ਸਾਡੇ ਘਰ ਵਿੱਚ

-ਮਹਿੰਦਰ ਮਾਨ

ਸਾਡੇ ਘਰ ਵਿੱਚ ਜਾਣੇ ਨਾ ਕੋਈ ਨਾਮ ਸ਼ਰਾਬਾਂ ਦੇ,
ਤਾਂਹੀ ਸਾਡੇ ਚਿਹਰੇ ਰਹਿਣ ਖਿੜੇ ਵਾਂਗ ਗੁਲਾਬਾਂ ਦੇ।

ਅੱਜ ਕੱਲ੍ਹ ਲੋਕ ਇਨ੍ਹਾਂ ਨੂੰ ਪੜ੍ਹਨੇ ਦੀ ਹਿੰਮਤ ਨ੍ਹੀਂ ਕਰਦੇ,
ਕਿੰਨਾ ਕੁਝ ਲਿਖਿਆ ਹੈ ਕਵੀਆਂ ਨੇ ਵਿੱਚ ਕਿਤਾਬਾਂ ਦੇ।

ਹੁਣ ਆਪਣੇ ਸੋਹਣੇ ਮੁੱਖ ਬਚਾਉਣੇ ਆ ਗਏ ਹਨ ਸਾਨੂੰ,
ਜਿੰਨੇ ਮਰਜ਼ੀ ਵਾਰ ਇਨ੍ਹਾਂ ‘ਤੇ ਕਰ ਲਉ ਤੇਜ਼ਾਬਾਂ ਦੇ।

ਇਕ ਦੂਜੇ ਦੇ ਗਲ ਲੱਗ ਕੇ ਬੜਾ ਰੋਈਆਂ ਪੰਖੜੀਆਂ,
ਜਦ ਗੱਪੀ ਨੇਤਾ ‘ਤੇ ਸੁੱਟੇ ਗਏ ਫੁੱਲ ਗੁਲਾਬਾਂ ਦੇ।

ਪਾਣੀ ਦੀ ਇਕ ਬੂੰਦ ਇਨ੍ਹਾਂ ਵਿੱਚ ਦਿਸੇ ਨਾ ਉਨ੍ਹਾਂ ਨੂੰ,
ਕੀ ਕਰਨ ਪਰਿੰਦੇ ਬਹਿ ਕੇ ਲਾਗੇ ਖੁਸ਼ਕ ਤਲਾਬਾਂ ਦੇ।

ਸਾਡੇ ਬੇਚੈਨ ਦਿਲਾਂ ਨੂੰ ਤਾਂ ਹੀ ਸ਼ਾਂਤੀ ਮਿਲਣੀ ਹੈ,
ਜਦ ਜੇਲਾਂ ਵਿੱਚ ਸੁੱਟੇ ਗਏ ਕਾਤਲ ਸਾਡੇ ਖੁਆਬਾਂ ਦੇ।

ਦੋ ਵੇਲੇ ਦੀ ਰੋਟੀ ਸਾਨੂੰ ਮਿਲਦੀ ਮਿਹਨਤ ਕਰਕੇ,
ਸਾਡੇ ਉਤੇ ਚੱਲ ਨਹੀਂ ਸਕਦੇ ਜ਼ੋਰ ਨਵਾਬਾਂ ਦੇ।