ਸਾਨੂੰ ਕੌਣ ਸਿਖਾਉਂਦੈ ਆਪਸ ਵਿੱਚ ਵੈਰ ਰੱਖਣਾ

-ਕਸ਼ਮਾ ਸ਼ਰਮਾ
ਲਗਭਗ ਇੱਕੋ ਜਿਹੀਆਂ ਦੋ ਘਟਨਾਵਾਂ ਇੱਕੋ ਦਿਨ ਵਾਪਰੀਆਂ। ਇੱਕ ਕਰਨਾਟਕ ਦੇ ਮੰਗਲੌਰ ਵਿੱਚ ਤਾਂ ਦੂਜੀ ਉੱਤਰ ਪ੍ਰਦੇਸ਼ ਦੇ ਧੌਲਾਨਾ ਕਸਬੇ ਵਿੱਚ ਹੈ। ਮੰਗਲੌਰ ਤੋਂ ਚਾਲੀ ਕਿਲੋਮੀਟਰ ਦੂਰ ਇੱਕ ਕਸਬੇ ਵਿੱਚ ਰਾਧਾ ਕ੍ਰਿਸ਼ਨ ਨਾਮੀ ਵਿਅਕਤੀ ਨੇ ਹਨੀਫ ਨਾਂਅ ਦੇ ਪਸ਼ੂ ਵਪਾਰੀ ਨੂੰ ਇੱਕ ਕੁੜੀ ਨੂੰ ਤੰਗ ਕਰਦਿਆਂ ਦੇਖਿਆ ਤਾਂ ਉਸ ਨੇ ਹਨੀਫ ਨੂੰ ਅਜਿਹਾ ਕਰਨ ਤੋਂ ਰੋਕਿਆ। ਦੋਵਾਂ ਦਾ ਝਗੜਾ ਹੋਣ ਲੱਗਾ। ਰਾਧਾ ਕ੍ਰਿਸ਼ਨ ਨੇ ਹਨੀਫ ਨੂੰ ਥੱਪੜ ਮਾਰ ਦਿੱਤਾ ਤਾਂ ਹਨੀਫ ਜਾ ਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸੱਦ ਲਿਆਇਆ। ਮਾਰ-ਕੁਟਾਈ ਹੋਈ, ਦੁਕਾਨਾਂ ਬੰਦ ਕਰਵਾਈਆਂ ਗਈਆਂ। ਪੁਲਸ ਨੇ ਆ ਕੇ ਝਗੜਾ ਰੋਕਿਆ, ਪਰ ਗੱਲ ਇੰਨੀ ਵੱਧ ਗਈ ਕਿ ਅਜੇ ਵੀ ਪੁਲਸ ਉਥੇ ਤੈਨਾਤ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਜੇ ਕੋਈ ਕਿਸੇ ਕੁੜੀ ਨੂੰ ਛੇੜੇ, ਤੰਗ ਕਰੇ ਤਾਂ ਲੋਕਾਂ ਨੂੰ ਚੁੱਪ ਕਰ ਕੇ ਦੇਖਦੇ ਨਹੀਂ ਰਹਿਣਾ ਚਾਹੀਦਾ, ਛੇੜਨ ਵਾਲਿਆਂ ਨੂੰ ਰੋਕਣਾ ਚਾਹੀਦਾ ਹੈ, ਪਰ ਰੋਕਣ ‘ਤੇ ਹੁੰਦਾ ਕੀ ਹੈ? ਜੇ ਛੇੜਨ ਵਾਲਾ ਤੇ ਰੋਕਣ ਵਾਲਾ ਦੋ ਵੱਖ-ਵੱਖ ਭਾਈਚਾਰਿਆਂ ਦੇ ਹੋਣ ਤਾਂ ਦੰਗਿਆਂ ਵਾਲੀ ਸਥਿਤੀ ਬਣਨ ਵਿੱਚ ਬਹੁਤੀ ਦੇਰ ਨਹੀਂ ਲੱਗਦੀ। ਕੁਝ ਸਾਲ ਪਹਿਲਾਂ ਮੁਜ਼ੱਫਰਨਗਰ ਵਿੱਚ ਇਹੋ ਜਿਹੀ ਇੱਕ ਘਟਨਾ ਨੇ ਭਿਆਨਕ ਦੰਗਿਆਂ ਦਾ ਰੂਪ ਧਾਰ ਲਿਆ ਸੀ, ਜਿਸ ਦਾ ਖਮਿਆਜ਼ਾ ਲੋਕ ਅੱਜ ਤੱਕ ਭੁਗਤ ਰਹੇ ਹਨ।
ਅਜਿਹੇ ਇੱਕ ਘਟਨਾ ਯੂ ਪੀ ਦੇ ਧੌਲਾਨਾ ਕਸਬੇ ਵਿੱਚ ਵਾਪਰੀ। ਉਥੇ ਅੰਕਿਤ ਨਾਂਅ ਦਾ ਲੜਕਾ ਆਪਣੇ ਮੋਟਰ ਸਾਈਕਲ ‘ਤੇ ਜਾ ਰਿਹਾ ਸੀ, ਜੋ ਆਸਿਫ ਨਾਂਅ ਦੇ ਇੱਕ ਵਿਅਕਤੀ ਨਾਲ ਛੂਹ ਗਿਆ। ਇਸੇ ਗੱਲ ‘ਤੇ ਦੋਵਾਂ ਦੀ ਬਹਿਸ ਹੋ ਗਈ ਤੇ ਆਸਿਫ ਨੇ ਅੰਕਿਤ ਨੂੰ ਕੁੱਟ ਦਿੱਤਾ। ਇਸ ਤੋਂ ਨਾਰਾਜ਼ ਅੰਕਿਤ ਵੀ ਜਾ ਕੇ ਆਪਣੇ ਭਾਈਚਾਰੇ ਦੇ ਬੰਦਿਆਂ ਨੂੰ ਬੁਲਾ ਲਿਆਇਆ ਤੇ ਮਾਰ ਕੁਟਾਈ ਹੋਣ ਲੱਗੀ। ਉਥੇ ਦੋਵਾਂ ਭਾਈਚਾਰਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਪੁਲਸ ਨੇ ਆ ਕੇ ਜਿਵੇਂ ਕਿਵੇਂ ਸਥਿਤੀ ਨੂੰ ਕਾਬੂ ਕੀਤਾ, ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ।
ਇਹ ਦੋਵੇਂ ਘਟਨਾਵਾਂ ਇੱਕੋ ਦਿਨ ਵਾਪਰੀਆਂ। ਅੱਜਕੱਲ੍ਹ ਅਕਸਰ ਮਾਮੂਲੀ ਗੱਲ ‘ਤੇ ਲੋਕਾਂ ਦੀ ਜਾਨ ਲੈਣ ਤੱਕ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜੇ ਲੜਾਈ ਝਗੜਾ ਦੋ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਾਲੇ ਹੋਵੇ ਤਾਂ ਉਸ ਨੂੰ ਮਾਮੂਲੀ ਲੜਾਈ ਦੀ ਬਜਾਏ ਫਿਰਕੂ ਦੰਗਾ ਬਣਾ ਦਿੱਤਾ ਜਾਂਦਾ ਹੈ, ਜਿਸ ‘ਚ ਵੱਖ ਵੱਖ ਤਰ੍ਹਾਂ ਦੇ ਲੁਕੇ ਸਵਾਰਥੀ ਲੋਕ ਆਪਣੀਆਂ ਰੋਟੀਆਂ ਸੇਕਣ ਲੱਗਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਝਗੜਾ ਕਿਸੇ ਤਰ੍ਹਾਂ ਹੋਰ ਵਧ ਜਾਵੇ।
ਆਖਰ ਸਾਡੇ ਸਮਾਜ ਨੂੰ ਕੀ ਹੋ ਗਿਆ ਹੈ? ਇੰਨੀ ਹਿੰਸਾ ਕਿਵੇਂ ਵਧ ਗਈ। ਕੀ ਇਸੇ ਨੂੰ ਅਸੀਂ ਤਰੱਕੀ ਕਹਿੰਦੇ ਹਾਂ? ਬੁੱਢੇ, ਜਵਾਨ, ਔਰਤਾਂ, ਬੱਚੇ ਸਭ ਆਏ ਦਿਨ ਹਿੰਸਾ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਅਸੀਂ ਸੁਭਾਅ ਤੋਂ ਹੀ ਹਿੰਸਕ ਹਾਂ ਜਾਂ ਜਾਣਬੁੱਝ ਕੇ ਸਾਡੀ ਹਿੰਸਾ ਨੂੰ ਵਧਾਇਆ ਜਾ ਰਿਹਾ ਹੈ?
ਮੈਂ ਆਪਣੇ ਬਚਪਨ ਦੇ ਦਿਨਾਂ ਨੂੰ ਚੇਤੇ ਕਰਦੀ ਹਾਂ ਕਿ ਜੇ ਅਸੀਂ ਖੇਤਾਂ ਨੇੜਿਓਂ ਲੰਘ ਰਹੇ ਹੁੰਦੇ ਤੇ ਉਥੇ ਕਿਸਾਨ ਕੰਮ ਕਰ ਰਹੇ ਹੁੰਦੇ ਸੀ ਤਾਂ ਉਹ ਖੇਤ ਵਿੱਚ ਲੱਗੇ ਗੰਨੇ, ਖੀਰੇ, ਤਰਾਂ ਆਦਿ ਤੋੜ ਕੇ ਸਾਨੂੰ ਹੱਥ ‘ਚ ਫੜਾਉਂਦੇ ਤੇ ਖਾਣ ਲਈ ਕਹਿੰਦੇ। ਅੱਜ ਕੀ ਹਾਲ ਹੈ? ਪਿਛਲੇ ਸਾਲ ਇੱਕ ਅੰਬ ਤੋੜਨ ‘ਤੇ ਬਾਗ ਦੇ ਮਾਲਕ ਨੇ ਇੱਕ ਬੱਚੇ ਨੂੰ ਜਾਨੋਂ ਮਾਰ ਦਿੱਤਾ ਸੀ। ਇਹੋ ਨਹੀਂ, ਅੱਜ ਮਾਸੂਮ ਬੱਚੀਆਂ ਨੂੰ ਟੌਫੀ ਜਾਂ ਚਾਕਲੇਟ ਦੇ ਬਹਾਨੇ ਲਿਜਾ ਕੇ ਉਨ੍ਹਾਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ। ਅੱਜ ਕੋਈ ਕਿਸਾਨ ਕਿਸੇ ਕੁੜੀ ਨੂੰ ਉਂਝ ਹੀ ਕੁਝ ਖਾਣ ਲਈ ਦੇਵੇ ਤਾਂ ਲੋਕ ਉਸ ਦੀ ਚੰਗੀ ਭਾਵਨਾ ਨੂੰ ਦੇਖਣ ਦੀ ਬਜਾਏ ਉਸ ਦੀ ਨੀਤ ‘ਤੇ ਸ਼ੱਕ ਕਰਨਗੇ।
ਪਿੱਛੇ ਜਿਹੇ ਦਾਭੋਲਕਰ, ਕਾਲਬੁਰਗੀ ਆਦਿ ਦੇ ਕਤਲਾਂ ਦੇ ਵਿਰੋਧ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਕਹਿ ਕੇ ਸਾਹਿਤ ਅਕਾਦਮੀ ਐਵਾਰਡ ਤੇ ਹੋਰ ਕਈ ਸਰਕਾਰੀ ਸਨਮਾਨ ਵਾਪਸ ਕਰ ਦਿੱਤੇ ਕਿ ਅਸਹਿਣਸ਼ੀਲਤਾ ਸਮਾਜ ‘ਚ ਵਧਦੀ ਜਾਂਦੀ ਹੈ। ਇਸ ਦੇ ਲਈ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਦੋਸ਼ ਦਿੱਤਾ ਸੀ। ਕੀ ਅਸਹਿਣਸ਼ੀਲਤਾ ਦਾ ਭਾਂਡਾ ਸਿਰਫ ਸਰਕਾਰਾਂ ਦੇ ਸਿਰ ਭੰਨਣਾ ਠੀਕ ਹੈ ਜਾਂ ਸਾਡੇ ਸੁਭਾਅ ਵਿੱਚ ਅਸਹਿਣਸ਼ੀਲਤਾ ਵਧ ਗਈ ਹੈ? ਆਪਣੇ ਨਾਲੋਂ ਕਮਜ਼ੋਰ ਨੂੰ ਮਾਰਨ ਕੁੱਟਣ ਤੇ ਸਤਾਉਣ ਵਿੱਚ ਕੋਈ ਪਿੱਛੇ ਨਹੀਂ ਤੇ ਇਸ ਨੂੰ ਫਿਰਕੂ ਰੰਗ ਦੇ ਕੇ ਅਪਰਾਧੀਆਂ ਨੂੰ ਅਕਸਰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਲੱਗਦਾ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਏਕਤਾ, ‘ਮਜ੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ’, ਗੰਗਾ-ਯਮੁਨੀ ਤਹਿਜ਼ੀਬ, ‘ਸਾਡੇ ਖੂਨ ਦਾ ਰੰਗ ਇੱਕ ਹੈ ਤਾਂ ਫਰਕ ਕਾਹਦਾ’ ਵਰਗੀਆਂ ਜਿੰਨੀਆਂ ਗੱਲਾਂ ਹੋਈਆਂ ਹਨ, ਓਨੀ ਹੀ ਅਸਹਿਣਸ਼ੀਲਤਾ ਵਧੀ ਹੈ। ਫਿਰ ਕੀ ਇਹ ਗੱਲਾਂ ਕਰਨਾ ਗਲਤ ਸੀ ਜਾਂ ਇਹ ਸਿਰਫ ਦਿਖਾਵਟੀ ਗੱਲਾਂ ਸਨ?
