ਸਾਡੀ ਵਿਵਸਥਾ ਹੀ ਬਣਾਉਂਦੀ ਹੈ ‘ਵਿੱਕੀ ਗੌਂਡਰ’


-ਪ੍ਰੋਫੈਸਰ ਹੀਰਾ ਸਿੰਘ
ਪਿਛਲੇ ਮਹੀਨੇ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਵਿੱਕੀ ਗੌਂਡਰ ਦੀਆਂ ਰੋਜ਼ ਅਖਬਾਰਾਂ ਵਿੱਚ ਖਬਰਾਂ ਆ ਰਹੀਆਂ ਹਨ। ਇਹ ਵਿੱਕੀ ਗੌਂਡਰ ਕੌਣ ਹੈ? ਕੋਈ ਬੇਗਾਨਾ ਨਹੀਂ, ਸਾਡੇ ਤੁਹਾਡੇ ਧੀਆਂ ਪੁੱਤਰਾਂ ਵਿੱਚੋਂ ਇਕ ਸੀ। ਜ਼ਿਲਾ ਮੁਕਤਸਰ ਦੇ ਪਿੰਜ ਸਰਾਵਾਂ ਬੋਦਲਾ ਦਾ ਵਸਨੀਕ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ 28 ਸਾਲ ਦੀ ਜਵਾਨ ਉਮਰ ਵਿੱਚ ਮਾਰਿਆ ਗਿਆ। ਸਰਕਾਰ ਦੀਆਂ ਰਿਪੋਰਟਾਂ ਨੂੰ ਸਹੀ ਮੰਨੀਏ ਤਾਂ ਇਸ ਵੇਲੇ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਇਸ ਜੀਵਨ ਦੀ ਸਹੀ ਤੋਰ ਤੋਂ ਭਟਕ ਕੇ ਗੈਂਗਸਟਰਾਂ ਦਾ ਜੀਵਨ ਜੀਅ ਰਹੇ ਹਨ। ਸਿੱਧੇ ਸਾਦੇ ਨੌਜਵਾਨ ਪੜ੍ਹਨ ਦੀ ਉਮਰੇ ਅਜਿਹੇ ਪੁੱਠੇ ਕਾਰਿਆਂ ਵਿੱਚ ਕਿਉਂ ਫਸ ਜਾਂਦੇ ਹਨ, ਜੋ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਦੇ ਹਨ।
ਮੈਨੂੰ ਚਾਰ ਕਾਰਨ ਅਜਿਹੇ ਲੱਗਦੇ ਹਨ, ਜਿਹੜੇ ਨੌਜਵਾਨਾਂ ਨੂੰ ਗਲਤ ਰਸਤਿਆਂ ‘ਤੇ ਪਾਉਂਦੇ ਹਨ। ਸਭ ਤੋਂ ਪਹਿਲਾ ਤੇ ਵੱਡਾ ਕਾਰਨ ਸਾਡੇ ਰਾਜਨੀਤਕ ਲੀਡਰ ਹਨ। ਇਕ ਲੀਡਰ (ਵਿਸ਼ੇਸ਼ ਤੌਰ ‘ਤੇ ਵਿਧਾਇਕ) ਅਤੇ ਉਸ ਦੇ ਇਲਾਕੇ ਵਿੱਚ ਰਹਿਣ ਵਾਲੇ ਉਸ ਦੇ ਨੇੜਲੇ ਆਦਮੀਆਂ ਨਾਲ ਅਜਿਹੇ ਨੌਜਵਾਨ ਜੁੜ ਜਾਂਦੇ ਹਨ, ਜੋ ਨਾਜਾਇਜ਼ ਕਬਜ਼ੇ ਕਰਨ ਤੇ ਇਲਾਕੇ ਵਿੱਚ ਹੁੰਦੇ ਝਗੜਿਆਂ ਵਿੱਚ ਘੜੰਮ ਚੌਧਰੀ ਬਣਨ ਦੀ ਲਾਲਸਾ ਰੱਖਦੇ ਹਨ। ਇਹ ਛੋਟੇ-ਛੋਟੇ ਲੀਡਰ ਫਿਰ ਵੱਡੇ ਲੀਡਰ ਦੀ ਹਮਾਇਤ ਤੇ ਪੁਲਸ ਦੀ ਮਦਦ ਨਾਲ ਆਪਣੀ ਚੱਕਵੀਂ ਕਿਸਮ ਦੀ ਲੀਡਰੀ ਕਰਨ ਲੱਗਦੇ ਹਨ। ਕਿਉਂਕਿ ਲੀਡਰ ਅਤੇ ਉਸ ਦੇ ਆਦਮੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਹਰ ਚੋਣ ਵਿੱਚ ਜਾਇਜ਼ ਨਾਜਾਇਜ਼ ਕੰਮਾਂ ਲਈ ਵਰਤਣਾ ਹੁੰਦਾ ਹੈ, ਇਸ ਲਈ ਉਹ ਇਨ੍ਹਾਂ ਨੌਜਵਾਨਾਂ ਦੀ ਹਮਾਇਤ ਕਰਦੇ ਹਨ। ਇਸ ਹਮਾਇਤ ਸਦਕਾ ਪੁਲਸ ਇਨ੍ਹਾਂ ਦੇ ਕੰਮਾਂ ਤੋਂ ਅੱਖਾਂ ਮੀਟ ਲੈਂਦੀ ਹੈ। ਅਕਸਰ ਇਹ ਨੌਜਵਾਨ ਨਸ਼ੇੜੀ ਕਿਸਮ ਦੇ ਹੁੰਦੇ ਹਨ। ਮੁਫਤ ਵਿੱਚ ਮਿਲਦੇ ਨਸ਼ਿਆਂ ਨਾਲ ਇਹ ਆਪਣੇ ਜੋਟੀਦਾਰਾਂ ਵਿੱਚ ਵਾਧਾ ਕਰਦੇ ਹਨ। ਜਦੋਂ ਮਹਿੰਗੇ ਨਸ਼ਿਆਂ ਦੀ ਪੂਰਤੀ ਵਿੱਚ ਕਮੀ ਆਉਂਦੀ ਹੈ ਤਾਂ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦੇ ਹਨ। ਇਨ੍ਹਾਂ ਨੂੰ ਸੁਚੇਤ ਹੋਣਾਂ ਚਾਹੀਦਾ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੇ ਲੀਡਰ ਉਨ੍ਹਾਂ ਦਾ ਭਲਾ ਨਹੀਂ ਕਰ ਰਹੇ। ਜਦੋਂ ਤੁਸੀਂ ਲੀਡਰਾਂ ਦੇ ਕਹਿਣੇ ਵਿੱਚ ਨਾ ਰਹੇ ਜਾਂ ਉਨ੍ਹਾਂ ਦੇ ਕੰਮ ਦੇ ਨਾ ਰਹੇ, ਤੁਹਾਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
ਦੂਸਰਾ ਵੱਡਾ ਕਾਰਨ ਬੇਰੁਜ਼ਗਾਰੀ ਹੈ। ਹਰ ਥਾਂ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਪਹਿਲੀਆਂ ਸਰਕਾਰਾਂ ਆਪਣੇ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਬਾਰੇ ਸੋਚਦੀਆਂ ਸਨ। ਅੱਜ ਦੀਆਂ ਸਰਕਾਰਾਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਦੇਸ਼ ਦੇ ਕੁਦਰਤੀ ਸਰੋਤ ਵੇਚ ਰਹੀਆਂ ਹਨ। ਨੌਜਵਾਨਾਂ ਦੇ ਭਲੇ ਲਈ ਕੋਈ ਸਕੀਮ ਨਹੀਂ, ਜੇ ਸਕੀਮ ਹੈ ਤਾਂ ਮੁਫਤ ਫੋਨ, ਮੁਫਤ ਮੋਬਾਈਲ ਡਾਟਾ, ਮੁਫਤ ਯਾਤਰਾ ਆਦਿ। ਰੁਜ਼ਗਾਰ ‘ਤੇ ਲੱਗਾ ਨੌਜਵਾਨ ਗੈਂਗਸਟਰ ਨਹੀਂ ਬਣਦਾ, ਪਰ ਬੇਰੁਜ਼ਗਾਰੀ ਦੀ ਹਾਲਤ ਵਿੱਚ ਗੈਂਗਸਟਰ ਬਣਨ ਦੇ ਬਹੁਤ ਮੌਕੇ ਹੁੰਦੇ ਹਨ।
ਤੀਸਰਾ ਮੁੱਖ ਕਾਰਨ ਪੁਲਸ ਅਤੇ ਜੇਲ੍ਹ ਵਿਭਾਗ ਸਮੇਤ ਸਾਡੀ ਨਿਆਂ ਵਿਵਸਥਾ ਹੈ। ਜਦੋਂ ਕਿਸੇ ਇਲਾਕੇ ਵਿੱਚ ਕੋਈ ਵੱਡਾ ਜੁਰਮ ਹੁੰਦਾ ਹੈ ਤਾਂ ਪੁਲਸ ਨਿਰਪੱਖ ਜਾਂਚ ਕਰਨ ਦੀ ਥਾਂ ਇਲਾਕੇ ਦੇ ਰਾਜਨੀਤਕ ਲੀਡਰਾਂ ਦੀ ਰਾਏ ਲੈਣ ਲੱਗਦੀ ਹੈ। ਜੇ ਲੀਡਰ ਇਸ਼ਾਰਾ ਕਰ ਦੇਣ ਤਾਂ ਪੁਲਸ ਗੁਨਾਹਗਾਰ ਨੂੰ ਬਚਾਉਣ ਲੱਗ ਜਾਂਦੀ ਹੈ। ਜੇ ਲੀਡਰ ਦਾ ਹੁਕਮ ਨਹੀਂ ਤਾਂ ਪੁਲਸ ਪੈਸਾ ਬਣਾਉਣ ਲੱਗ ਜਾਂਦੀ ਹੈ। ਸਾਡੀ ਨਿਆਂ ਵਿਵਸਥਾ ਅਜਿਹੀ ਹੈ ਕਿ ਜੇ ਪੈਸਾ ਹੋਵੇ ਤਾਂ ਅਦਾਲਤਾਂ ਦੋਸ਼ੀ ਨੂੰ ਫਾਂਸੀ ਤੋਂ ਵੀ ਉਤਾਰ ਲੈਂਦੀਆਂ ਹਨ, ਪਰ ਜੇ ਪੈਸਾ ਨਹੀਂ ਤਾਂ ਅੱਧੀ ਬੋਤਲ ਦੇਸੀ ਸ਼ਰਾਬ ਦੇ ਜੁਰਮ ਵਿੱਚ ਵੀ ਛੇ ਮਹੀਨੇ ਜੇਲ੍ਹ ਵਿੱਚ ਬੰਦ ਰਹਿ ਸਕਦੇ ਹੋ। ਜੇ ਕਿਸੇ ਦੋਸ਼ੀ ਨੂੰ ਜੇਲ੍ਹ ਜਾਣਾ ਵੀ ਪਵੇ ਤਾਂ ਜੇਲ੍ਹ ਪੱਕੇ ਮੁਜਰਿਮਾਂ ਲਈ ਆਰਾਮ ਦਾਇਕ ਅੱਡਾ ਹੁੰਦੀ ਹੈ। ਉਥੇ ਵੱਡੇ ਮੁਜਰਿਮਾਂ ਦਾ ਰਾਜ ਚੱਲਦਾ ਹੈ। ਪਿਛਲੇ ਦਿਨਾਂ ਵਿੱਚ ਕਈ ਗੈਂਗਸਟਰ ਜੇਲ੍ਹਾਂ ਵਿੱਚੋਂ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹੇ ਹਨ। ਅੱਜ ਮੋਬਾਈਲ ਇੰਟਰਨੈਟ ਸੇਵਾਵਾਂ ਨੇ ਜੇਲ੍ਹਾਂ ਦੀਆਂ ਦੀਵਾਰਾਂ ਦੀ ਉਚਾਈ ਨੂੰ ਬੇਕਾਰ ਕਰ ਦਿੱਤਾ ਹੈ। ਕਾਨੂੰਨ ਦੀਆਂ ਚੋਰ ਮੋਰੀਆਂ ਛੋਟੇ ਮੋਟੇ ਕੇਸਾਂ ਵਿੱਚ ਫਸੇ ਨੌਜਵਾਨਾਂ ਨੂੰ ਵੱਡੇ ਜੁਰਮ ਕਰਨ ਨੂੰ ਉਕਸਾਉਂਦੀਆਂ ਹਨ। ਪੰਜ-ਪੰਜ, ਛੇ-ਛੇ ਕੇਸ ਪੈਣ ‘ਤੇ ਵੀ ਮੁਜਰਿਮਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਹਨ। ਕੇਸ ਸਾਲਾਂ ਦੇ ਸਾਲ ਸੁਸਤ ਚਾਲ ਚੱਲਦੇ ਹਨ। ਮੁਜਰਿਮ ਬਾਹਰ ਆ ਕੇ ਹੋਰ ਵਾਰਦਾਤਾਂ ਕਰਦੇ ਰਹਿੰਦੇ ਹਨ।
ਚੌਥਾ ਅਤੇ ਸਭ ਤੋਂ ਅਹਿਮ ਨੁਕਤਾ ਜੋ ਨੌਜਵਾਨਾਂ ਵਿੱਚ ਗੈਂਗਸਟਰ ਬਣਨ ਦੀ ਰੁਚੀ ਪੈਦਾ ਕਰਦਾ ਹੈ, ਉਹ ਹੈ ਸਾਡਾ ਮਨੋਰੰਜਨ ਮੀਡੀਆ। ਟੀ ਵੀ ਉਪਰ ਚੱਲਦੇ ਗੀਤਾਂ, ਵਿਸ਼ੇਸ਼ ਕਰਕੇ ਪੰਜਾਬੀ ਗੀਤਾਂ ਵਿੱਚ ਅਜਿਹੇ ਗਾਣਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਨ੍ਹਾਂ ਵਿੱਚ ਹਥਿਆਰਾਂ ਦੀ ਵਰਤੋਂ ਨੂੰ ਨੌਜਵਾਨਾਂ ਵਿੱਚ ਜਵਾਨੀ ਦਾ ਚਿੰਨ੍ਹ ਕਿਹਾ ਜਾਂਦਾ ਹੈ। ਬਹੁਤ ਸਾਰੇ ਗੀਤਾਂ ਵਿੱਚ ਨੌਜਵਾਨ ਕੁੜੀਆਂ ਅਤੇ ਜ਼ਮੀਨਾਂ ਉਤੇ ਹਥਿਆਰਾਂ ਦੇ ਜ਼ੋਰ ਨਾਲ ਸਫਲ ਕਬਜ਼ੇ ਹੁੰਦੇ ਵਿਖਾਏ ਜਾਂਦੇ ਹਨ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਕਾਰਨ ਗਲਤ ਰਸਤੇ ਪਏ ਨੌਜਵਾਨਾਂ ਨੂੰ ਪੁਲਸ ਮੁਕਾਬਲਿਆਂ ਵਿੱਚ ਮਾਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ। ਮੌਤ ਨਾਲ ਖੇਡ ਰਹੇ ਇਨ੍ਹਾਂ ਗੈਂਗਸਟਰਾਂ ਨੂੰ ਸਿੱਧੇ ਰਾਹ ਲਿਆਉਣ ਦੇ ਨਾਲ ਸਾਨੂੰ ਆਪਣੀ ਵਿਵਸਥਾ ਨੂੰ ਬਦਲਣ ਦੀ ਲੋੜ ਹੈ। ਰਾਜਨੀਤੀ ਨੂੰ ਕਿੱਤੇ ਨਾਲੋਂ ਸੇਵਾ ਸਮਝਣ ਦੀ ਲੋੜ ਹੈ। ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸਾਕਾਰਾਤਮਕ ਢੰਗ ਵਰਤ ਕੇ ਜਿਵੇਂ ਖੇਡਾਂ/ ਕਲੱਬਾਂ ਦੀਆਂ ਗਤੀਵਿਧੀਆਂ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ। ਸਰਕਾਰੀ ਨੀਤੀਆਂ ਨੂੰ ਲੋਕ ਭਲੇ ਵਾਲੀਆਂ ਬਣਾਉਣ। ਨਸ਼ਿਆਂ ਦੇ ਵਪਾਰ ਨੂੰ ਪਾਕਿਸਤਾਨ ਦੇ ਸਿਰ ਮੜ੍ਹਨ ਦੀ ਥਾਂ ਆਪਣੀ ਕਮੀ ਮੰਨ ਕੇ ਇਸ ਦਾ ਖਾਤਮਾ ਕਰਨ। ਪੁਲਸ ਛੋਟੇ ਜੁਰਮ ਕਰਨ ਵਾਲੇ ਨੌਜਵਾਨਾਂ ‘ਤੇ ਨਕੇਲ ਕੱਸ ਕੇ ਉਨ੍ਹਾਂ ਨੂੰ ਮੁਜਰਿਮ ਬਣਨ ਤੋਂ ਰੋਕੇ। ਨਿਆਂ ਪਾਲਿਕਾ ਨੂੰ ਚਾਹੀਦਾ ਹੈ ਕਿ ਆਦੀ ਮੁਜਰਮਾਂ ਦੀ ਕੈਟਾਗਰੀ ਬਣਾ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਦੇ ਰਾਹ ਬੰਦ ਕਰੇ। ਇੰਜ ਹੀ ਪੰਜਾਬ ਦਾ ਜੇਲ੍ਹ ਵਿਭਾਗ ਵੀ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ।
ਸਭ ਤੋਂ ਜ਼ਰੂਰੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਮ ‘ਤੇ ਅਸ਼ਲੀਲਤਾ, ਨਸ਼ਿਆਂ ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੀਆਂ ਫਿਲਮਾਂ ਅਤੇ ਐਲਬਮਾਂ ਰੋਕਣ ਲਈ ਪੰਜਾਬ ਵਿੱਚ ਸੈਂਸਰ ਬੋਰਡ ਵਰਗੀ ਕਾਨੂੰਨੀ/ ਸੰਵਿਧਾਨਕ ਸੰਸਥਾ ਬਣਾਈ ਜਾਵੇ। ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਗੈਂਗਸਟਰਾਂ ਦੀਆਂ ਖਬਰਾਂ ਨੂੰ ਵਿਸ਼ੇਸ਼ ਪਹਿਲ ਦੇ ਕੇ ਨਾ ਦਿਖਾਉਣ/ ਛਾਪਣ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਕੋਈ ਨੌਜਵਾਨ ਘਰ ਬੈਠਿਆਂ ਗੈਂਗਸਟਰ ਨਹੀਂ ਬਣਦਾ, ਸਾਡੀ ਵਿਵਸਥਾ ਹੀ ਅਜਿਹਾ ਮਾਹੌਲ ਪੈਦਾ ਕਰਦੀ ਹੈ ਕਿ ਸਾਡੇ ਨੌਜਵਾਨ ‘ਵਿੱਕੀ ਗੌਂਡਰ’ ਬਣਨ ਲਈ ਮਜਬੂਰ ਹੁੰਦੇ ਹਨ। ਇਨ੍ਹਾਂ ਦੀ ਅਥਾਹ ਸ਼ਕਤੀ ਨੂੰ ਸਾਕਾਰਾਤਮਕ ਰੂਪ ਵਿੱਚ ਵਰਤਣ ਦੀ ਲੋੜ ਹੈ। ਰਾਜਸੀ ਇੱਛਾ ਤੋਂ ਬਿਨਾਂ ਕੋਈ ਗੈਂਗਸਟਰ ਗਰੁੱਪ ਬਣ/ ਚੱਲ ਨਹੀਂ ਸਕਦਾ।