ਸਾਢੇ ਚਾਰ ਮਹੀਨੇ ਲੰਘ ਗਏ, ਪੰਜਾਬ ਦੇ ਲੋਕਾਂ ਦਾ ਹਾਲ ਕਦੋਂ ਪੁੱਛਣਗੇ ਕੈਪਟਨ ਅਮਰਿੰਦਰ ਸਿੰਘ

pannu2881
-ਜਤਿੰਦਰ ਪਨੂੰ
ਹਾਲਾਤ ਬੜੀ ਤੇਜ਼ ਚਾਲ ਨਾਲ ਬਦਲ ਰਹੇ ਹਨ। ਦੇਸ਼ ਦਾ ਸਿਆਸੀ ਨਕਸ਼ਾ ਪਲ-ਪਲ ਇੱਕ ਖਾਸ ਦਿੱਖ ਧਾਰ ਲੈਣ ਵੱਲ ਵਧਦਾ ਦਿਖਾਈ ਦੇਂਦਾ ਹੈ। ਉਸ ਦਾ ਰਾਹ ਰੋਕਣ ਦੀ ਜਿਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਸੀ, ਇਹ ਹਾਲਾਤ ਵੀ ਉਨ੍ਹਾਂ ਲੋਕਾਂ ਦੇ ਕੁਚੱਜ ਨੇ ਹੀ ਤਿਆਰ ਕੀਤੇ ਸਨ ਤੇ ਹੁਣ ਵੀ ਉਨ੍ਹਾਂ ਵਿੱਚ ਆਪਾ-ਧਾਪੀ ਮੱਚੀ ਹੋਈ ਹੈ। ਹਰ ਕੋਈ ਮਿਲਦਾ ਮਾਲ ਹੂੰਝਣ ਦੇ ਬਾਅਦ ਕਿਸੇ ਵੀ ਦਿਨ ਭਾਜਪਾ ਦੀ ਸਰਦਲ ਉੱਤੇ ਮੱਥਾ ਟੇਕਣ ਨੂੰ ਤਿਆਰ ਜਾਪਦਾ ਹੈ। ਜਿਹੜੇ ਲੋਕਾਂ ਨੂੰ ਕੱਲ੍ਹ ਤੱਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਬਦਖੋਈ ਕਰਦੇ ਸੁਣਿਆ ਅਤੇ ਵੇਖਿਆ ਜਾਂਦਾ ਸੀ, ਉਹ ਅੱਜ ਉਨ੍ਹਾਂ ਦੋਵਾਂ ਦੇ ਚਰਨਾਂ ਵਿੱਚ ਲੇਟਣ ਲਈ ਤਿਆਰ ਹਨ। ਰਾਜਨੀਤੀ ਇੱਕ ਖਾਸ ਕਿਸਮ ਦੇ ਛੱਪੇ ਹੇਠ ਆਈ ਜਾਂਦੀ ਹੈ।
ਕਾਂਗਰਸੀ ਆਗੂਆਂ ਜਾਂ ਜਨਤਾ ਪਰਵਾਰ ਦੀ ਟੁੱਟ-ਭੱਜ ਵਿੱਚੋਂ ਪੈਦਾ ਹੋਏ ਦਲਾਂ ਵਿਚਲੇ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਦੇਵਗੌੜਾ ਤੋਂ ਲੈ ਕੇ ਬਿਜੂ ਪਟਨਾਇਕ ਤੱਕ ਦੇ ਲੀਡਰਾਂ ਦੀ ਲਾਮ-ਡੋਰੀ ਨੂੰ ਵੇਖ ਲਈਏ, ਕੋਈ ਵੀ ਕਿਸੇ ਪੈਂਤੜੇ ਦਾ ਭਰੋਸਾ ਬੰਨ੍ਹਾਉਣ ਵਾਲਾ ਨਹੀਂ। ਸਿਰਫ ਖੱਬੇ ਪੱਖੀਏ ਅਜੇ ਤੱਕ ਸੋਚ ਪੱਖੋਂ ਪੱਕੀ ਥਾਂ ਖੜੇ ਦਿਖਾਈ ਦੇਂਦੇ ਹਨ, ਪਰ ਉਨ੍ਹਾਂ ਦੀ ਤਾਕਤ ਪਹਿਲਾਂ ਵਾਲੀ ਨਹੀਂ ਅਤੇ ਜਿੰਨੀ ਕੁ ਤਾਕਤ ਹੈ, ਉਸ ਨੂੰ ਵਰਤਣ ਦੇ ਪੱਖ ਤੋਂ ਵੀ ਪਹਿਲਾਂ ਵਾਲਾ ਪ੍ਰਭਾਵ ਪਾਉਣ ਵਾਲਾ ਆਗੂ ਕੋਈ ਨਹੀਂ ਉੱਭਰ ਰਿਹਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਖੱਬੀ ਲਹਿਰ ਦੇ ਲੀਡਰ ਵਜੋਂ ਇੱਕ ਹੱਦ ਤੱਕ ਬਣਦਾ ਮਾਣ ਅਸੀਂ ਵੀ ਦੇਂਦੇ ਸਾਂ, ਪਰ ਨਾ ਕਦੇ ਅਸੀਂ ਉਨ੍ਹਾਂ ਲੋਕਾਂ ਵਿੱਚ ਗਿਣੇ ਗਏ ਸਾਂ, ਜਿਹੜੇ ਉਸ ਨੂੰ ਲਹਿਰ ਦਾ ਰਾਹ ਦਿਖਾਵਾ ਮੰਨਦੇ ਸਨ ਤੇ ਨਾ ਉਨ੍ਹਾਂ ਵਿੱਚ ਸ਼ਾਮਲ ਹੋਣਾ ਪਸੰਦ ਕੀਤਾ ਸੀ, ਜਿਹੜੇ ਪਹਿਲਾਂ ਉਸੇ ਦੀ ਪੂਜਾ ਕਰਦੇ ਸਨ ਤੇ ਉਸ ਦੇ ਬਾਅਦ ਸੀਤਾ ਰਾਮ ਯੇਚੁਰੀ ਨੂੰ ਉਸ ਦਾ ਰੂਪ ਮੰਨੀ ਬੈਠੇ ਹਨ। ਆਜ਼ਾਦੀ ਲਹਿਰ ਦੇ ਵਕਤ ਤੋਂ ਸੁਰਜੀਤ ਹੁਰਾਂ ਦਾ ਇੱਕ ਵੱਡਾ ਸਿਆਸੀ ਕੱਦ ਬਣਦਾ ਗਿਆ ਸੀ, ਜਿਸ ਦੇ ਪ੍ਰਛਾਵੇਂ ਹੇਠ ਕਈ ਕੁਝ ਲੁਕ ਜਾਂਦਾ ਸੀ। ਯੇਚੁਰੀ ਹੁਰੀਂ ਸਿਰਫ ਸੁਰਜੀਤ ਦੇ ਮਾਰਕੇ ਵਾਲੀ ਛਤਰੀ ਨਾਲ ਉਹ ਦਿੱਖ ਬਣੀ ਭਾਲਦੇ ਹਨ। ਬਾਕੀ ਰਾਜਸੀ ਧਿਰਾਂ ਦੇ ਲੀਡਰਾਂ ਦਾ ਇਹ ਹਾਲ ਹੈ ਕਿ ਉਨ੍ਹਾਂ ਵਿੱਚ ਨਾ ਕੋਈ ਚੌਧਰੀ ਚਰਨ ਸਿੰਘ ਦੇ ਕੱਦ ਦਾ ਹੈ, ਨਾ ਕੋਈ ਵੀ ਪੀ ਸਿੰਘ ਅਤੇ ਚੰਦਰ ਸ਼ੇਖਰ ਦੇ ਪੱਧਰ ਦਾ, ਪਰ ਆਪਣੇ ਆਪ ਨੂੰ ‘ਪਿਦਰਮ ਸੁਲਤਾਨ ਬੂਦ` ਸਾਰੇ ਸਮਝੀ ਫਿਰਦੇ ਹਨ। ਇਸ ਹਾਲਤ ਵਿੱਚ ਦੇਸ਼ ਦੀ ਰਾਜਨੀਤੀ ਜਿਸ ਲੀਹੇ ਪਈ ਹੋਈ ਹੈ ਤੇ ਉਸ ਦੇ ਵਿਰੋਧ ਦੀ ਸਰਦਾਰੀ ਜਿਵੇਂ ਕਾਂਗਰਸ ਦੀ ਅਣਹੋਈ ਜਿਹੀ ਲੀਡਰਸ਼ਿਪ ਦੇ ਹੱਥਾਂ ਵਿੱਚ ਹੈ, ਉਸ ਤੋਂ ਭਵਿੱਖ ਦੀ ਚਿੰਤਾ ਪੈਦਾ ਹੋਣਾ ਸੁਭਾਵਕ ਹੈ। ਲੋਕਤੰਤਰ ਵਿੱਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਇਸ ਵਕਤ ਭਾਰਤੀ ਲੋਕਤੰਤਰ ਉਸ ਲੀਹੇ ਤੁਰ ਪਿਆ ਜਾਪਦਾ ਹੈ, ਜਿਸ ਦੇ ਮੂਹਰੇ ਵਿਰੋਧੀ ਧਿਰ ਦਾ ਕਿਸੇ ਤਰ੍ਹਾਂ ਦਾ ਕੋਈ ਸਪੀਡ-ਬਰੇਕਰ ਰਹਿ ਜਾਵੇਗਾ, ਇਸ ਬਾਰੇ ਸ਼ੱਕ ਕੀਤੇ ਜਾਣ ਲੱਗ ਪਏ ਹਨ।
ਦੂਸਰਾ ਪਾਸਾ ਸਾਡੇ ਪੰਜਾਬ ਦਾ ਹੈ, ਜਿੱਥੇ ਇਸ ਸਾਲ ਲੋਕਾਂ ਨੇ ਵੋਟਾਂ ਪਾ ਕੇ ਇੱਕ ਆਸ ਨਾਲ ਇੱਕ ਨਵੀਂ ਸਰਕਾਰ ਬਣਨ ਦਾ ਰਾਹ ਪੱਧਰਾ ਕੀਤਾ ਸੀ। ਅਜੇ ਉਹ ਪੜਾਅ ਨਹੀਂ ਆਇਆ ਕਿ ਅਸੀਂ ਇਸ ਸਰਕਾਰ ਤੋਂ ਸਭ ਆਸਾਂ ਖਤਮ ਹੋਣ ਵਾਲਿਆਂ ਦੀ ਹਾਮੀ ਭਰ ਸਕੀਏ, ਪਰ ਏਦਾਂ ਦਾ ਕੁਝ ਹੁੰਦਾ ਵੀ ਨਹੀਂ ਦਿਸਦਾ, ਜਿਸ ਤੋਂ ਇਸ ਸਰਕਾਰ ਤੋਂ ਲੋਕਾਂ ਦੀ ਕੋਈ ਆਸ ਸਿਰੇ ਚੜ੍ਹ ਜਾਣ ਦੀ ਝਲਕ ਮਿਲਦੀ ਹੋਵੇ। ਸਰਕਾਰ ਦੇ ਪੁਰਜ਼ਿਆਂ ਦਾ ਆਪਸੀ ਤਾਲਮੇਲ ਹੀ ਨਹੀਂ। ਲੋਕਲ ਬਾਡੀਜ਼ ਦਾ ਮੰਤਰੀ ਨਵਜੋਤ ਸਿੰਘ ਸਿੱਧੂ ਇਨ੍ਹਾਂ ਸਾਢੇ ਚਾਰ ਮਹੀਨਿਆਂ ਵਿੱਚ ਕਪਿਲ ਸ਼ਰਮਾ ਦੇ ਹਾਸੇ-ਠੱਠੇ ਵਾਲੇ ਸ਼ੋਅ ਦੇ ਜੱਜ ਦੀ ਭੂਮਿਕਾ ਤੇ ਪੰਜਾਬ ਵਰਗੇ ਸੂਬੇ ਦੇ ਕੈਬਨਿਟ ਮੰਤਰੀ ਦੀ ਕੁਰਸੀ ਉੱਤੇ ਬਹਿਣ ਦਾ ਫਰਕ ਸਮਝਣ ਜੋਗਾ ਨਹੀਂ ਹੋ ਸਕਿਆ। ਉਹ ਪ੍ਰੈੱਸ ਕਾਨਫਰੰਸ ਵਿੱਚ ਬੋਲਦਾ ਹੈ ਤਾਂ ਨਿਯਮਾਂ ਦੇ ਹਵਾਲੇ ਦੇਣ ਦੀ ਬਜਾਏ ਸ਼ੋਸ਼ੇ ਛੱਡਣ ਵਾਲਾ ਕੰਮ ਵੱਧ ਕਰੀ ਜਾਂਦਾ ਹੈ। ਕੁਝ ਖਾਸ ਸ਼ਬਦ ਪੱਕੇ ਤੌਰ ਉੱਤੇ ਉਸ ਦੀ ਜ਼ਬਾਨ ਉੱਤੇ ਚੜ੍ਹੇ ਹੋਏ ਹਨ। ਹਰ ਪ੍ਰੈੱਸ ਕਾਨਫਰੰਸ ਵਿੱਚ ਉਹ ਉਨ੍ਹਾਂ ਖਾਸ ਸ਼ਬਦਾਂ ਦੁਆਲੇ ਘੁੰਮੀ ਜਾਂਦਾ ਹੈ। ਉਸ ਨੇ ਕੁਝ ਕਰਨਾ ਹੈ ਤਾਂ ਕਰੇ, ਪਰ ਕੀਤਾ ਕੁਝ ਜਾਂਦਾ ਨਹੀਂ ਤੇ ਹਵਾ ਵਿੱਚ ਤਲਵਾਰਾਂ ਘੁਮਾਉਣ ਦੇ ਚੱਕਰ ਵਿੱਚ ਆਪਣਾ ਜਲੂਸ ਕੱਢਵਾਈ ਜਾਂਦਾ ਹੈ। ਮਨਪ੍ਰੀਤ ਸਿੰਘ ਬਾਦਲ ਸਿਆਣਾ ਬੰਦਾ ਹੈ, ਪਰ ਉਸ ਦੀ ਸੋਚ ਦੋ ਧਾਰਾਵਾਂ ਦੇ ਵਿਚਾਲੇ ਫਸੀ ਹੋਈ ਹੈ। ਸੋਚ ਦੀ ਇੱਕ ਧਾਰਾ ਅਕਾਲੀ ਦਲ ਛੱਡਣ ਤੋਂ ਪਹਿਲਾਂ ਉਸ ਦੇ ਵਿਧਾਨ ਸਭਾ ਵਿੱਚ ਦਿੱਤੇ ਹੋਏ ਭਾਸ਼ਣ ਵਾਲੀ ਹੈ ਕਿ ਪੰਜਾਬ ਦੀ ਅਗਲੀ ਪੀੜ੍ਹੀ ਦਾ ਭਲਾ ਕਰਨਾ ਹੈ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਪੰਜ ਸਾਲ ਪੇਟ ਉੱਤੇ ਪੇਟੀ ਘੁੱਟ ਕੇ ਬੰਨ੍ਹਣੀ ਪੈਣੀ ਹੈ। ਦੂਸਰੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਿਛਲੇ ਅਕਾਲੀ-ਭਾਜਪਾ ਹਾਕਮਾਂ ਨੇ ਸਿਰਫ ਸਬਸਿਡੀਆਂ ਅਤੇ ਛੋਟਾਂ ਦਾ ਚਸਕਾ ਲਾ ਦਿੱਤਾ ਹੈ, ਉਨ੍ਹਾਂ ਦੇ ਪੱਲੇ ਕੁਝ ਨਾ ਪਾਇਆ ਤਾਂ ਅਗਲੀ ਵਾਰ ਚੰਡੀਗੜ੍ਹ ਪਹੁੰਚਣ ਵਾਲੀ ਸੜਕ ਉੱਤੇ ਗੱਡੀ ਨਹੀਂ ਰਿੜ੍ਹ ਸਕਣੀ। ਕਦੇ ਦਿੱਲੀ ਤੇ ਕਦੇ ਮੁੰਬਈ ਦੇ ਗੇੜੇ ਮਾਰਦਾ ਹੈ ਤਾਂ ਕੋਈ ਅਮਲੀ ਨਤੀਜੇ ਨਿਕਲਣ ਬਾਰੇ ਸਿਰਫ ਉਸ ਨੂੰ ਪਤਾ ਹੋਵੇਗਾ, ਲੋਕਾਂ ਨੂੰ ਕੋਈ ਸਮਝ ਨਹੀਂ ਪੈ ਰਹੀ।
