ਸਾਊਦੀ ਅਰਬ ਵਿੱਚ 11 ਪ੍ਰਿੰਸ ਗ੍ਰਿਫਤਾਰ, ਕਈ ਮੌਜੂਦਾ ਤੇ ਸਾਬਕਾ ਮੰਤਰੀ ਵੀ ਫੜੇ ਗਏ

ਅਰਬਪਤੀ ਸ਼ਹਿਜ਼ਾਦਾ ਅਲ-ਵਲੀਦ ਬਿਨ ਤਲਾਲ

* ਯੁਵਰਾਜ ਨੇ ਗੱਦੀ ਦਾ ਦਾਅਵੇਦਾਰ ਅਬਦੁੱਲਾ ਵੀ ਖੂੰਜੇ ਲਾਇਆ
ਰਿਆਧ, 5 ਨਵੰਬਰ, (ਪੋਸਟ ਬਿਊਰੋ)- ਸਾਊਦੀ ਅਰਬ ਵਿੱਚ 11 ਸ਼ਹਿਜ਼ਾਦਿਆਂ ਦੇ ਨਾਲ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਉੱਘਾ ਅਰਬਪਤੀ ਸ਼ਹਿਜ਼ਾਦਾ ਅਲ-ਵਲੀਦ ਬਿਨ ਤਲਾਲ ਵੀ ਸ਼ਾਮਲ ਹੈ। ਮਿਲੀਆਂ ਰਿਪੋਰਟਾਂ ਮੁਤਾਬਕ ਨੌਜਵਾਨ ਦੇਸ਼ ਦੇ ਯੁਵਰਾਜ (ਕਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਨੇ ਇਸ ਕਾਰਵਾਈ ਨਾਲ ਖਾੜੀ ਦੇ ਇਸ ਪ੍ਰਮੁੱਖ ਦੇਸ਼ ਦੀ ਰਾਜ-ਸੱਤਾ ਉੱਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਸਾਊਦੀ ਨੈਸ਼ਨਲ ਗਾਰਡ ਦੇ ਮੁਖੀ ਮਿਤੇਬ ਬਿਨ ਅਬਦੁੱਲਾ, ਜਿਸ ਨੂੰ ਗੱਦੀ ਦਾ ਦਾਅਵੇਦਾਰ ਸਮਝਿਆ ਜਾਂਦਾ ਸੀ, ਨੂੰ ਸਮੁੰਦਰੀ ਫੌਜ ਦੇ ਮੁਖੀ ਵਜੋਂ ਹਟਾਉਣ ਦੇ ਨਾਲ ਆਰਥਿਕ ਮੰਤਰੀ ਨੂੰ ਵੀ ਹਟਾ ਦਿੱਤਾ ਗਿਆ ਹੈ।
ਇਸ ਵਕਤ ਸਾਊਦੀ ਅਰਬ ਦੀ ਰਾਜ ਸੱਤਾ ਦੀ ਅਗਵਾਈ ਕਰ ਰਹੇ ਯੁਵਰਾਜ ਸਲਮਾਨ ਦੀ ਅਗਵਾਈ ਹੇਠ ਕੱਲ੍ਹ ਇੱਕ ਸ਼ਾਹੀ ਫੁਰਮਾਨ ਨਾਲ ਨਵੇਂ ਬਣਾਏ ਗਏ ਭ੍ਰਿਸ਼ਟਾਚਾਰ ਵਿਰੋਧੀ ਨਵੇਂ ਕਮਿਸ਼ਨ ਨੇ ਫੌਰੀ ਕਾਰਵਾਈ ਕੀਤੀ ਅਤੇ ਇਸ ਕਾਰਵਾਈ ਹੇਠ ਹੀ ਗ੍ਰਿਫ਼ਤਾਰੀਆਂ ਹੋਈਆਂ ਹਨ। ਸਾਊਦੀ ਅਰਬ ਦੇ ਸਰਕਾਰੀ ਟੈਲੀਵਿਜ਼ਨ ਅਲ ਅਰੇਬੀਆ ਦੇ ਮੁਤਾਬਕ 11 ਪ੍ਰਿੰਸ (ਸ਼ਹਿਜ਼ਾਦੇ), ਚਾਰ ਮੌਜੂਦਾ ਤੇ ਕੁਝ ਦਰਜਨਾਂ ਸਾਬਕਾ ਮੰਤਰੀ ਅੱਜ ਉਨ੍ਹਾਂ ਵਿਰੁੱਧ ਚੱਲਦੇ ਪੁਰਾਣੇ ਕੇਸਾਂ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਕੇਸਾਂ ਵਿੱਚ ਜੱਦਾਹ ਵਿੱਚ 2009 ਵਿੱਚ ਆਏ ਤਬਾਹਕੁਨ ਹੜ੍ਹਾਂ ਦਾ ਕੇਸ ਵੀ ਹੈ। ਸਾਊਦੀ ਪ੍ਰੈੱਸ ਏਜੰਸੀ ਦੇ ਮੁਤਾਬਕ ਭ੍ਰਿਸ਼ਟਾਚਾਰ ਵਿਰੋਧੀ ਨਵੇਂ ਕਮਿਸ਼ਨ ਦਾ ਮਕਸਦ ਇਸ ਦੇਸ਼ ਦੇ ਲੋਕਾਂ ਦੇ ਪੈਸੇ ਦੀ ਸੰਭਾਲ, ਭ੍ਰਿਸ਼ਟ ਲੋਕਾਂ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣਾ ਹੈ। ਹਵਾਈ ਫੌਜ ਦੇ ਸੂਤਰਾਂ ਨੇ ਇਸ ਦੇਸ਼ ਦੀ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਜੱਦਾਹ ਵਿੱਚ ਪ੍ਰਾਈਵੇਟ ਜੈੱਟ ਜਹਾਜ਼ਾਂ ਨੂੰ ਘੇਰ ਲਿਆ ਹੈ ਤਾਂ ਜੋ ਕਿਸੇ ਵੀ ਮਹੱਤਵ ਪੂਰਨ ਹਸਤੀ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਿਆ ਜਾ ਸਕੇ।
ਇਸ ਕਾਰਵਾਈ ਦੌਰਾਨ ਸਾਊਦੀ ਅਰਬ ਵਿੱਚ ਕਿਸੇ ਸਮੇਂ ਤਖਤ ਦੇ ਦਾਅਵੇਦਾਰ ਮੰਨੇ ਜਾਣ ਵਾਲੇ ਪ੍ਰਿੰਸ ਮੁਤੈਬ ਬਿਨ ਅਬਦੁੱਲਾ ਨੂੰ ਨੈਸ਼ਨਲ ਗਾਰਡ ਦੇ ਮੁਖੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਹੈ। ਸਾਊਦੀ ਅਰਬ ਦੇ ਸ਼ਾਹ ਸਲਮਾਨ ਤੇ ਮੁਤੈਬ ਦੇ ਚਾਚਾ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਉਨ੍ਹਾਂ ਕੋਲੋਂ ਨੈਸ਼ਨਲ ਗਾਰਡ ਦੀ ਕਮਾਨ ਵੀ ਖੋਹ ਲਈ ਹੈ। ਪ੍ਰਿੰਸ ਮੁਤੈਬ ਦੇ ਪਿਤਾ ਸਵਰਗਵਾਸੀ ਸ਼ਾਹ ਅਬਦੁੱਲਾ ਨੇ ਸਾਊਦੀ ਅਰਬ ਨੈਸ਼ਨਲ ਗਾਰਡ ਦੀ ਪੰਜ ਦਹਾਕਿਆਂ ਤੱਕ ਅਗਵਾਈ ਕੀਤੀ ਸੀ। ਉਨ੍ਹਾਂ ਨੇ ਨੈਸ਼ਨਲ ਗਾਰਡ ਨੂੰ ਤਾਕਤਵਰ ਤੇ ਟਰੇਂਡ ਫੋਰਸ ਬਣਾਇਆ ਸੀ, ਜਿਸ ਪਿੱਛੋਂ ਸੱਤਾਧਾਰੀ ਸਾਊਦੀ ਪਰਿਵਾਰ ਅਤੇ ਮੱਕਾ-ਮਦੀਨਾ ਵਿੱਚ ਪਵਿੱਤਰ ਥਾਵਾਂ, ਤੇਲ ਤੇ ਗੈਸ ਵਾਲੇ ਪਲਾਂਟਾਂ ਦੀ ਸੁਰੱਖਿਆ ਦਾ ਜ਼ਿੰਮਾ ਇਸ ਗਾਰਡ ਕੋਲ ਸੀ। ਕਈ ਦਹਾਕਿਆਂ ਤੱਕ ਨੈਸ਼ਨਲ ਗਾਰਡ ਅਸਲ ਵਿੱਚ ਕਿੰਗ ਅਬਦੁੱਲਾ ਲਈ ਫੌਜ ਦੇ ਬਾਹਰ ਇੱਕ ਨਿੱਜੀ ਫੌਜ ਦਾ ਕੰਮ ਕਰਦੀ ਰਹੀ ਹੈ, ਜੋ ਕਿਸੇ ਵੀ ਤਰ੍ਹਾਂ ਦੀ ਬਗਾਵਤ ਦੇ ਸ਼ੱਕ ਨੂੰ ਸ਼ਾਂਤ ਕਰਨ ਦੇ ਸਮਰਥ ਅਤੇ ਤਾਕਤਵਰ ਕਬੀਲਿਆਂ ਨੂੰ ਦੇਸ਼ ਨਾਲ ਜੋੜਨ ਵਿੱਚ ਸਫਲ ਰਹੀ ਸੀ। ਨੈਸ਼ਨਲ ਗਾਰਡ ਵੱਲੋਂ ਮੌਜੂਦਾ ਦੌਰ ਵਿੱਚ ਮਿਲਟਰੀ ਅਕੈਡਮੀ, ਹਾਊਸਿੰਗ ਪ੍ਰੋਜੈਕਟ ਅਤੇ ਹਸਪਤਾਲ ਚਲਾਏ ਜਾਂਦੇ ਹਨ। ਇਸੇ ਦੀ ਮਦਦ ਨਾਲ ਅਮਰੀਕਾ ਦੇ ਮਿਲਟਰੀ ਕਾਨਟ੍ਰੈਕਟਰਜ਼ ਲਈ ਟੈਕਸ ਵੀ ਵਸੂਲਿਆ ਜਾਂਦਾ ਹੈ, ਜੋ ਇਸ ਦੇ ਇਕ ਲੱਖ ਸਰਗਰਮ ਮੈਂਬਰਾਂ ਤੇ ਹੋਰ 27 ਹਜ਼ਾਰ ਵਰਕਰਾਂ ਨੂੰ ਟ੍ਰੇਨਿੰਗ ਦਿੰਦੇ ਹਨ। ਸਾਊਦੀ ਅਰਬ ਦੇ ਮੌਲਾਣਿਆਂ ਦੀ ਹਾਈ ਕੌਂਸਲ ਨੇ ਟਵੀਟ ਕਰਕੇ ਕਿਹਾ ਹੈ ਕਿ ਅਤਿਵਾਦ ਦੇ ਖ਼ਿਲਾਫ਼ ਕਾਰਵਾਈ ਵਾਂਗ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੁਹਿੰਮ ਵੀ ਅਹਿਮ ਹੈ। ਇਸ ਕੌਂਸਲ ਨੂੰ ਓਥੇ ਕਾਫੀ ਵਜ਼ਨ ਦਿੱਤਾ ਜਾਂਦਾ ਹੈ।