ਸਾਧਾਂ-ਸੰਤਾਂ ਦੇ ਮਾੜੇ ਦਿਨਾਂ ਵਿੱਚ ਅਗਲਾ ਨੰਬਰ ਰਾਮਦੇਵ ਦਾ ਹੋਣ ਦੇ ਚਰਚੇ


* ਇੱਕ ਮਹਿਲਾ ਪੱਤਰਕਾਰ ਵੱਲੋਂ ਰਾਮਦੇਵ ਦੇ ਕਾਲੇ ਰਾਜ਼ ਖੋਲ੍ਹਣ ਦਾ ਦਾਅਵਾ
ਨਵੀਂ ਦਿੱਲੀ, 8 ਨਵੰਬਰ, (ਪੋਸਟ ਬਿਊਰੋ)- ਹਰ ਸਫਲ ਕਹਾਣੀ ਪਿੱਛੇ ਕੋਈ ਕਾਲਾ ਅਤੀਤ ਦੇ ਲੁਕੇ ਹੋਣ ਦੀ ਕਹਾਵਤ ਵਾਂਗ ਬਾਬਾ ਰਾਮਦੇਵ ਦੀ ਕਹਾਣੀ ਵੀ ਹੁਣ ਕਸਵੱਟੀ ਉੱਤੇ ਪਰਖੀ ਜਾਣ ਲੱਗੀ ਹੈ। ਇੱਕ ਮਹਿਲਾ ਪੱਤਰਕਾਰ ਨੇ ਆਪਣੀ ਕਿਤਾਬ ਵਿੱਚ ਰਾਮਦੇਵ ਦੇ ਬੀਤੇ ਸਮੇਂ ਬਾਰੇ ਬੜੇ ਹੈਰਾਨੀ ਵਾਲੇ ਖੁਲਾਸੇ ਕੀਤੇ ਹਨ। ਕਿਤਾਬ ਦੀ ਚਰਚਾ ਇੰਨੀ ਵਧ ਗਈ ਹੈ ਕਿ ਇਸ ਦੀ ਵਿਕਰੀ ਰੋਕਣ ਲਈ ਰਾਮਦੇਵ ਅਦਾਲਤ ਪਹੁੰਚ ਗਿਆ ਹੈ। ਕਿਤਾਬ ਦਾ ਨਾਂਅ ‘ਗੌਡਮੈਨ ਟੂ ਟਾਈਕੂਨ: ਦ ਅਨਟੋਲਡ ਸਟੋਰੀ ਆਫ਼ ਬਾਬਾ ਰਾਮਦੇਵ ਬਾਏ ਜਰਨਲਿਸਟ ਪ੍ਰਿਯੰਕਾ ਪਾਠਕ ਨਾਰਾਇਣ’ ਦੱਸਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਿਯੰਕਾ ਨਾਰਾਇਣ ਨੇ ਲਿਖਿਆ ਹੈ ਕਿ ਕਿਤਾਬ ਲਈ ਕੰਮ ਕਰਦੇ ਹੋਏ ਉਸ ਨੂੰ ਇਹ ਅਹਿਸਾਸ ਹੋਇਆ ਕਿ ਰਾਮਦੇਵ ਦੇ ਫਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਵਿੱਚ ਰਹੱਸਮਈ ਘਟਨਾਵਾਂ ਉਸ ਦੇ ਨਾਲ ਲਗਾਤਾਰ ਚੱਲ ਰਹੀਆਂ ਹਨ ਅਤੇ ਇਨ੍ਹਾਂ ਦਾ ਉਸ ਦੀ ਸਫਲਤਾ ਨਾਲ ਕੋਈ ਠੋਸ ਸੰਬੰਧ ਹੈ। ਪ੍ਰਿਯੰਕਾ ਦਾ ਦਾਅਵਾ ਹੈ ਕਿ ਰਾਮਦੇਵ ਨੇ ਜਿਸ ਤੋਂ ਵੀ ਕੋਈ ਚੀਜ਼ ਹਾਸਲ ਕੀਤੀ, ਭਾਵੇਂ ਉਹ ਦੁਨਿਆਵੀ ਵਸਤੂ ਹੋਵੇ ਜਾਂ ਚਾਹੇ ਗਿਆਨ, ਹਰ ਅਜਿਹਾ ਵਿਅਕਤੀ ਭੇਦ ਭਰੇ ਤਰੀਕੇ ਨਾਲ ਗਾਇਬ ਹੁੰਦਾ ਗਿਆ। ਉਸ ਨੇ ਅਜਿਹੀਆਂ ਕਈ ਮਿਸਾਲਾਂ ਅਤੇ ਸ਼ਖਸੀਅਤਾਂ ਦਾ ਜਿ਼ਕਰ ਕੀਤਾ ਹੈ, ਜਿਹੜੀਆਂ ਉਸ ਦੇ ਦਾਅਵੇ ਨੂੰ ਸੱਚਾ ਸਾਬਤ ਕਰ ਸਕਦੀਆਂ ਹਨ।
ਕਿਤਾਬ ਵਿੱਚ ਪ੍ਰਿਯੰਕਾ ਨੇ ਸਭ ਤੋਂ ਪਹਿਲੀ ਮਿਸਾਲ ਸਵਾਮੀ ਸ਼ੰਕਰ ਦੇਵ ਦੀ ਦਿੱਤੀ ਹੈ, ਜਿਹੜਾ ਰਾਮਦੇਵ ਦਾ ਗੁਰੂ ਸੀ ਤੇ ਅਚਾਨਕ ਇੱਕ ਦਿਨ ਗ਼ਾਇਬ ਹੋ ਗਿਆ। ਉਸ ਦੇ ਟਿਕਾਣੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ, ਜਿਸ ਤੋਂ ਇਸ ਬਾਰੇ ਸ਼ੰਕੇ ਹੋਰ ਵੀ ਵਧ ਗਏ। ਇੱਕ ਦਿਨ ਸਵੇਰੇ ਸੈਰ ਨੂੰ ਗਿਆ ਸਵਾਮੀ ਸ਼ੰਕਰ ਦੇਵ ਵਾਪਸ ਨਹੀਂ ਮੁੜਿਆ। ਦਿਵਿਆ ਮੰਦਰ ਟਰੱਸਟ ਦੀ ਕਰੋੜਾਂ ਰੁਪਏ ਦੀ ਜ਼ਮੀਨ ਰਾਮਦੇਵ ਨੂੰ ਦੇਣ ਵਾਲਾ ਸਵਾਮੀ ਸ਼ੰਕਰ ਦੇਵ ਹੀ ਸੀ। ਹੈਰਾਨੀ ਵਾਲੀ ਗੱਲ ਹੈ ਕਿ ਜੁਲਾਈ 2007 ਵਿੱਚ ਸਵਾਮੀ ਸ਼ੰਕਰ ਦੇਵ ਗ਼ਾਇਬ ਹੋਇਆ ਸੀ, ਜਦੋਂ ਰਾਮਦੇਵ ਇੱਕ ਮਹੀਨੇ ਲਈ ਭਾਰਤ ਤੋਂ ਬਾਹਰ ਗਿਆ ਸੀ। ਇੰਨੀ ਵੱਡੀ ਘਟਨਾ ਦੇ ਬਾਵਜੂਦ ਰਾਮਦੇਵ ਵਾਪਸ ਨਹੀਂ ਆਇਆ ਅਤੇ ਹਮੇਸ਼ਾ ਵਾਂਗ ਇਸ ਕੇਸ ਬਾਰੇ ਪੁਲਿਸ ਕੋਈ ਬਹੁਤੀ ਜਾਣਕਾਰੀ ਇਕੱਠੀ ਨਹੀਂ ਕਰ ਸਕੀ।
ਅਗਲੀ ਘਟਨਾ ਵਜੋਂ ਪ੍ਰਿਯੰਕਾ ਨੇ ਸਵਾਮੀ ਯੋਗਾਨੰਦ ਦੀ ਰਹੱਸਮਈ ਮੌਤ ਦਾ ਜਿ਼ਕਰ ਕੀਤਾ ਹੈ। ਉਹ ਰਾਮਦੇਵ ਦਾ ਮਿੱਤਰ ਸੀ ਅਤੇ ਆਯੁਰਵੇਦ ਦੇ ਖੇਤਰ ਵਿੱਚ ਉਸ ਦਾ ਬੜਾ ਨਾਂਅ ਸੀ। ਉਸੇ ਦੇ ਲਾਇਸੈਂਸ ਉੱਤੇ ਰਾਮਦੇਵ ਨੇ 1995 ਤੋਂ 2003 ਤੱਕ ਆਯੁਰਵੈਦਿਕ ਦਵਾਈਆਂ ਬਣਾਈਆਂ ਸਨ। ਸਾਲ 2003 ਵਿੱਚ ਰਾਮਦੇਵ ਨੇ ਸਮਝੌਤਾ ਖ਼ਤਮ ਕਰ ਦਿੱਤਾ ਤੇ ਇੱਕ ਸਾਲ ਤੋਂ ਵੀ ਪਹਿਲਾਂ ਅਚਾਨਕ ਸਵਾਮੀ ਯੋਗਾਨੰਦ ਦੀ ਖ਼ੂਨ ਨਾਲ ਲਥਪਥ ਲਾਸ਼ ਉਸ ਦੇ ਘਰ ਵਿੱਚੋਂ ਬਰਾਮਦ ਹੋਈ। ਹਮੇਸ਼ਾ ਵਾਂਗ ਪੁਲਿਸ ਨਾਕਾਮ ਰਹੀ ਅਤੇ ਸਾਲ 2005 ਵਿੱਚ ਇਸ ਕੇਸ ਦੀ ਫਾਈਲ ਬੰਦ ਕਰ ਦਿੱਤੀ ਗਈ।
ਜਿਹੜੀ ਅਗਲੀ ਮੌਤ ਰਾਮਦੇਵ ਨਾਲ ਜੁੜੀ, ਉਹ ਰਾਜੀਵ ਦੀਕਸ਼ਿਤ ਦੀ ਸੀ। ਰਾਮਦੇਵ ਦੇ ‘ਸਵਦੇਸ਼ੀ ਮਿਸ਼ਨ’ ਦਾ ਅਸਲੀ ਗਾਈਡ ਰਾਜੀਵ ਦੀਕਸ਼ਿਤ ਹੀ ਹੁੰਦਾ ਸੀ। ਉਹ ਰਾਮਦੇਵ ਨਾਲ ਆਯੁਰਵੇਦ ਤੋਂ ਸਵਦੇਸ਼ੀ ਮਿਸ਼ਨ ਦੇ ਹਰ ਪੱਧਰ ਉੱਤੇ ਜੁੜਿਆ ਰਿਹਾ ਸੀ। ਰਾਮਦੇਵ ਦੇ ਅੱਜ ਵਾਲੇ ਸਾਮਰਾਜ ਦੀ ਸਾਰੀ ਰੂਪ ਰੇਖਾ ਰਾਜੀਵ ਦੀ ਬਣਾਈ ਹੋਈ ਹੈ। ਉਸ ਦੀ ਮੌਤ ਇੱਕ ਸਮਾਗਮ ਦੌਰਾਨ ਹੋਈ ਸੀ। ਰਿਪੋਰਟਾਂ ਮੁਤਾਬਕ ਸਮਾਗਮ ਖਤਮ ਹੋਣ ਪਿੱਛੋਂ ਬਾਥਰੂਮ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਪਰ ਅਗਲੇ ਦਿਨ ਤੋਂ ਉਸ ਦੀ ਲਾਸ਼ ਦਾ ਰੰਗ ਬਦਲਣ ਲੱਗਾ ਤਾਂ ਉਸ ਦੇ ਸਮਰਥਕਾਂ ਨੇ ਲਾਸ਼ ਦੇ ਪੋਸਟ ਮਾਰਟਮ ਦੀ ਮੰਗ ਕੀਤੀ, ਜੋ ਮੰਨੀ ਨਹੀਂ ਕੀਤੀ ਗਈ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇੱਕ ਕਰਮਵੀਰ ਮਹਾਰਾਜ ਨਾਂਅ ਦੇ ਵਿਅਕਤੀ ਦਾ ਜ਼ਿਕਰ ਵੀ ਪ੍ਰਿਯੰਕਾ ਨੇ ਇਸ ਵਿੱਚ ਕੀਤਾ ਹੈ। ਕਰਮਵੀਰ ਮਹਾਰਾਜ ਦਿਵਿਆ ਮੰਦਰ ਟਰੱਸਟ ਦਾ ਡਾਇਰੈਕਟਰ ਸੀ ਅਤੇ ਆਪਸੀ ਮਤਭੇਦ ਤੋਂ ਬਾਅਦ 2005 ਵਿੱਚ ਉਹ ਟਰੱਸਟ ਤੋਂ ਬਾਹਰ ਹੋ ਗਿਆ ਸੀ। ਦੱਸਿਆ ਜਾਂਦਾ ਹੈ ਕਿ ਆਸਥਾ ਚੈਨਲ ਦੇ ਸਹਿ-ਸੰਸਥਾਪਕ ਨਾਲ ਵੀ ਰਾਮਦੇਵ ਦਾ 2009 ਵਿੱਚ ਵਿਵਾਦ ਹੋਇਆ ਸੀ। ਕਹਿੰਦੇ ਹਨ ਕਿ ਰਾਮਦੇਵ ਕੋਲ ਅੱਜ ਜਿਹੜੀ ਵੀ ਪਛਾਣ ਤੇ ਨਾਂਅ ਹੈ, ਉਸ ਵਿੱਚ ਦਿਵਿਆ ਚੈਨਲ ਦਾ ਬੜਾ ਵੱਡਾ ਯੋਗਦਾਨ ਹੈ। ਇੱਕ ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਦੱਸਿਆ ਹੈ ਕਿ ਬਾਬਾ ਰਾਮਦੇਵ ਦੇ ਅੱਜ ਦੇ ਕਰੋੜਾਂ ਰੁਪਏ ਦੇ ਵਪਾਰ ਦੀਆਂ ਨੀਹਾਂ ਹੇਠ ਅਜਿਹੇ ਸੈਂਕੜੇ ਹੀ ਕੇਸ ਦੱਬੇ ਪਏ ਹਨ। ਰਾਮਦੇਵ ਦੇ ਵਪਾਰ ਦੇ ਪਿੱਛੇ ਹੋਰ ਕੀ ਕੁਝ ਹੈ, ਇਸ ਦੇ ਬਾਰੇ ਅਸਲ ਵਿੱਚ ਰਾਮਦੇਵ ਅਤੇ ਬਾਲ ਕ੍ਰਿਸ਼ਨ ਤੋਂ ਬਿਨਾਂ ਕੋਈ ਨਹੀਂ ਜਾਣਦਾ, ਪਰ ਸਾਈਕਲ ਉੱਤੇ ਜੜ੍ਹਾਂ-ਬੂਟੀਆਂ ਵੇਚਣ ਤੋਂ ਲੈ ਕੇ ਚਾਰਟਰ ਪਲੇਨ ਤੱਕ ਦਾ ਰਾਮਦੇਵ ਸਫਰ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲਾ ਹੈ।