ਗੁਰੂਆਂ, ਬਾਬਿਆਂ ਦਾ ਪ੍ਰਭਾਵ ਘੱਟਦਾ ਹੈ ਜਾਂ ਨਹੀਂ। ਲੋਕਾਂ ਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਝੂਠੇ ਭਗਵਾਨ ਦੀ ਪੂਜਾ ਕਰ ਰਹੇ ਹਨ, ਜਿਨ੍ਹਾਂ ਵਿੱਚ ਆਮ ਇਨਸਾਨ ਵਾਂਗ ਹੀ ਕਮਜ਼ੋਰੀਆਂ ਹਨ। ਇਸ ਲਈ ਸਾਨੂੰ ਅਜਿਹੇ ਬਾਬਿਆਂ, ਸੰਤਾਂ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਪਵੇਗਾ।