ਸਾਊਦੀ ਅਰਬ ਦੀ ਸਰਕਾਰ ਨੇ ਤਲਾਕ ਸ਼ੁਦਾ ਔਰਤਾਂ ਨੂੰ ਵੀ ਕੁਝ ਛੋਟਾਂ ਦਿੱਤੀਆਂ


ਰਿਆਦ, 12 ਮਾਰਚ (ਪੋਸਟ ਬਿਊਰੋ)- ਸਾਊਦੀ ਅਰਬ ਦੀ ਸਰਕਾਰ ਹੁਣ ਦੇਸ਼ ਵਿਚ ਔਰਤਾਂ ਦੀ ਮਜ਼ਬੂਤੀ ਲਈ ਵੱਖ-ਵੱਖ ਸੁਧਾਰ ਚਲਾ ਰਹੀ ਹੈ। ਉਸ ਨੇ ਦੇਸ਼ ਦੀਆਂ ਔਰਤਾਂ ਲਈ ਇਕ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਨਾਲ ਦੇਸ਼ ਵਿਚ ਤਲਾਕ ਸ਼ੁਦਾ ਮਾਂ ਨੂੰ ਆਪਣੇ ਬੱਚਿਆਂ ਨੂੰ ਨਾਲ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਜਿਹੇ ਕੇਸ ਵਿਚ ਉਹ ਬੱਚੇ ਆਉਂਦੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਵਿਚਕਾਰ ਕੋਈ ਝਗੜਾ ਨਹੀਂ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਅੱਜ ਸੋਮਵਾਰ ਨੂੰ ਅੰਤਰਰਾਸ਼ਟਰੀ ਸੰਚਾਰ ਕੇਂਦਰ ਨੇ ਕਿਹਾ ਕਿ ਕਾਨੂੰਨੀ ਲੜਾਈ ਲੜ ਕੇ ਆਪਣੇ ਬੱਚਿਆਂ ਦੀ ਕਸਟੱਡੀ ਲਈ ਤਲਾਕ ਸ਼ੁਦਾ ਮਾਂ ਹੁਣ ਸੰਬੰਧਤ ਅਦਾਲਤ ਵਿਚ ਅਰਜ਼ੀ ਦੇ ਸਕਦੀ ਹੈ। ਨਿਆਂ ਮੰਤਰੀ ਅਤੇ ਹਾਈ ਕੌਂਸਲ ਦੇ ਪ੍ਰਧਾਨ ਵੱਲੋਂ ਇਸ ਸਰਕੂਲਰ ਵਿਚ ਨਵੀਂ ਪ੍ਰਕਿਰਿਆ ਦਾ ਜ਼ਿਕਰ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਿਆਂ ਪਾਲਿਕਾ ਦੀ ਹਾਈ ਕੌਂਸਲ ਨੇ ਇਸ ਕੇਸ ਦਾ ਅਧਿਐਨ ਕਰ ਕੇ ਫੈਸਲਾ ਲਿਆ ਹੈ ਕਿ ਮਾਂ ਆਪਣੇ ਬੱਚੇ ਦੀ ਕਸਟੱਡੀ ਲੈਣ ਦੀ ਅਰਜ਼ੀ ਦੇ ਸਕਦੀ ਹੈ। ਸਰਕੂਲਰ ਵਿਚ ਇਹ ਤੈਅ ਹੈ ਕਿ ਮਾਂ ਨੂੰ ਸਰਕਾਰੀ ਦਫਤਰਾਂ, ਦੂਤਘਰ, ਸਿੱਖਿਆ ਦਫਤਰਾਂ ਤੇ ਸੰਸਥਾਵਾਂ ਵਿਚ ਆਪਣੇ ਬੱਚਿਆਂ ਨਾਲ ਸੰਬੰਧਿਤ ਸਾਰੀਆਂ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਦਾ ਅਧਿਕਾਰ ਹੋਵੇਗਾ। ਉਹ ਆਪਣੇ ਬੱਚਿਆਂ ਦੇ ਪਾਸਪੋਰਟ ਲਈ ਅਰਜ਼ੀ ਦੇ ਸਕਦੀ ਹੈ। ਤਲਾਕ ਸ਼ੁਦਾ ਮਾਂਵਾਂ ਬਿਨਾ ਕਿਸੇ ਅਦਾਲਤ ਦੀ ਇਜਾਜ਼ਤ ਦੇ ਦੇਸ਼ ਦੇ ਬਾਹਰ ਆਪਣੇ ਬੱਚਿਆਂ ਨਾਲ ਯਾਤਰਾ ਨਹੀਂ ਕਰ ਸਕਣਗੀਆਂ। ਸਰਕਾਰ ਨੇ ਇਹ ਕਦਮ ਦੇਸ਼ ਦੀ ਸਾਲ 2030 ਸੁਧਾਰ ਪਹਿਲ ਯੋਜਨਾ ਦੇ ਤਹਿਤ ਚੁੱਕਿਆ ਹੈ