ਸਾਊ ਕੁੜੀਆਂ

-ਬੀਬਾ ਬਲਵੰਤ

ਸਾਊ ਕੁੜੀਆਂ
ਆਪਣੇ ਹੀ ਅੱਥਰੂਆਂ ਵਿੱਚ
ਖੁਰ ਜਾਂਦੀਆਂ ਨੇ।

ਆਪਣੇ ਪਿਆਰ ਨੂੰ
ਪੈਰਾਂ ਹੇਠ ਮਧੋਲ ਕੇ
ਉਮਰ ਦੇ ਪਿਆਲੇ ‘ਚ ਜ਼ਹਿਰ ਘੋਲ ਕੇ
ਆਪਣੇ ਬਾਬਲ ਦੀ ਸਹੇੜ ਨਾਲ
ਡੁਸ-ਡੁਸ ਕਰਦੀਆਂ ਤੁਰ ਜਾਂਦੀਆਂ
ਸਾਊ ਕੁੜੀਆਂ
ਆਪਣੇ ਹੀ ਹੰਝੂਆਂ ‘ਚ ਖੁਰ ਜਾਂਦੀਆਂ।

ਸਾਊ ਕੁੜੀਆਂ
ਪਿਓ, ਭਰਾ, ਪਤੀ ਦੇ
ਸਾਏ ‘ਚ ਹੀ ਜਿਊਂਦੀਆਂ ਮਰਦੀਆਂ
ਰੌਸ਼ਨੀ ਦੀ ਨਿੱਕੀ ਜਿਹੀ
ਕਿਰਨ ਤੋਂ ਵੀ ਡਰਦੀਆਂ।

ਸਾਊ ਕੁੜੀਆਂ
ਬੁੱਲ੍ਹ ਘੁੱਟ-ਘੁੱਟ ਹੱਸਦੀਆਂ
ਉਜੜਨ ਦੇ ਡਰੋਂ ਡਰ ਡਰ ਵਸਦੀਆਂ
ਬੇਗਾਨੇ ਘਰਾਂ ਵਿੱਚ
ਮਨ ਦੀ ਉਡਾਰੀ ਘੁੱਟ ਕੇ ਆਪਣੇ ਪਰਾਂ ਵਿੱਚ।

ਸਾਊ ਕੁੜੀਆਂ
ਮਨ ਦੇ ਜ਼ਖਮ ਲੁਕਾਉਂਦੀਆਂ
ਤਨਾਂ ਨੂੰ ਰੇਸ਼ਮੀ ਵਸਤਰਾਂ ਨਾਲ ਸਜਾਉਂਦੀਆਂ
ਝੂਠਾ ਮੂਠਾ ਜੀਅ ਪਰਚਾਉਂਦੀਆਂ।

ਸਾਊ ਕੁੜੀਆਂ
ਉਚਾ ਨਹੀਂ ਬੋਲਦੀਆਂ
ਦਿਲ ਦੇ ਭੇਤ ਨਹੀਂ ਖੋਲ੍ਹਦੀਆਂ
ਤਪਦੀ ਭੱਠੀ ‘ਤੇ ਪਈ ਕੜਾਹੀ ਦੀ
ਤੱਤੀ ਰੇਤ ‘ਚ
ਆਪਣੇ ਆਪ ਨੂੰ ਰੋਲਦੀਆਂ।

ਸਾਊ ਕੁੜੀਆਂ
ਪਿਓ ਦੀ ਪੱਗ ਬਚਾਉਂਦੀਆਂ ਬਚਾਉਂਦੀਆਂ
ਹੋ ਜਾਂਦੀਆਂ ਤਬਾਹ
ਭਟਕਦੀਆਂ ਫਿਰਦੀਆਂ
ਜਿਵੇਂ ਸਿਵਿਆਂ ਦੀ ਉਡਦੀ ਸੁਆਹ।

ਸਾਊ ਕੁੜੀਆਂ ਦਾ
ਪੇਕਾ ਜਾਂ ਸਹੁਰਾ ਘਰ ਹੁੰਦਾ ਹੈ
ਬੇਗਾਨਾ ਦਰ ਹੁੰਦਾ ਹੈ।

ਸਾਊ ਕੁੜੀਓ!
ਕਦੋਂ ਆਪਣੀਆਂ ਅੱਖਾਂ ‘ਚ ਵਸਦੇ
ਸੁਪਨਿਆਂ ਨੂੰ
ਧਰਤੀ ‘ਤੇ ਲਿਆਉਣਾ ਹੈ?
ਮੱਥੇ ਦੀ ਜੋਤ ਨੂੰ
ਕਦੋਂ ਜਗਾਉਣਾ ਹੈ??
ਆਪਣਾ ਘਰ ਕਦੋਂ ਬਣਾਉਣਾ ਹੈ???