ਸਾਧੂਆਂ ਨੂੰ ਨਿਪੰੁਸਕ ਕਰਨ ਦੇ ਕੇਸ ਵਿੱਚ ਰਾਮ ਰਹੀਮ ਤੇ ਡਾਕਟਰਾਂ ਦੇ ਖਿਲਾਫ ਸੰਮਨ ਜਾਰੀ


ਪੰਚਕੂਲਾ, 13 ਫਰਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਵਿੱਚ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਕੇਸ ‘ਚ ਕੱਲ੍ਹ ਪੰਚਕੂਲਾ ਵਿੱਚ ਹਰਿਆਣਾ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ ‘ਚ ਸੁਣਵਾਈ ਹੋਈ। ਇਸ ਮੌਕੇ ਅਦਾਲਤ ਵੱਲੋਂ ਰਾਮ ਰਹੀਮ, ਡਾਕਟਰ ਪੰਕਜ ਗਰਗ ਤੇ ਡਾਕਟਰ ਮੋਹਿੰਦਰ ਖਿਲਾਫ ਸੰਮਨ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ 28 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸਿਰਸਾ ਡੇਰੇ ਦਾ ਮੁਖੀ ਰਾਮ ਰਹੀਮ ਸਿੰਘ ਤੇ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਦੋਸ਼ ਵਿੱਚ ਉਸ ਦਾ ਚੇਲਾ ਡਾਕਟਰ ਮੋਹਿੰਦਰ ਇੰਸਾਂ ਇਸ ਵੇਲੇ ਜੇਲ੍ਹ ਵਿੱਚ ਹਨ, ਜਦੋਂ ਕਿ ਡਾਕਟਰ ਪੰਕਜ ਗਰਗ ਦੀ ਹਾਲੇ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਕੇਸ ਦੀ ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ ਅਤੇ ਇਸ ਦੌਰਾਨ ਰਾਮ ਰਹੀਮ ਸਿੰਘ ਅਤੇ ਡਾਕਟਰ ਮੋਹਿੰਦਰ ਇੰਸਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਖਿਲਾਫ ਸੀ ਬੀ ਆਈ ਨੇ ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਦੋਸ਼ ਵਿੱਚ ਪੰਚਕੂਲਾ ਵਿੱਚ ਸੀ ਬੀ ਆਈ ਦੇ ਸਪੈਸ਼ਲ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਇਕ ਫਰਵਰੀ ਨੂੰ ਰਾਮ ਰਹੀਮ ਦੇ ਨਾਲ ਦੋ ਡਾਕਟਰਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਅਤੇ ਪੰਜ ਫਰਵਰੀ ਨੂੰ ਸੀ ਬੀ ਆਈ ਨੇ ਮਾਮਲੇ ਨਾਲ ਸਬੰਧਤ ਬਾਕੀ ਦੇ ਕਾਗਜ਼ ਅਦਾਲਤ ਵਿੱਚ ਪੇਸ਼ ਕਰ ਦਿੱਤੇ ਸਨ।
ਸਾਧੂਆਂ ਦੀ ਸ਼ਿਕਾਇਤ ਉਤੇ ਨਪੁੰਸਕ ਬਣਾਏ ਜਾਣ ਦੇ ਕੇਸ ਦੀ ਜਾਂਚ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਹੈ। ਇਸ ਦੋਸ਼ ਹੇਠ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤਹਿਤ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸੀ ਬੀ ਆਈ ਨੇ ਰਾਮ ਰਹੀਮ ਅਤੇ ਦੋ ਡਾਕਟਰਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਦੂਸਰੇ ਪਾਸੇ 25 ਅਗਸਤ ਨੂੰ ਹੋਈ ਹਿੰਸਾ ਦੇ ਦੋਸ਼ ਵਿੱਚ ਵਿਸ਼ੇਸ਼ ਜਾਂਚ ਟੀਮ ਰਾਮ ਰਹੀਮ ਤੋਂ ਜਾਂਚ ਕਰੇਗੀ, ਕਿਉਂਕਿ ਪੁਲਸ ਦਾ ਮੰਨਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਕਿ ਰਾਮ ਰਹੀਮ ਨੂੰ ਇਸ ਮਾਮਲੇ ਦੀ ਜਾਣਕਾਰੀ ਨਾ ਹੋਵੇ। ਇਸ ਤੋਂ ਇਲਾਵਾ ਰਾਮ ਰਹੀਮ ਦੇ ਖਿਲਾਫ ਡੇਰਾ ਪ੍ਰਬੰਧਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋ ਮਾਮਲੇ ਵੀ ਸੀ ਬੀ ਆਈ ਅਦਾਲਤ ਵਿੱਚ ਚੱਲ ਰਹੇ ਹਨ।