ਸਾਡੇ ਮਨ ਵਿੱਚ ਇੰਨੀ ਨਫਰਤ ਭਰੀ ਹੋਈ ਹੈ ਕਿ ਜਦੋਂ ਮੌਕਾ ਮਿਲਦਾ ਹੈ, ਅਸੀਂ ਦੂਜਿਆਂ ‘ਤੇ ਟੁੱਟ ਪੈਂਦੇ ਹਾਂ। ਕੀ ਇਹੋ ਵਿਕਾਸ ਹੈ? ਇਹੋ ਨਵੇਂ ਭਾਰਤ ਦਾ ਸੁਫਨਾ ਹੈ? ਇਸੇ ਨੂੰ 21ਵੀਂ ਸਦੀ ਕਹਿੰਦੇ ਹਾਂ, ਜਿੱਥੇ ਮੱਧਕਾਲ ਦੀਆਂ ਧਾਰਮਿਕ ਲੜਾਈਆਂ ਤੋਂ ਫੁਰਸਤ ਨਹੀਂ? ਇਨਸਾਨੀਅਤ ਦੀ ਜਗ੍ਹਾ ਧਰਮ ਕਿਸ ਤਰ੍ਹਾਂ ਨਫਰਤ ਫੈਲਾਵੇ, ਅੱਗ ਲਾਵੇ, ਇਹੋ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਅਫਸੋਸ ਹੈ ਕਿ ਅੱਗ ਲਾਉਣ ਵਿੱਚ ਸਾਡੇ ਉਹ ਨੇਤਾ ਕਦੇ ਪਿੱਛੇ ਨਹੀਂ ਰਹਿੰਦੇ, ਜਿਹੜੇ ਲੋਕਤੰਤਰ ਦਾ ਰਾਗ ਅਲਾਪ ਕੇ ਸੱਤਾ ਵਿੱਚ ਆਉਂਦੇ ਹਨ। ਉਹ ਮੌਕਾ ਮਿਲਦੇ ਸਾਰ ਆਪਣੇ ਭਾਈਚਾਰੇ ਦੇ ਲੋਕਾਂ ਦਾ ਪੱਖ ਲੈਂਦੇ ਅਤੇ ਉਨ੍ਹਾਂ ਨੂੰ ਬਦਲੇ ਲਈ ਉਕਸਾਉਂਦੇ ਦੇਖੇ ਜਾ ਸਕਦੇ ਹਨ। ਉਹ ਚਾਹੁੰਦੇ ਹਨ ਕਿ ਹਰ ਹਾਲ ਵਿੱਚ ਨਫਰਤ ਫੈਲੇ ਤੇ ਉਨ੍ਹਾਂ ਦੀਆਂ ਵੋਟਾਂ ਪੱਕੀਆਂ ਹੋਣ।
ਜਦੋਂ ਨਫਰਤ ਫੈਲਦੀ ਹੈ ਤਾਂ ਇੱਕ ਸਮਾਂ ਉਹ ਆਉਂਦਾ ਹੈ ਕਿ ਇਹ ਕਿਸੇ ਨੂੰ ਨਹੀਂ ਬਖਸ਼ਦੀ, ਸਭ ਨੂੰ ਲਪੇਟ ਵਿੱਚ ਲੈ ਲੈਂਦੀ ਹੈ। ਕੀ ਇਹ ਠੀਕ ਨਹੀਂ ਕਿ ਉਹ ਸਥਿਤੀ ਆਉਣ ਤੋਂ ਪਹਿਲਾਂ ਸਾਵਧਾਨ ਹੋ ਜਾਈਏ ਅਤੇ ਦੂਜਿਆਂ ਦੀ ਅਸਹਿਣਸ਼ੀਲਤਾ ‘ਤੇ ਉਂਗਲ ਉਠਾਉਣ ਤੋਂ ਪਹਿਲਾਂ ਖੁਦ ਦੀ ਅਸਹਿਣਸ਼ੀਲਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ।