ਸਾਊਦੀ ਅਰਬ ਦੀ ਫੌਜੀ ਮੁਹਿੰਮ ਲਈ ਅਮਰੀਕਾ ਵੱਲੋਂ ਮਦਦ ਕਰਨ ਨੂੰ ਪ੍ਰਵਾਨਗੀ ਮਿਲੀ


ਵਾਸ਼ਿੰਗਟਨ, 21 ਮਾਰਚ (ਪੋਸਟ ਬਿਊਰੋ)- ਯਮਨ ਵਿਚ ਚਲਾਈ ਜਾ ਰਹੀ ਸਾਊਦੀ ਅਰਬ ਦੀ ਫੌਜੀ ਮੁਹਿੰਮ ਨੂੰ ਮਦਦ ਦੇਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਅਮਰੀਕੀ ਸੈਨੇਟ ਨੇ ਮੰਨ ਲਿਆ ਹੈ। ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੱਖ ਲੈਂਦੇ ਹੋਏ ਯਮਨ ਵਿਚ ਫੌਜੀ ਮੁਹਿੰਮ ਚਲਾ ਰਹੀ ਸਾਊਦੀ ਫੌਜ ਨੂੰ ਅਮਰੀਕਾ ਦੀ ਫੌਜੀ ਮਦਦ ਜਾਰੀ ਰੱਖਣ ਲਈ ਇਸ ਕੇਸ ਵਿਚ 55-44 ਵੋਟਾਂ ਨਾਲ ਵੋਟਿੰਗ ਕੀਤੀ।
ਵ੍ਹਾਈਟ ਹਾਊਸ ਵਿਚ ਡੋਨਾਲਡ ਟਰੰਪ ਅਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਚਾਲੇ ਹੋਈ ਬੈਠਕ ਵਿੱਚ ਰਾਸ਼ਟਰਪਤੀ ਨੇ ਸਾਊਦੀ ਅਰਬ ਦੇ ਰੱਖਿਆ ਵਿਭਾਗ ਦੀ ਸ਼ਲਾਘਾ ਕੀਤੀ। ਇਕ ਅਖਬਾਰ ਨੇ ਟਰੰਪ ਦੇ ਹਵਾਲੇ ਨਾਲ ਲਿਖਿਆ, ਸਾਊਦੀ ਅਰਬ ਇਕ ਅਮੀਰ ਦੇਸ਼ ਹੈ ਤੇ ਉਹ ਅਮਰੀਕਾ ਨੂੰ ਵੀ ਆਪਣਾ ਕੁੱਝ ਧੰਨ ਦੇਵੇਗਾ, ਆਸ ਕਰਦੇ ਹਾਂ ਕਿ ਉਹ ਚਾਹੇ ਨੌਕਰੀਆਂ ਦੇ ਰੂਪ ਵਿਚ ਹੋਵੇ ਜਾਂ ਫੌਜੀ ਸਾਮਾਨ ਖ੍ਰੀਦਣ ਦੇ ਰੂਪ ਵਿਚ ਹੋਵੇ। ਸੈਨੇਟ ਵਿਚ ਬਹੁਮਤ ਵਾਲੇ ਨੇਤਾ ਮਿਚ ਮੈਕਕੋਨੇ ਨੇ ਪਾਰਲੀਮੈਂਟ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸਾਊਦੀ ਅਰਬ ਤੋਂ ਅਮਰੀਕੀ ਸਮਰਥਨ ਵਾਪਸ ਲੈਣ ਦੀ ਕੋਸ਼ਿਸ਼ ਨੂੰ ਛੱਡ ਦੇਣ, ਕਿਉਂਕਿ ਇਹ ਗਲਤ ਹੋਵੇਗਾ। ਮੈਕਕੋਨੇਲ ਨੇ ਕਿਹਾ ਕਿ ਅਮਰੀਕੀ ਖੁਫੀਆ ਵਿਭਾਗ ਨੇ ਸਾਊਦੀ ਅਰਬ ਨੂੰ ਉਨ੍ਹਾਂ ਦੀ ਹਵਾਈ ਮੁਹਿੰਮ ਵਿਚ ਬਿਹਤਰ ਮਦਦ ਦਿੱਤੀ ਹੈ, ਜਿਸ ਨਾਲ ਬਹੁਤ ਹੀ ਘੱਟ ਨਾਗਰਿਕ ਜ਼ਖਮੀ ਹੋਏ। ਵਰਨਣ ਯੋਗ ਹੈ ਕਿ ਯਮਨ ਵਿਚ ਸਾਊਦੀ ਦੀ ਫੌਜੀ ਮੁਹਿੰਮ ਦੀ ਤੀਜੀ ਵਰ੍ਹੇਗੰਢ ਕੁਝ ਦਿਨਾਂ ਨੂੰ ਆ ਜਾਣੀ ਹੈ ਪਰ ਸ਼ਾਂਤੀ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।