ਸਾਡੀ ਜ਼ਿੰਮੇਵਾਰੀ ਕਿਉਂ ਨਹੀਂ ਬਣ ਰਹੀ ਸਵੱਛਤਾ?

swachta
-ਬਿੰਦਰ ਸਿੰਘ ਖੁੱਡੀ ਕਲਾਂ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਵਰ੍ਹੇ ਪਹਿਲਾਂ ਗਾਂਧੀ ਜੈਯੰਤੀ ਮੌਕੇ ਸ਼ੁਰੂ ਕੀਤੀ ਸਵੱਛਤਾ ਮੁਹਿੰਮ ਆਪਣੇ ਆਪ ਵਿੱਚ ਬੜੀ ਤਾਰੀਫ ਯੋਗ ਮੁਹਿੰਮ ਹੈ ਕਿਉਂਕਿ ਸਫਾਈ ਦਾ ਮਹੱਤਵ ਸਾਡੀ ਜ਼ਿੰਦਗੀ ਵਿੱਚ ਅਹਿਮ ਹੈ। ਇਹ ਸਫਾਈ ਬੇਸ਼ੱਕ ਸਰੀਰ ਦੀ ਹੋਵੇ, ਆਲੇ ਦੁਆਲੇ ਦੀ ਹੋਵੇ ਜਾਂ ਮਾਨਸਿਕਤਾ ਦੀ ਹੋਵੇ। ਜਿਥੇ ਸਫਾਈ ਉਥੇ ਖੁਦਾਈ ਦੀ ਕਹਾਵਤ ਅਨੁਸਾਰ ਹਰ ਪ੍ਰਕਾਰ ਦੀ ਸਫਾਈ ਰੱਖਣ ਵਾਲੀਆਂ ਕੌਮਾਂ ਅਤੇ ਸਮਾਜਾਂ ਨੇ ਵਿਸ਼ਵ ਵਿੱਚ ਜ਼ਿਕਰ ਯੋਗ ਮੱਲਾਂ ਮਾਰੀਆਂ ਹਨ।
ਭਾਰਤ ਨੂੰ ਸਫਾਈ ਪਸੰਦ ਕੌਮਾਂ ਵਿੱਚ ਸ਼ੁਮਾਰ ਕਰਾਉਣ ਲਈ ਸਰਕਾਰ ਪਿਛਲੇ ਤਿੰਨ ਵਰ੍ਹਿਆਂ ਤੋਂ ਯਤਨਸ਼ੀਲ ਹੈ। ਸਫਾਈ ਦੇ ਪਸਾਰੇ ਲਈ ਬੇਸ਼ੁਮਾਰ ਸਫਾਈ ਮੁਹਿੰਮਾਂ ‘ਤੇ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਖਰਚੇ ਜਾ ਰਹੇ ਹਨ। ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਨੂੰ ਆਦੇਸ਼ ਦੇ ਕੇ ਸਫਾਈ ਪੰਦਰਵਾੜੇ ਮਨਾਏ ਜਾ ਰਹੇ ਹਨ ਅਤੇ ਹੋਰ ਸਫਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਮੁਹਿੰਮਾਂ ਦੌਰਾਨ ਮੰਤਰੀ ਅਤੇ ਉਚ ਅਧਿਕਾਰੀ ਖੁਦ ਝਾੜੂ ਫੜ ਕੇ ਸਫਾਈ ਕਰਦੇ ਵਿਖਾਈ ਦਿੰਦੇ ਹਨ, ਪਰ ਮੇਰੇ ਮੁਤਾਬਕ ਇਹ ਮੁਹਿੰਮਾਂ ਗਲ ਪਿਆ ਢੋਲ ਵਜਾਉਣ ਤੋਂ ਵੱਧ ਕੁਝ ਨਹੀਂ ਹੁੰਦੀਆਂ। ਇਹ ਮੁਹਿੰਮਾਂ ਉਚ ਪੱਧਰ ‘ਤੇ ਰਿਪੋਰਟਾਂ ਭੇਜਣ ਤੱਕ ਸੀਮਿਤ ਹੁੰਦੀਆਂ ਹਨ। ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ, ਐਸ ਐਸ ਪੀਜ਼ ਜਾਂ ਹੋਰ ਉਚ ਅਧਿਕਾਰੀਆਂ ਤੇ ਮੰਤਰੀਆਂ ਦੇ ਹੱਥਾਂ ਵਿੱਚ ਝਾੜੂ ਫੜੀਆਂ ਤਸਵੀਰਾਂ ਵੇਖਦਿਆਂ ਤੇ ਖਬਰਾਂ ਪੜ੍ਹਦਿਆਂ ਲੋਕ ਹੱਸਦੇ ਹਨ। ਆਮ ਲੋਕ ਇਨ੍ਹਾਂ ਖਬਰਾਂ ਤੇ ਤਸਵੀਰਾਂ ਦੇ ਬਨਾਵਟੀਪਣ ਤੋਂ ਚੰਗੀ ਤਰ੍ਹਾਂ ਜਾਣੀ ਹਨ।
ਅਸਲ ਵਿੱਚ ਰੌਲਾ ਇਹ ਹੈ ਕਿ ਜਿੰਨਾ ਚਿਰ ਅਸੀਂ ਬਨਾਵਟੀਪਣ ਤੋਂ ਬਾਹਰ ਨਿਕਲ ਕੇ ਧੁਰ ਅੰਦਰੋਂ ਸਫਾਈ ਪਸੰਦ ਨਹੀਂ ਹੁੰਦੇ ਉਦੋਂ ਤੱਕ ਸਵੱਛਤਾ ਦਾ ਸੁਪਨਾ ਸਾਕਾਰ ਹੋਣ ਦੀ ਗੱਲ ਕਰਨਾ ਹਨੇਰੇ ਵਿੱਚ ਤੀਰ ਮਾਰਨ ਸਮਾਨ ਹੈ। ਮਾਨਸਿਕ ਸਵੱਛਤਾ ਦੀ ਤਾਂ ਗੱਲ ਛੱਡੋ ਅਸੀਂ ਹਾਲੇ ਤੱਕ ਚੌਗਿਰਦੇ ਦੀ ਸਫਾਈ ਪ੍ਰਤੀ ਵੀ ਧੁਰ ਅੰਦਰੋਂ ਤਿਆਰ ਨਹੀਂ ਹਾਂ। ਕਈ ਵਾਰ ਲੋਕਾਂ ਦੀਆਂ ਹਰਕਤਾਂ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਸਵੱਛਤਾ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਹੋਵੇ। ਗੰਦ ਫੈਲਾ ਕੇ ਸਾਡੇ ਅਵਾਮ ਨੂੰ ਪਤਾ ਨਹੀਂ ਕਿਉਂ ਸਕੂਨ ਮਿਲਦਾ ਹੈ? ਸਫਾਈ ਕਰਮਚਾਰੀਆਂ ਦੀ ਹੋਂਦ ਸਾਡੀ ਸਫਾਈ ਪਸੰਦ ਸੋਚ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਜੇ ਆਪਾਂ ਸਾਰੇ ਸਫਾਈ ਪਸੰਦ ਹੋਈਏ ਤਾਂ ਫਿਰ ਗੰਦ ਆਏਗਾ ਕਿੱਥੋਂ? ਅਸੀਂ ਖੁਦ ਸਫਾਈ ਰੱਖਣ ਦੀ ਬਜਾਏ ਪਹਿਲਾਂ ਗੰਦ ਫੈਲਾਉਂਦੇ ਹਾਂ ਤੇ ਫਿਰ ਉਸ ਗੰਦ ਤੋਂ ਮੁਕਤੀ ਲਈ ਸਰਕਾਰਾਂ ਤੋਂ ਮੰਗ ਕਰਦੇ ਹਾਂ। ਸੜਕਾਂ ਅਤੇ ਜਨਤਕ ਥਾਵਾਂ ‘ਤੇ ਗੰਦਗੀ ਫੈਲਾਉਂਦਿਆਂ ਸਾਨੂੰ ਕੋਈ ਸੰਕੋਚ ਨਹੀਂ ਆਉਂਦਾ। ਸਾਡੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਵਾਰਡ ਤੇ ਉਸ ਦੇ ਕਮਰਿਆਂ ਦੇ ਸਾਹਮਣੇ ਹਸਪਤਾਲ ਪ੍ਰਸ਼ਾਸਨ ਵੱਲੋਂ ਘਾਹ ਲਗਾ ਕੇ ਸੋਹਣੇ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਤਾਂ ਕਿ ਮਰੀਜ਼ਾਂ ਨਾਲ ਜਾ ਫਿਰ ਗਾਹੇ ਵਗਾਹੇ ਮਰੀਜ਼ਾਂ ਕੋਲ ਆਉਣ ਵਾਲੇ ਲੋਕ ਇਥੇ ਬੈਠ ਕੇ ਖਾਣਾ ਵਗੈਰਾ ਖਾ ਸਕਣ ਅਤੇ ਆਰਾਮ ਕਰ ਸਕਣ। ਪਰ ਇਕ ਔਰਤ ਉਸ ਪਾਰਕ ਵਿੱਚ ਆਪਣੇ ਬੱਚੇ ਨੂੰ ਲੈਟਰੀਨ ਕਰਵਾ ਰਹੀ ਸੀ। ਬਾਅਦ ਵਿੱਚ ਉਸ ਨੇ ਉਥੋਂ ਗੰਦਗੀ ਹਟਾਉਣ ਦੀ ਜ਼ਰੂਰਤ ਨਹੀਂ ਸਮਝੀ, ਜਦੋਂ ਕਿ ਇਥੇ ਨਾਲ ਕਾਫੀ ਸਾਰੇ ਪਖਾਨੇ ਬਣੇ ਹੋਏ ਹਨ। ਦੂਜੀ ਤਰਫ ਬਾਹਰਲੇ ਦੇਸ਼ਾਂ ਵਿੱਚ ਜੇ ਸੈਰ ਦੌਰਾਨ ਕਿਸੇ ਦਾ ਕੁੱਤਾ ਜਾਂ ਕੋਈ ਹੋਰ ਪਾਲਤੂ ਜਾਨਵਰ ਸੜਕ ਜਾਂ ਕਿਸੇ ਹੋਰ ਜਨਤਕ ਥਾਂ ‘ਤੇ ਗੰਦਗੀ ਫੈਲਾਉਂਦਾ ਹੈ ਤਾਂ ਉਸ ਨੂੰ ਉਥੋਂ ਹਟਾਉਣਾ ਮਾਲਕ ਦੀ ਜ਼ਿੰਮੇਵਾਰੀ ਹੈ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਨਿਰਸੰਕੋਚ ਹੋ ਕੇ ਨਿਭਾਉਂਦੇ ਹਨ। ਅਸੀਂ ਬੜੇ ਆਰਾਮ ਨਾਲ ਖੁੱਲ੍ਹੇ ਵਿੱਚ ਘਰਾਂ ਦਾ ਕੂੜਾ ਕਰਕਟ ਸੁੱਟ ਕੇ ਘਰ ਦੀ ਸਫਾਈ ਕਰ ਲੈਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਇਕੱਲੇ ਆਪਣੇ ਘਰ ਸਫਾਈ ਨਾਲ ਕਿਵੇਂ ਸਰੇਗਾ। ਇਹ ਫਰਕ ਹੈ ਸਫਾਈ ਪ੍ਰਤੀ ਸਾਡੀ ਅਤੇ ਵਿਕਸਤ ਮੁਲਕਾਂ ਦੇ ਲੋਕਾਂ ਦੀ ਸੋਚ ਵਿੱਚ।
ਸਵੱਛਤਾ ਮੁਹਿੰਮ ਆਪਣੇ ਤਿੰਨ ਸਾਲਾਂ ਦੇ ਸਫਰ ਦੌਰਾਨ ਕੋਈ ਮਾਅਰਕਾ ਮਾਰਦੀ ਨਜ਼ਰ ਨਹੀਂ ਆ ਰਹੀ। ਅੱਜ ਵੀ ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਬਦਬੂ ਮਾਰਦੇ ਗੰਦਗੀ ਦੇ ਢੇਰ ਆਮ ਵੇਖਣ ਵਿੱਚ ਆਉਂਦੇ ਹਨ। ਅੱਜ ਵੀ ਖੁੱਲ੍ਹੇ ਹਾਜ਼ਤ ਕਰਨ ਵਾਲੇ ਲੋਕਾਂ ਦੀ ਪੈੜ ਨੱਪਣੀ ਪੈ ਰਹੀ ਹੈ। ਅੱਜ ਵੀ ਅਸੀਂ ਸਫਾਈ ਨੂੰ ਆਪਣੀ ਆਦਤ ਨਹੀਂ ਬਣਾ ਸਕੇ। ਪਤਾ ਨਹੀਂ ਕਿਉਂ ਚੌਗਿਰਦੇ ਦੀ ਸਫਾਈ ਸਾਡੇ ਲਈ ਮਜਬੂਰੀ ਤੋਂ ਵੱਧ ਕੁਝ ਨਹੀਂ ਬਣ ਰਹੀ? ਪਤਾ ਨਹੀਂ ਕਿਉਂ ਜਨਤਕ ਥਾਵਾਂ ਦੀ ਸਫਾਈ ਰੱਖਦਿਆਂ ਸਾਨੂੰ ਅੱਜ ਵੀ ਸ਼ਰਮ ਮਹਿਸੂਸ ਹੁੰਦੀ ਹੈ? ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੰਦੇ ਚੌਗਿਰਦੇ ਵਿੱਚ ਸਰੀਰਿਕ ਸਫਾਈ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ। ਆਓ ਸਾਰੇ ਰਲ ਮਿਲ ਕੇ ਸਵੱਛ ਚੌਗਿਰਦੇ ਲਈ ਹੰਭਲਾ ਮਾਰੀਏ ਅਤੇ ਸਫਾਈ ਪਸੰਦ ਆਦਤਾਂ ਨੂੰ ਆਪਣੇ ਖੂਨ ਵਿੱਚ ਸਮੋਈਏ। ਜਦੋਂ ਅਸੀਂ ਸਵੱਛਤਾ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਲਵਾਂਗੇ ਤਾਂ ਇਨ੍ਹਾਂ ਸਵੱਛਤਾ ਮੁਹਿੰਮਾਂ ਦੀ ਕੋਈ ਜ਼ਰੂਰਤ ਨਹੀਂ ਰਹੇਗੀ।