ਸਾਨੂੰ ਤਬਦੀਲੀ ਲਿਆਉਣੀ ਪਵੇਗੀ : ਦੀਆ ਮਿਰਜ਼ਾ


ਫੈਮਿਨਾ ਮਿਸ ਇੰਡੀਆ 2000 ਰਹਿ ਚੁੱਕੀ ਦੀਆ ਮਿਰਜ਼ਾ ਅਭਿਨੇਤਰੀ ਹੋਣ ਦੇ ਨਾਲ ਨਿਰਮਾਤਰੀ ਵੀ ਹੈ। ਅਜੇ ਹੁਣੇ ਜਿਹੇ ਉਹ ਨਵੀਂ ਭੂਮਿਕਾ ਵੀ ਨਿਭਾਉਣ ਜਾ ਰਹੀ ਹੈ। ਉਸ ਨੂੰ ਭਾਰਤ ਲਈ ਯੂਨਾਈਟਿਡ ਨੇਸ਼ਨਸ ਐਨਵਾਇਰਮੈਂਟ ਗੁੱਡਵਿਲ ਅੰਬੈਸਡਰ ਚੁਣਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਵਿੱਚ ਵੀ ਨਜ਼ਰ ਆਏਗੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਗੁੱਡਵਿਲ ਅੰਬੈਸਡਰ ਬਣਾਇਆ ਗਿਆ ਹੈ। ਇਸ ਦਾ ਕੀ ਕੰਮ ਹੁੰਦਾ ਹੈ?
– ਇਹ ਇੱਕ ਤਰ੍ਹਾਂ ਦੀ ਵਕਾਲਤ ਹੈ। ਮੇਰੇ ਲਈ ਸਾਰੇ ਪਲੇਟਫਾਰਮਸ ‘ਤੇ ਵੱਖ-ਵੱਖ ਮੁਹਿੰਮਾਂ ਨੂੰ ਆਵਾਜ਼ ਦੇਣਾ ਹੀ ਮੁੱਖ ਕੰਮ ਹੈ। ਇਸ ‘ਚ ਲੋਕਾਂ ਨਾਲ ਸਿੱਧੇ ਜੁੜ ਕੇ ਕੰਟੈਂਟ ਤਿਆਰ ਕਰਨਾ ਸ਼ਾਮਲ ਹੈ। ਮੈਂ ਪਹਿਲਾਂ ਵੀ ਕੁਝ ਐੱਨ ਜੀ ਓਜ਼ ਅਤੇ ਸਰਕਾਰ ਨਾਲ ਕੰਮ ਕਰ ਚੁੱਕੀ ਹਾਂ। ਜਿੱਥੋਂ ਤੱਕ ਐਨਵਾਇਰਮੈਂਟ ਦੀ ਗੱਲ ਹੈ ਤਾਂ ਇਹ ਕੋਈ ਸੂਖਮ ਧਾਰਨਾ ਨਹੀਂ ਹੈ, ਜਿਸ ਦਾ ਸਾਡੇ ਜੀਵਨ ਵਿੱਚ ਕੋਈ ਪ੍ਰਭਾਵ ਨਹੀਂ ਹੁੰਦਾ। ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਜੋ ਖਾਣਾ ਅਸੀਂ ਖਾਂਦੇ ਹਾਂ, ਜੋ ਪਾਣੀ ਅਸੀਂ ਪੀਂਦੇ ਹਾਂ, ਉਹ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੈ ਅਤੇ ਸਾਡੀ ਸਿਹਤ ‘ਤੇ ਬੁਰਾ ਅਸਰ ਪਾਉਂਦਾ ਹੈ। ਸਾਨੂੰ ਆਪਣੇ ਦੇਸ਼ ਵਿੱਚ ਈਕੋਲਾਜਿਕਲ ਬੈਲੇਂਸ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੀ ਸਿਹਤ ਚੰਗੀ ਰਹਿ ਸਕੇ।
* ਵਾਤਾਵਰਣ ਇੱਕ ਮੁੱਦਾ ਹੈ। ਕੀ ਤੁਸੀਂ ਖਾਸ ਇਲਾਕਿਆਂ ‘ਤੇ ਧਿਆਨ ਕੇਂਦਰਿਤ ਕਰੋਗੇ?
– ਜੇ ਮੈਂ ਸਿਹਤ, ਈਕੋਲਾਜੀ ਅਤੇ ਇਕਾਨੋਮੀ ਦੇ ਇੱਕ ਦੂਜੇ ਨਾਲ ਬੁਨਿਆਦੀ ਸੰਬੰਧ ਨੂੰ ਸਮਝ ਲਿਆ ਤਾਂ ਮੈਂ ਸਮਝਾਂਗੀ ਕਿ ਮੈਂ ਬਹਤ ਕੁਝ ਪ੍ਰਾਪਤ ਕਰ ਲਿਆ ਹੈ। ਸਾਨੂੰ ਪਤਾ ਹੈ ਕਿ ਪੈਸੇ ਨਾਲ ਦੁਨੀਆ ਚੱਲਦੀ ਹੈ, ਜੇ ਅਸੀਂ ਵਾਤਾਵਰਣ ਦਾ ਖਿਆਲ ਨਹੀਂ ਰੱਖਾਂਗੇ ਤਾਂ ਇਸ ਨਾਲ ਸਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪਏਗਾ ਅਤੇ ਲੋਕ ਬਿਮਾਰ ਹੋਣਗੇ, ਕੰਮ ਨਹੀਂ ਕਰ ਸਕਣਗੇ ਅਤੇ ਆਰਥਿਕਤਾ ‘ਤੇ ਇਸ ਦਾ ਅਸਰ ਪਏਗਾ। ਇਸ ਸਾਲ ਭਾਰਤ ਵਰਲਡ ਐਨਵਾਇਰਮੈਂਟ ਡੇ ਵਾਲੇ ਸਮਾਰੋਹਾਂ ਦੀ ਮੇਜ਼ਬਾਨੀ ਕਰੇਗਾ, ਇਸ ਲਈ ਅਸੀਂ ਵੇਸਟ ਮੈਨੇਜਮੈਂਟ ਦੇ ਖੇਤਰ ਵਿੱਚ ਖਾਸ ਤੌਰ ‘ਤੇ ਧਿਆਨ ਕੇਂਦਰਿਤ ਕਰਾਂਗੇ।
* ਤੁਸੀਂ ਵਾਤਾਵਰਣ ਦੇ ਸੰਬੰਧ ‘ਚ ਆਵਾਜ਼ ਉਠਾਉਣ ਦਾ ਫੈਸਲਾ ਕਦੋਂ ਲਿਆ ਸੀ?
– ਮੈਂ ਐੱਨ ਡੀ ਟੀ ਵੀ ਦੇ ਪੱਤਰਕਾਰ ਵਿਕਰਮ ਚੰਦਰਾ ਨੂੰ ਮਿਲੀ ਸੀ ਅਤੇ ਉਨ੍ਹਾਂ ਨੇ ਚੌਗਿਰਦੇ ਪ੍ਰਤੀ ਮੇਰੇ ਅੰਦਰ ਪਿਆਰ ਦੇਖਿਆ ਸੀ। ਉਨ੍ਹਾਂ ਨੇ ਮੈਨੂੰ 2009 ਵਿੱਚ ਪਹਿਲੀ ਗ੍ਰੀਨਾਥਨ ਲਈ ਸੱਦਾ ਦਿੱਤਾ। ਉਸੇ ਸਮੇਂ ਮੈਂ ਚੌਗਿਦਾ ਸੁਰੱਖਿਆ ਨਾਲ ਜੁੜ ਗਈ ਸੀ। ਮੈਂ ਮੰਨੇ-ਪ੍ਰਮੰਨੇ ਚੌਗਿਰਦਾ ਵਿਦਵਾਨ ਬਿੱਟੂ ਸਹਿਗਲ ਨਾਲ ਰਲ ਕੇ ਸੈਂਕਚੁਅਰੀ ਫਾਊਂਡੇਸ਼ਨ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਸਾਡੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਆਰਥਿਕਤਾ ਦੇ ਵਿਕਾਸ ਬਾਰੇ ਤਾਂ ਜਾਗਰੂਕ ਕਰ ਰਹੇ ਹਾਂ, ਪਰ ਆਪਣੇ ਬੱਚਿਆਂ ਨੂੰ ਸਿਖਾਉਣਾ ਭੁੱਲ ਗਏ ਹਾਂ ਕਿ ਉਹ ਆਪਣੇ ਗ੍ਰਹਿ ਦਾ ਖਿਆਲ ਰੱਖਣ ਤਾਂ ਕਿ ਜੀਵਨ ਨੂੰ ਸੁਰੱਖਿਅਤ ਰੱਖ ਸਕੀਏ। ਪੂਰੇ ਦੇਸ਼ ਵਿੱਚ ਲੋੜੀਂਦੀਆਂ ਸਰਕਾਰੀ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਵਾਤਾਵਰਣ ਅਤੇ ਸਾਡੀ ਜ਼ਿੰਦਗੀ ਦਾ ਸਿੱਧਾ ਸੰਬੰਧ ਹੈ। ਵਾਤਾਵਰਣ ਲਈ ਅਸੀਂ ਜੋ ਵੀ ਕਰਾਂਗੇ ਉਸ ਦਾ ਭਵਿੱਖ ਵਿੱਚ ਸਾਡੇ ‘ਤੇ ਅਸਰ ਪਵੇਗਾ। ਜੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕੂੜਾ-ਕਰਕਟ ਨਾ ਫੈਲਾਉਣ ਅਤੇ ਬਹੁਤ ਜ਼ਿਆਦਾ ਪਲਾਸਟਿਕ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕਰਦੇ ਹਨ ਤਾਂ ਇਸ ਨਾਲ ਬਹੁਤ ਵੱਡਾ ਅਸਰ ਪਏਗਾ ਤੇ ਭਵਿੱਖ ਵਿੱਚ ਬੱਚੇ ਘੱਟ ਬੀਮਾਰ ਪੈਣਗੇ। ਅਸੀਂ ਤਬਦੀਲੀ ਦੀ ਉਡੀਕ ਨਹੀਂ ਕਰ ਸਕਦੇ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।
* ਤੁਸੀਂ ਆਪਣੀ ਜ਼ਿੰਦਗੀ ‘ਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਕੀਤੀਆਂ ਹਨ?
– ਰੋਜ਼ਾਨਾ ਆਧਾਰ ‘ਤੇ ਤਬਦੀਲੀ ਲਈ ਵੱਖ-ਵੱਖ ਚੀਜ਼ਾਂ ਦੀ ਮੈਂ ਖੋਜ ਕਰਦੀ ਹਾਂ। ਅਸੀਂ ਆਪਣੇ ਘਰ ਵਿੱਚ ਪਾਣੀ ਲਈ ਪਲਾਸਟਿਕ ਦੀਆਂ ਬੋਤਲਾਂ ਨਹੀਂ ਰੱਖਦੇ। ਮੈਂ ਬੋਤਲਬੰਦ ਪਾਣੀ ਬਿਲਕੁਲ ਨਹੀਂ ਪੀਂਦੀ। ਮੇਰੇ ਘਰ ਵਿੱਚ ਪਲਾਸਟਿਕ ਬੈਗ ਵੀ ਨਹੀਂ ਹੁੰਦੇ। ਮੈਂ ਕੌਫੀ ਜਾਂ ਕੋਈ ਹੋਰ ਪੀਣ ਵਾਲੇ ਪਾਣੀ ਲਈ ਸਟ੍ਰਾਅ ਦੀ ਵਰਤੋਂ ਨਹੀਂ ਕਰਦੀ। ਜੇ ਕੋਈ ਸਾਡੇ ਘਰ ਕਿਸੇ ਚੀਜ਼ ਨੂੰ ਪਲਾਸਟਿਕ ਨਾਲ ਡਿਲੀਵਰ ਕਰਦਾ ਹੈ ਤਾਂ ਅਸੀਂ ਪਲਾਸਟਿਕ ਵੱਖ ਕਰ ਦਿੰਦੇ ਹਾਂ। ਮੈਂ ਆਰਗੈਨਿਕ ਸਾਬਣਾਂ ਦੀ ਬਜਾਏ ਲਿਕੁਇਡ ਸਾਬਣ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਆਰਗੈਨਿਕ ਸਾਬਣ ਪਲਾਸਟਿਕ ‘ਚ ਲਿਪਟੇ ਹੁੰਦੇ ਹਨ। ਅਸੀਂ ਪਾਣੀ ਨੂੰ ਵੇਸਟ ਨਹੀਂ ਹੋਣ ਦਿੰਦੇ। ਅਸੀਂ ਗੱਡੀ ਧੋਣ ਲਈ ਇੱਕ ਬਾਲਟੀ ਤੋਂ ਵੱਧ ਪਾਣੀ ਦਾ ਇਸਤੇਮਾਲ ਨਹੀਂ ਕਰਦੇ। ਮੈਂ ਪਲਾਸਟਿਕ ਦੀ ਬਜਾਏ ਬਾਂਸ ਦਾ ਬਣਿਆ ਟੁਥਬਰੱਸ਼ ਇਸਤੇਮਾਲ ਕਰਦੀ ਹਾਂ।
* ਰਾਜੂ ਹਿਰਾਨੀ ਦੀ ਫਿਲਮ ‘ਸੰਜੂ’ ਬਾਰੇ ਦੱਸੋ?
– ਵਿਧੂ ਵਿਨੋਦ ਚੋਪੜਾ ਵੱਲੋਂ ਬਣਾਈ ਗਈ ‘ਸੰਜੂ’ ਵਿੱਚ ਮੈਂ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਦਾ ਕਿਰਦਾਰ ਨਿਭਾ ਰਹੀ ਹਾਂ। ਇਹ ਫਿਲਮ ਮੇਰੇ ਲਈ ਬਹੁਤ ਹੀ ਖਾਸ ਹੈ ਅਤੇ ਮੈਨੂੰ ਆਸ ਹੈ ਕਿ ਇਸ ਨੂੰ ਬਹੁਤ ਪਸੰਦ ਕਰਨਗੇ।