ਸਾਨੀਆ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ: ਪ੍ਰਤੀਕ ਬੱਬਰ


ਹਾਲ ਹੀ ਵਿੱਚ ਰਿਲੀਜ਼ ਹੋਈ ‘ਬਾਗੀ 2’ ਵਿੱਚ ਲੰਬੇ ਸਮੇਂ ਬਾਅਦ ਦਿਖਾਈ ਦਿੱਤੇ ਪ੍ਰਤੀਕ ਬੱਬਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਲੇਸ਼ਨ ਉਨ੍ਹਾਂ ਦੀ ਮੰਗੇਤਰ ਸਾਨੀਆ ਸਾਗਰ ਨਾਲ ਸੰਯੋਗ ਨਾਲ ਜੁੜਿਆ ਸੀ। ਉਹ ਕਹਿੰਦੇ ਹਨ, ‘‘ਅਸੀਂ ਇੱਕ ਦੂਸਰੇ ਨੂੰ ਕਾਮਨ ਫ੍ਰੈਂਡ ਦੇ ਰਾਹੀਂ ਅੱਠ ਸਾਲ ਤੋਂ ਜਾਣਦੇ ਹਾਂ। ਉਹ ਚਾਰ ਸਾਲ ਲੰਡਨ ਵਿੱਚ ਰਹੀ ਅਤੇ ਫਿਰ ਭਾਰਤ ਮੁੜ ਆਈ। ਅਸੀਂ ਇੱਕ ਦਿਨ ਮਿਲੇ ਤੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਫਿਰ ਅਸੀਂ ਇੱਕ ਦੂਸਰੇ ਨੂੰ ਜਾਨਣ ਲੱਗੇ। ਸਾਡੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਾਮਨ ਨਿਕਲੀਆਂ ਤੇ ਕੁਝ ਸਮੇਂ ਬਾਅਦ ਸਾਨੂੰ ਇੱਕ ਦੂਸਰੇ ਦਾ ਸਾਥ ਚੰਗਾ ਲੱਗਣ ਲੱਗਾ।”
ਇੱਕ ਸਮੇਂ ਡਰੱਗ ਐਡਿਕਟ ਰਹਿ ਚੁੱਕੇ ਪ੍ਰਤੀਕ ਕਹਿੰਦੇ ਹਨ, ‘ਸਾਨੀਆ ਦੇ ਆਉਣ ਨਾਲ ਮੇਰੀ ਜ਼ਿੰਦਗੀ ਬਦਲ ਗਈ ਹੈ। ਇਹ ਮੇਰੀ ਜ਼ਿੰਦਗੀ ਦਾ ਖੂਬਸੂਰਤ ਪਹਿਲੂ ਹੈ। ਸਾਨੀਆ ਨੇ ਮੇਰੀ ਜ਼ਿੰਦਗੀ ਵਿੱਚ ਉਜਾਲਾ ਭਰ ਦਿੱਤਾ ਹੈ। ਉਸ ਦਾ ਮੇਰੀ ਜ਼ਿੰਦਗੀ ਵਿੱਚ ਆਉਣਾ ਇੱਕ ਖੂਬਸੂਰਤ ਲਮਹੇਂ ਵਾਂਗ ਹੈ। ਉਹ ਮੇਰੀ ਹਿੰਮਤ ਹੈ ਅਤੇ ਮੈਂ ਜਲਦੀ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇੱਕ ਦੋ ਪ੍ਰੋਜੈਕਟ ਕੰਪਲੀਟ ਕਰ ਲੈਣ ਪਿੱਛੋਂ ਅਸੀਂ ਵਿਆਹ ਦੀ ਪਲਾਨਿੰਗ ਸ਼ੁਰੂ ਕਰਾਂਗੇ।”
ਇਨ੍ਹੀਂ ਦਿਨੀਂ ਲਖਨਊ ਵਿੱਚ ਅਨੁਭਵ ਸਿਨਹਾ ਦੀ ਫਿਲਮ ‘ਅਭੀ ਤੋ ਪਾਰਟੀ ਸ਼ੁਰੂ ਹੂਈ ਹੈ’ ਦੀ ਸ਼ੂਟਿੰਗ ਕਰ ਰਹੇ ਪ੍ਰਤੀਕ ਦੇ ਸੱਜੇ ਹੱਥ ‘ਤੇ ਟਾਈਗਰ ਸਟਿ੍ਰਪਸ ਦਾ ਟੈਟੂ ਬਣਿਆ ਹੋਇਆ ਹੈ। ਇਸ ਟੈਟੂ ਦੇ ਬਾਰੇ ਉਹ ਦੱਸਦੇ ਹਨ, ‘‘ਇਸ ਡਿਜ਼ਾਈਨ ਨੂੰ ਲੱਭਣ ਵਿੱਚ ਮੈਨੂੰ ਪੰਜ ਸਾਲ ਲੱਗੇ ਸਨ, ਪਰ ਮੈਂ ਇਸ ਨੂੰ ਛੁਪਾਉਣਾ ਜਾਂ ਮਿਟਾਉਣਾ ਚਾਹੁੰਦਾ ਹਾਂ। ਇਹ ਮੈਂ ਆਪਣੀ ਐਕਸ ਗਰਲਫਰੈਂਡ ਦੇ ਲਈ ਬਣਵਾਇਆ ਸੀ। ਮੈਂ ਇਸ ਨੂੰ ਜਲਦੀ ਚੇਂਜ ਕਰਵਾ ਲਵਾਂਗਾ।”
ਆਪਣੀ ਸਾਬਕਾ ਗਰਲਫ੍ਰੈਂਡ ਨੂੰ ਭੁੱਲਣ ਵਿੱਚ ਕਿੰਨਾ ਸਮਾਂ ਲੱਗਾ? ਇਸ ਬਾਰੇ ਪ੍ਰਤੀਕ ਕਹਿੰਦੇ ਹਨ, ‘‘ਮੈਨੂੰ ਥੋੜ੍ਹਾ ਸਮਾਂ ਲੱਗਾ ਇਸ ‘ਚੋਂ ਬਾਹਰ ਨਿਕਲਣ ਵਿੱਚ। ਉਸ ਰਿਸ਼ਤੇ ਦੇ ਟੁੱਟਣ ਦੇ ਬਾਅਦ ਮੈਂ ਲੰਬੇ ਸਮੇਂ ਤੱਕ ਇਕੱਲਾ ਅਤੇ ਸ਼ਾਂਤ ਰਿਹਾ। ਸ਼ਾਇਦ ਇਸ ਦੇ ਕਾਰਨ ਮੈਨੂੰ ਨਸ਼ੇ ਦੀ ਲਤ ਲੱਗ ਗਈ ਸੀ।” ਪ੍ਰਤੀਕ ਇਨ੍ਹੀਂ ਦਿਨੀਂ ‘ਅਭੀ ਤੋ ਪਾਰਟੀ ਸ਼ੁਰੂ ਹੂਈ ਹੈ’ ਦੀ ਟੀਮ ਨਾਲ ਕਾਫੀ ਸਮਾਂ ਬਿਤਾ ਰਹੇ ਹਨ। ਆਪਣੀ ਸਹਿ-ਅਭਿਨੇਤਰੀ ਸ਼੍ਰਿਆ ਪਿਲਗਾਂਵਕਰ ਦੀ ਤਾਰੀਫ ਵਿੱਚ ਉਹ ਕਹਿੰਦੇ ਹਨ, ‘‘ਸ਼੍ਰਿਆ ਖੂਬਸੂਰਤ ਹੈ। ਮੇਰੀ ਅਤੇ ਉਨ੍ਹਾਂ ਦੀ ਚੰਗੀ ਬਾਂਡਿੰਗ ਹੈ। ਮੈਂ ਉਨ੍ਹਾਂ ਨੂੰ ਮਰਾਠੀ ਫਿਲਮਾਂ ਦੇ ਜ਼ਰੀਏ ਜਾਣਦਾ ਹਾਂ। ਅਸੀਂ ਇਕੱਠੇ ਇੱਕ ਮਰਾਠੀ ਫਿਲਮ ਵਿੱਚ ਕੰਮ ਕੀਤਾ ਹੈ।”
ਇਸ ਫਿਲਮ ਦੇ ਇਲਾਵਾ ਪ੍ਰਤੀਕ ਦੇ ਕੋਲ ਅਨੁਭਵ ਸਿਨਹਾ ਨਾਲ ਇੱਕ ਹੋਰ ਫਿਲਮ ‘ਮੁਲਕ’ ਹੈ। ਇਸ ਫਿਲਮ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ, ‘ਮੁਲਕ’ ਫਿਰਕੂ ਮੁੱਦੇ ‘ਤੇ ਆਧਾਰਤ ਫਿਲਮ ਹੈ, ਜਿਸ ਵਿੱਚ ਤਾਪਸੀ ਪੰਨੂ, ਰਿਸ਼ੀ ਕਪੂਰ, ਨੀਨਾ ਗੁਪਤਾ ਆਦਿ ਕੰਮ ਕਰ ਰਹੇ ਹਨ। ਇਹ ਇੱਕ ਮੱਧਮ ਵਰਗ ਦੇ ਮੁਸਲਿਮ ਪਰਵਾਰ ਦੀ ਕਹਾਣੀ ਹੈ, ਜੋ ਆਪਣੇ ਜ਼ਿੰਦਗੀ ਵਿੱਚ ਖੁਸ਼ ਹੈ, ਪਰ ਫਿਰ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉਨ੍ਹਾਂ ਦਾ ਸਭ ਕੁਝ ਦਾਅ ‘ਤੇ ਲੱਗ ਜਾਂਦਾ ਹੈ।