ਸਾਊਦੀ ਅਰਬ ਵਿੱਚ ਔਰਤਾਂ ਵੱਲੋਂ ਸਿਨੇਮਾ ਹਾਲ ਜਾ ਕੇ ਫਿਲਮ ਵੇਖਣ ਦੀ ਪਾਬੰਦੀ ਵੀ ਖਤਮ


ਜੇਦਾਹ, 15 ਜਨਵਰੀ (ਪੋਸਟ ਬਿਊਰੋ)- ਸਾਊਦੀ ਅਰਬ ਦੇ ਰੂੜੀਵਾਦੀ ਸਮਾਜ ਵਿਚ ਸੁਧਾਰ ਦਾ ਸਿਲਸਿਲਾ ਅਜੇ ਜਾਰੀ ਹੈ। ਇਸ ਦੇਸ਼ ਵਿੱਚ ਪਹਿਲਾਂ ਔਰਤਾਂ ਨੂੰ ਡਰਾਈਵਿੰਗ ਦਾ ਹੱਕ ਮਿਲਿਆ। ਤਾਜ਼ਾ ਫੈਸਲੇ ਨਾਲ ਏਥੋਂ ਦੇ ਲੋਕ ਹੁਣ ਸਿਨੇਮਾ ਹਾਲ ਜਾ ਕੇ ਫਿਲਮ ਦੇਖ ਸਕਣਗੇ। ਇਸ ਦੀ ਸ਼ੁਰੂਆਤ ਇਸ ਐਤਵਾਰ ‘ਐਨੀਮੇਟਡ ਚਿਲਡਰਨਜ਼’ ਫਿਲਮ ਦੇ ਪ੍ਰਦਰਸ਼ਨ ਨਾਲ ਹੋਈ। ਇਸ ਦੇ ਨਾਲ ਸਾਊਦੀ ਅਰਬ ਵਿੱਚ ਫਿਲਮ ਪ੍ਰਦਰਸ਼ਨ ਉੱਤੇ 35 ਸਾਲਾਂ ਤੋਂ ਲੱਗੀ ਪਾਬੰਦੀ ਖਤਮ ਹੋ ਗਈ। ਫਿਲਮ ਪ੍ਰਦਰਸ਼ਨ ਉੱਤੇ ਰੋਕ ਕਟੜਪੰਥੀਆਂ ਦੇ ਦਬਾਅ ਦੇ ਕਾਰਨ ਲਾਈ ਗਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਹਫਤੇ ਔਰਤਾਂ ਨੇ ਜੇਦਾਹ ਦੇ ਸਟੇਡੀਅਮ ਵਿੱਚ ਜਾ ਕੇ ਪੁਰਸ਼ਾਂ ਦਾ ਫੁੱਟਬਾਲ ਮੈਚ ਹੁੰਦਾ ਦੇਖਿਆ ਸੀ। ਰਿਆਦ ਵਿਚ ਵੀ ਇੱਕ ਅਜਿਹਾ ਹੀ ਮੈਚ ਹੋਇਆ। ਹੁਣ ਲਾਲ ਸਾਗਰ ਦੇ ਕਿਨਾਰੇ ਵੱਸੇ ਜੇਦਾਹ ਵਿਚ ਅਸਥਾਈ ਸਿਨੇਮਾਘਰ ਬਣਾ ਕੇ ਬੱਚਿਆਂ ਦੀ ਫਿਲਮ ਦਿਖਾਈ ਗਈ ਹੈ। ਸਰਕਾਰ ਵਲੋਂ ਇੱਥੇ ਇਕ ਹਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪ੍ਰਾਜੈਕਟ ਲੱਗਾ ਹੈ, ਲਾਲ ਕਾਲੀਨ ਵਿਛਿਆ ਤੇ ਪੌਪਕੋਰਨ ਮਸ਼ੀਨ ਲੱਗੀ ਹੈ। ਇਸ ਅਸਥਾਈ ਪ੍ਰਬੰਧ ਨਾਲ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਵਿਚ ਸਹੂਲਤ ਮੁਤਾਬਕ ਸਿਨੇਮਾ ਹਾਲ ਮਾਰਚ ਤੱਕ ਬਣ ਕੇ ਤਿਆਰ ਹੋ ਜਾਣ ਦੀ ਉਮੀਦ ਹੈ।
ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਸੁਪਨਾ ਲੱਗ ਰਿਹਾ ਹੈ। ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਸੁਧਾਰਵਾਦੀ ਕਦਮਾਂ ਦਾ ਫਾਇਦਾ ਫਿਲਮ ਪਸੰਦ ਕਰਨ ਵਾਲੀ ਸਾਊਦੀ ਜਨਤਾ ਨੂੰ ਮਿਲੇਗਾ। ਹੁਣ ਤੱਕ ਲੋਕ ਮਨੋਰੰਜਨ ਲਈ ਬਹਿਰੀਨ, ਯੂ ਏ ਈ ਅਤੇ ਹੋਰ ਦੇਸ਼ਾਂ ਨੂੰ ਜਾਇਆ ਕਰਦੇ ਸਨ, ਪਰ ਹੁਣ ਇਨ੍ਹਾਂ ਲੋਕਾਂ ਦੇ ਏਥੇ ਰੁਕਣ ਨਾਲ ਉਨ੍ਹਾਂ ਨੂੰ ਤੇ ਸਰਕਾਰ ਨੂੰ ਦੋਹਾਂ ਨੂੰ ਫਾਇਦਾ ਹੋਵੇਗਾ। ਉਮੀਦ ਹੈ ਕਿ ਸਾਲ 2030 ਤੱਕ ਦੇਸ਼ ਵਿਚ 300 ਸਿਨੇਮਾ ਹਾਲ ਤਿਆਰ ਹੋ ਜਾਣਗੇ, ਜਿਸ ਨਾਲ ਸਰਕਾਰ ਨੂੰ ਅਰਬਾਂ ਰੁਪਏ ਦਾ ਮਾਲੀਆ ਮਿਲੇਗਾ ਅਤੇ ਰੋਜ਼ਗਾਰ ਵੀ ਪੈਦਾ ਹੋਵੇਗਾ।