ਸਭ ਤੋਂ ਵੱਧ ਜ਼ਿਮੇਵਾਰੀ ਰਾਜ ਦੇ ਮੁੱਖ ਮੰਤਰੀ ਉੱਤੇ ਹੁੰਦੀ ਹੈ ਤੇ ਉਹ ਅਜੇ ਤੱਕ ਇਹ ਜ਼ਿਮੇਵਾਰੀ ਨਿਭਾਉਣ ਲਈ ਲੋੜ ਜੋਗਾ ਸਮਾਂ ਨਹੀਂ ਦੇ ਸਕੇ। ਪਹਿਲਾਂ ਕੋਈ ਸੱਟ ਲਵਾ ਬੈਠੇ ਤੇ ਫਿਰ ਉਨ੍ਹਾ ਦੇ ਮਾਤਾ ਜੀ ਗੁਜ਼ਰ ਗਏ। ਇਹ ਦੋਵੇਂ ਗੱਲਾਂ ਉਨ੍ਹਾ ਦੇ ਵੱਸ ਦੀਆਂ ਨਹੀਂ ਸਨ। ਹੁਣ ਉਨ੍ਹਾ ਨੂੰ ਸਮਾਂ ਦੇਣਾ ਚਾਹੀਦਾ ਹੈ, ਪਰ ਸਮਾਂ ਨਹੀਂ ਦੇਂਦੇ ਜਾਪਦੇ। ਸਰਕਾਰ ਚਲਾਉਣ ਵਾਸਤੇ ਇੱਕ ਸੇਵਾ ਮੁਕਤ ਅਫਸਰ ਨੂੰ ਉਨ੍ਹਾ ਨੇ ਕੁਝ ਜ਼ਿੰਮੇਵਾਰੀਆਂ ਸੌਂਪੀਆਂ ਸਨ, ਪਰ ਅਫਸਰਾਂ ਵਿਚਲੀ ਇੱਕ ਲਾਬੀ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਪ੍ਰਸ਼ਾਸਨ ਦਾ ਜਲੂਸ ਨਿਕਲ ਰਿਹਾ ਹੈ। ਆਮ ਪ੍ਰਭਾਵ ਇਹ ਹੈ ਕਿ ਇਹੋ ਜਿਹਾ ਖਰਾਬੀ ਦਾ ਸਭ ਕੰਮ ਮੁੱਖ ਮੰਤਰੀ ਦੇ ਆਪਣੇ ਘੇਰੇ-ਘੇਰੇ ਜੁੜੇ ਹੋਏ ਦਰਬਾਰੀ ਲੋਕਾਂ ਦੀ ਖਹਿਬਾਜ਼ੀ ਨਾਲ ਹੋ ਰਿਹਾ ਹੈ। ਪਿਛਲੀ ਵਾਰ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਕੰਮ ਉਨ੍ਹਾ ਘੱਟ ਨਹੀਂ ਸੀ ਕੀਤੇ, ਪਰ ਦਰਬਾਰੀਆਂ ਦੇ ਆਪੋ ਵਿੱਚ ਭਿੜਨ ਨਾਲ ਸਥਿਤੀ ਏਦਾਂ ਦੀ ਬਣ ਗਈ ਸੀ ਕਿ ਇੱਕ ਦੂਸਰੇ ਨੂੰ ਡੋਬਣ ਦੇ ਚੱਕਰ ਵਿੱਚ ਉਹ ਆਪਣੇ ਮੁੱਖ ਮੰਤਰੀ ਦਾ ਨੁਕਸਾਨ ਕਰਦੇ ਰਹੇ ਸਨ। ਇਸ ਵਾਰੀ ਇਹ ਕੰਮ ਹੁਣੇ ਤੋਂ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਸਾਹਿਬ ਏਦਾਂ ਦੇ ਦਰਬਾਰੀਏ ਲੋਕਾਂ ਦੀ ਬੇਹਿਸਾਬੀ ਧਾੜ ਦੀ ਲਗਾਮ ਖਿੱਚ ਕੇ ਰੱਖਣ ਬਾਰੇ ਵੀ ਕਦੇ ਨਹੀਂ ਸੋਚਦੇ ਜਾਪਦੇ।
ਪਤਾ ਨਹੀਂ ਇਹ ਗੱਲ ਮੁੱਖ ਮੰਤਰੀ ਨੂੰ ਪਤਾ ਹੈ ਕਿ ਨਹੀਂ ਕਿ ਅਕਾਲੀ ਆਗੂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਗਏ ਇੱਕ ਭਾਸ਼ਣ ਦੇ ਹਵਾਲੇ ਮੁੜ-ਮੁੜ ਦੇਂਦੇ ਹਨ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੇਰੀ ਤਾਂ ਆਖਰੀ ਚੋਣ ਹੈ, ਅਗਲੀ ਵਾਰੀ ਮੈਂ ਕਿਸੇ ਚੋਣ ਦੰਗਲ ਵਿੱਚ ਕੁੱਦਣਾ ਹੀ ਨਹੀਂ। ਅਸੀਂ ਪੱਤਰਕਾਰ ਇਹ ਵੀ ਜਾਣਦੇ ਹਾਂ ਕਿ ਉਨ੍ਹਾ ਦੇ ਵਿਰੋਧੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੀਆਂ ਤਿੰਨਾਂ ਵਿਧਾਨ ਸਭਾ ਚੋਣਾਂ ਮੌਕੇ ਇਹ ਕਿਹਾ ਸੀ ਕਿ ਮੇਰੀ ਇਹ ਆਖਰੀ ਚੋਣ ਹੈ, ਅਗਲੀ ਵਾਰੀ ਹੁਣ ਅਗਲੀ ਪੀੜ੍ਹੀ ਤੁਹਾਡੇ ਕੋਲ ਆਵੇਗੀ, ਮੈਂ ਵੋਟਾਂ ਮੰਗਣ ਨਹੀਂ ਆਉਣਾ, ਮੇਰੀ ਇਹ ਆਖਰੀ ਬੇਨਤੀ ਮੰਨ ਲਓ। ਅਕਾਲੀ ਆਗੂ ਆਪਣੀ ਪਾਰਟੀ ਦੇ ਸਰਪ੍ਰਸਤ ਦੀ ਉਸ ਗੱਲ ਬਾਰੇ ਜਾਣਦੇ ਹੋਏ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਸੇ ਭਾਸ਼ਣ ਦਾ ਹਵਾਲਾ ਦੇਈ ਜਾ ਰਹੇ ਹਨ ਕਿ ਜਦੋਂ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਮੇਰੀ ਆਖਰੀ ਚੋਣ ਹੈ ਤਾਂ ਉਨ੍ਹਾ ਨੂੰ ਕੰਮ ਕਰਨ ਦੀ ਲੋੜ ਨਹੀਂ ਰਹਿ ਗਈ, ਇਸ ਕਰ ਕੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਵਾਲੇ ਮੁੱਖ ਮੰਤਰੀ ਦੀ ਲੋੜ ਹੈ, ਜਿਹੜਾ ਸਿਰਫ ਵੱਡੇ ਜਾਂ ਛੋਟੇ ਬਾਦਲ ਵਿੱਚੋਂ ਕੋਈ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋ ਰਹੇ ਇਸ ਪ੍ਰਚਾਰ ਦਾ ਜਵਾਬ ਵੀ ਕਿਉਂਕਿ ਕਿਸੇ ਪਾਸਿਓਂ ਨਹੀਂ ਦਿੱਤਾ ਜਾ ਰਿਹਾ, ਇਸ ਲਈ ਆਮ ਲੋਕਾਂ ਵਿੱਚ ਇਹ ਧਾਰਨਾ ਹੌਲੀ-ਹੌਲੀ ਪੱਕੀ ਹੁੰਦੀ ਜਾਂਦੀ ਹੈ ਕਿ ਏਦਾਂ ਹੀ ਹੋਵੇਗਾ। ਮੁੱਖ ਮੰਤਰੀ ਹੋਣ ਸਮੇਂ ਪ੍ਰਕਾਸ਼ ਸਿੰਘ ਬਾਦਲ ਹਰ ਹਫਤੇ ਸੱਤ ਦਿਨਾਂ ਵਿੱਚ ਇੱਕੀ ਨਹੀਂ ਤਾਂ ਚੌਦਾਂ ਜਲਸੇ ਜ਼ਰੂਰ ਕਰ ਦਿੱਤਾ ਕਰਦੇ ਸਨ, ਅਮਰਿੰਦਰ ਸਿੰਘ ਨਹੀਂ ਕਰਦੇ। ਉਹ ਜਦੋਂ ਲੋਕਾਂ ਵਿੱਚ ਨਹੀਂ ਜਾਣਗੇ ਤਾਂ ਆਪਣੇ ਲਈ ਅਤੇ ਆਪਣੀ ਸਰਕਾਰ ਲਈ ਲੋਕਾਂ ਦਾ ਭਰੋਸਾ ਵੀ ਕਾਇਮ ਨਹੀਂ ਰੱਖ ਸਕਦੇ। ਇਹ ਗੱਲ ਓਥੇ ਤੁਰੇ ਫਿਰਦੇ ਦੋ ਦਰਜਨ ਤੋਂ ਵੱਧ ਸਲਾਹਕਾਰਾਂ ਵਿੱਚੋਂ ਕੋਈ ਵੀ ਕਹਿਣ ਜੋਗਾ ਨਹੀਂ।
ਪੰਜਾਬ ਕਿਸ ਤਰ੍ਹਾਂ ਦੇ ਦੁਖਾਂਤ ਵਿੱਚੋਂ ਗੁਜ਼ਰ ਰਿਹਾ ਹੈ, ਇਸ ਦੀ ਇੱਕ ਮਿਸਾਲ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਅਤੇ ਰਾਜਧਾਨੀ ਚੰਡੀਗੜ੍ਹ ਦੇ ਵਿਚਾਲੇ ਪੈਂਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਮਿਲ ਸਕਦੀ ਹੈ। ਸ਼ਾਹੂਕਾਰਾ ਕਰਜ਼ੇ ਦੇ ਸ਼ਿਕਾਰ ਇੱਕ ਪਰਵਾਰ ਦਾ ਜਵਾਨ ਪੁੱਤਰ 2011 ਵਿੱਚ ਖੁਦਕੁਸ਼ੀ ਕਰ ਗਿਆ ਤੇ ਉਸ ਮੁੰਡੇ ਦਾ ਬਾਪ ਪਿਛਲੇ ਸਾਲ 2016 ਵਿੱਚ ਆਪਣੇ ਪੁੱਤਰ ਦੇ ਮਗਰ ਚਲਾ ਗਿਆ। ਪਿੱਛੋਂ ਘਰ ਵਿੱਚ ਬਾਕੀ ਬਚਿਆ ਇੱਕੋ ਮਰਦ, ਕਰਜ਼ਾਈ ਬਾਪ ਦਾ ਦੂਸਰਾ ਪੁੱਤਰ ਇਸ ਵੀਰਵਾਰ ਤਿੰਨ ਅਗਸਤ ਨੂੰ ਜ਼ਿੰਦਗੀ ਦੇ ਦੁੱਖਾਂ ਅੱਗੇ ਹਾਰ ਮੰਨ ਕੇ ਸੰਸਾਰ ਛੱਡ ਗਿਆ ਹੈ। ਇਸ ਤੋਂ ਪਹਿਲਾਂ ਮਾਲਵੇ ਦੇ ਇੱਕ ਪਿੰਡ ਤੋਂ ਇੱਕ ਬੀਬੀ ਦੇ ਤੀਸਰੀ ਵਾਰੀ ਵਿਧਵਾ ਹੋਣ ਦੀ ਖਬਰ ਆਈ ਸੀ। ਉਸ ਦਾ ਪਤੀ ਖੁਦਕੁਸ਼ੀ ਕਰ ਗਿਆ ਤਾਂ ਪਰਵਾਰ ਨੇ ਉਸ ਨੂੰ ਪਤੀ ਦੇ ਚਚੇਰੇ ਭਰਾ ਦੇ ਘਰ ਬਿਠਾਇਆ, ਪਰ ਅਗਲੇ ਸਾਲ ਕਰਜ਼ੇ ਦੇ ਬੋਝ ਹੇਠ ਦੱਬਿਆ ਉਹ ਵੀ ਖੁਦਕੁਸ਼ੀ ਕਰ ਗਿਆ ਤਾਂ ਉਸ ਤੋਂ ਛੋਟੇ ਦੇ ਘਰ ਬਿਠਾਉਣ ਦਾ ਫੈਸਲਾ ਹੋ ਗਿਆ। ਹੁਣ ਪਿਛਲੇ ਹਫਤੇ ਉਹ ਛੋਟਾ ਵੀ ਖੁਦਕੁਸ਼ੀ ਕਰ ਗਿਆ ਹੈ। ਤਿੰਨ ਮੌਤਾਂ ਇੱਕੋ ਘਰ ਵਿੱਚ, ਓਥੇ ਵੀ ਕਰਜ਼ੇ ਕਾਰਨ ਹੋਈਆਂ ਹਨ। ਦਰਬਾਰੀਆਂ ਦੇ ਲਸ਼ਕਰ ਵਿੱਚੋਂ ਇਹ ਗੱਲ ਕਿਸੇ ਨੇ ਮੁੱਖ ਮੰਤਰੀ ਨੂੰ ਦੱਸੀ ਜਾਂ ਨਹੀਂ, ਇਸ ਬਾਰੇ ਸਾਨੂੰ ਪਤਾ ਨਹੀਂ। ਦੁੱਖ ਭੁਗਤਦੇ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਇਸ ਸਾਲ ਇੱਕ ਆਸ ਨਾਲ ਪੰਜਾਬ ਵਿੱਚ ਸੱਤਾ ਤਬਦੀਲੀ ਲਈ ਪੋਲਿੰਗ ਬੂਥਾਂ ਵੱਲ ਕਦਮ ਪੁੱਟੇ ਸਨ ਤੇ ਹੁਣ ਉਨ੍ਹਾਂ ਕਦਮਾਂ ਤੋਂ ਵੱਧ ਭਾਰੇ ਕਦਮਾਂ ਨਾਲ ਆਏ ਦਿਨ ਪਿੰਡ ਦੇ ਸਿਵਿਆਂ ਨੂੰ ਤੁਰੇ ਜਾਂਦੇ ਦਿੱਸ ਪੈਂਦੇ ਹਨ। ਪੰਜਾਬ ਦੀ ਸਰਕਾਰ ਨੂੰ ਨਕਾਰਾ ਹੋਈ ਕਹਿਣ ਦਾ ਸਮਾਂ ਅਜੇ ਨਹੀਂ ਆਇਆ, ਪਰ ਜਿਹੜੇ ਹਾਲਾਤ ਹਨ, ਜੇ ਇਹ ਹੀ ਵਹਿਣ ਚੱਲਦਾ ਰਿਹਾ ਤਾਂ ਜ਼ਿੰਦਗੀ ਤੋਂ ਤੰਗ ਆਏ ਹੋਏ ਲੋਕਾਂ ਦੇ ਸਬਰ ਦਾ ਬੰਨ੍ਹ ਕਿਸੇ ਵੇਲੇ ਟੁੱਟ ਵੀ ਸਕਦਾ ਹੈ।